‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਰੱਦ ਕਰ ਦਿੱਤੀ। ਮੁਹਾਲੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਮਜੀਠੀਆ ਦੀ ਜ਼ਮਾਨਤ ਰੱਦ ਕਰਨ ਤੋਂ ਬਾਅਦ ਉਨ੍ਹਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਜਸਟਿਸ ਲੀਜ਼ਾ ਗਿੱਲ ਨੇ ਦੋ ਵਾਰ ਸੁਣਵਾਈ ਟਾਲਣ ਤੋਂ ਬਾਅਦ ਤੀਜੀ ਵਾਰ ਆਰਜ਼ੀ ਤੌਰ ‘ਤੇ ਰਾਹਤ ਦਿੰਦਿਆਂ ਉਨ੍ਹਾਂ ਨੂੰ ਪੁਲਿਸ ਕੋਲ ਪੇਸ਼ ਹੋਣ ਦੀ ਹਦਾਇਤ ਕੀਤੀ ਸੀ। ਮਜੀਠੀਆ ਦੀ ਪੇਸ਼ਗੀ ਜ਼ਮਾਨਤ ਵਿੱਚ ਅੱਜ ਤੱਕ ਦੇ ਲਈ ਵਾਧਾ ਕੀਤਾ ਗਿਆ ਸੀ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਹਦਾਇਤ ‘ਤੇ ਮਜੀਠੀਆ ਦੋ ਵਾਰ ਪੁਲਿਸ ਅੱਗੇ ਪੇਸ਼ ਹੋਏ। ਅੱਜ ਦੋਹਾਂ ਧਿਰਾਂ ਦੀ ਬਹਿਸ ਹੋਣ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਰੱਦ ਕਰ ਦਿੱਤੀ ਹੈ। ਇਸਦੇ ਨਾਲ ਹੀ ਉਨ੍ਹਾਂ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਵੀ ਲਟਕਣ ਲੱਗੀ ਹੈ। ਦੱਸ ਦੇਈਏ ਕਿ ਮਜੀਠੀਆ ਕੋਲ ਬਚਣ ਲਈ ਹੁਣ ਕੇਵਲ ਸੁਪਰੀਮ ਕੋਰਟ ਦਾ ਰਸਤਾ ਰਹਿ ਗਿਆ ਹੈ। ਇਹ ਵੀ ਦੱਸਣਾ ਰੌਚਕ ਹੋਵੇਗਾ ਕਿ ਮਜੀਠੀਆ ਆਪਣੇ ਪੁਰਾਣੇ ਵਿਧਾਨ ਸਭਾ ਹਲਕੇ ਮਜੀਠਾ ਤੋਂ ਮੈਦਾਨ ਵਿੱਚ ਨਿੱਤਰ ਚੁੱਕੇ ਹਨ। ਨਾਮਜ਼ਦਗੀਆਂ ਕੱਲ੍ਹ ਤੋਂ ਸ਼ੁਰੂ ਹੋਣਗੀਆਂ। ਹਾਈਕੋਰਟ ਦੇ ਝਟਕੇ ਨਾਲ ਮਜੀਠੀਆ ਦੇ ਚੋਣ ਲੜਨ ‘ਤੇ ਵੀ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਚੇਤੇ ਕਰਾਇਆ ਜਾਂਦਾ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਐੱਨਡੀਪੀਐੱਸ ਦੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਉਹ ਲੰਬਾ ਚਿਰ ਰੂਪੋਸ਼ ਰਹੇ।