ਚੰਡੀਗੜ੍ਹ : ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਹੁਸ਼ਿਆਰਪੁਰ ਤੋਂ ਸਾਬਕਾ ਵਿਧਾਇਕ ਤੇ ਮੰਤਰੀ ਸੋਹਣ ਸਿੰਘ ਠੰਡਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ। ਸਾਬਕਾ ਮੰਤਰੀ ਸੋਹਣ ਸਿੰਘ ਠੰਢਲ ਭਾਜਪਾ ’ਚ ਸ਼ਾਮਲ ਹੋ ਗਏ ਹਨ।
ਜ਼ਿਮਨੀ ਚੋਣਾਂ ਦੌਰਾਨ ਠੰਡਲ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਸੋਹਣ ਸਿੰਘ ਠੰਡਲ ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਹਨ। ਠੰਡਲ ਵਿਜੇ ਰੁਪਾਣੀ ਦੀ ਮੌਜੂਦਗੀ ‘ਚ ਭਾਜਪਾ ‘ਚ ਹੋਏ ਸ਼ਾਮਲ ਹਨ। ਚੱਬੇਵਾਲ ਸੀਟ ਤੋਂ ਉਨ੍ਹਾਂ ਨੂੰ ਭਾਜਪਾ ਦੇ ਉਮੀਦਵਾਰ ਐਲਾਨਿਆ ਜਾ ਸਕਦਾ ਹੈ।
ਚੱਬੇਵਾਲ ਤੋਂ 4 ਵਾਰ ਰਹੇ ਵਿਧਾਇਕ
ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਚੱਬੇਵਾਲ ਸੀਟ ਤੋਂ 1997 ਤੋਂ 2017 ਤੱਕ ਚਾਰ ਵਾਰ ਵਿਧਾਇਕ ਚੁਣੇ ਗਏ ਸਨ। ਹਾਲਾਂਕਿ ਸਾਲ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਕਾਂਗਰਸੀ ਉਮੀਦਵਾਰ ਡਾ: ਰਾਜ ਕੁਮਾਰ (ਹੁਣ ਆਮ ਆਦਮੀ ਪਾਰਟੀ ਚ) ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਹਾਲਾਂਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਹੁਸ਼ਿਆਰਪੁਰ ਸੀਟ ਤੋਂ ਉਮੀਦਵਾਰ ਬਣਾਇਆ ਸੀ ਪਰ ਇਸ ਵਾਰ ਵੀ ਉਹਨਾਂ ਨੂੰ ਡਾ. ਰਾਜ ਕੁਮਾਰ ਚੱਬੇਵਾਲ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿਕਰਯੋਗ ਹੈ ਕਿ ਸਾਲ 2024 ਦੀ ਚੋਣ ਰਾਜ ਕੁਮਾਰ ਚੱਬੇਵਾਲ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੜੀ ਸੀ।