‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਦਾ ਇੱਕ ਨਵਾਂ ਤਜ਼ਰਬਾ ਕੀਤਾ ਹੈ। ਕੇਂਦਰ ਸਰਕਾਰ ਦੇ ਨੈਸ਼ਨਲ ਡੇਅਰੀ ਵਿਕਾਸ ਬੋਰਡ ਵੱਲੋਂ ਗਾਵਾਂ ਅਤੇ ਮੱਝਾਂ ਦੇ ਦੁੱਧ ਨਾਲ ਗੋਬਰ ਵੀ ਖਰੀਦਿਆ ਜਾਣ ਲੱਗੇਗਾ, ਜਿਸ ਤੋਂ ਬਿਜਲੀ ਪੈਦਾ ਹੋਵੇਗੀ ਅਤੇ ਗੈਸ ਵੀ ਨਿਕਲੇਗੀ। ਬੋਰਡ ਗੋਬਰ ਤੋਂ ਜੈਵਿਕ ਖਾਦ ਬਣਾਉਣ ਦੀ ਵੀ ਤਿਆਰੀ ਵਿੱਚ ਹੈ।
ਇਸ ਕੰਮ ਨੂੰ ਅੱਗੇ ਵਧਾਉਣ ਲਈ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪੁਰਸ਼ੋਤਮ ਰੁਪਾਲਾ ਨੇ NDDB ਦੀ ਸਹਾਇਕ ਕੰਪਨੀ NDDB MRIDA Limited ਦੀ ਸ਼ੁਰੂਆਤ ਕੀਤੀ ਹੈ। ਇਸ ਕੰਪਨੀ ਵੱਲੋਂ ਕਿਸਾਨਾਂ ਤੋਂ ਗੋਹੇ ਦੀ ਖਰੀਦ ਕੀਤੀ ਜਾਵੇਗੀ। ਕੰਪਨੀ ਇਸ ਦੀ ਵਰਤੋਂ ਬਿਜਲੀ, ਗੈਸ ਅਤੇ ਜੈਵਿਕ ਖਾਦ ਬਣਾਉਣ ਲਈ ਕਰੇਗੀ।
ਕੰਪਨੀ ਦੇ ਲਾਂਚ ਦੇ ਮੌਕੇ ‘ਤੇ ਰੁਪਾਲਾ ਨੇ ਕਿਹਾ ਕਿ NDDB ਸੋਇਲ ਲਿਮਟਿਡ ਡੇਅਰੀ ਕਿਸਾਨਾਂ ਲਈ ਗਾਰਾ/ਗੋਬਰ ਦੀ ਵਿਕਰੀ ਕਰਕੇ ਵਾਧੂ ਆਮਦਨ ਦੇ ਰਾਹ ਖੋਲ੍ਹੇਗੀ। ਇਸ ਨਵੀਂ ਪਹਿਲ ਤੋਂ ਗੋਬਰ ਗੈਸ ਉਪਲੱਬਧ ਹੋਵੇਗੀ, ਜਿਸ ਤੋਂ ਘਰਾਂ ‘ਚ ਖਾਣਾ ਤਿਆਰ ਕੀਤਾ ਜਾਵੇਗਾ। ਘਰ-ਘਰ ਬਾਇਓ ਗੈਸ ਮਿਲਣ ਨਾਲ ਕਿਸਾਨਾਂ ਦੇ ਬਾਲਣ ਦੇ ਖਰਚੇ ਦੀ ਬੱਚਤ ਹੋਵੇਗੀ। ਪ੍ਰੋਜੈਕਟ ਨੂੰ ਇਸਦੇ ਵਿਆਪਕ ਲਾਂਚ ਤੋਂ ਪਹਿਲਾਂ ਛੋਟੇ ਪੈਮਾਨੇ ‘ਤੇ ਟੈਸਟ ਕੀਤਾ ਗਿਆ ਹੈ। ਗੁਜਰਾਤ ਦੇ ਆਨੰਦ ਨੇੜੇ ਜਕਰੀਆਪੁਰਾ ਅਤੇ ਮੁਚਕੂਆ ਪਿੰਡ ਵਿੱਚ ਟੈਸਟਿੰਗ ਕੀਤੀ ਗਈ ਹੈ, ਉੱਥੇ ਟੈਸਟ ਸਫਲ ਪਾਇਆ ਗਿਆ ਹੈ।
ਇਸ ਉਤਪਾਦ ਦਾ ਕਾਰੋਬਾਰ “ਸੁਧਨ” ਦੇ ਨਾਮ ਹੇਠ ਕੀਤਾ ਜਾਵੇਗਾ। NDDB ਨੇ ਗੋਬਰ ਅਧਾਰਿਤ ਜੈਵਿਕ ਖਾਦ ਨੂੰ ਇੱਕ ਸਾਂਝੀ ਪਛਾਣ ਪ੍ਰਦਾਨ ਕਰਨ ਲਈ “ਸੁਧਨ” ਨਾਮ ਦਾ ਇੱਕ ਟ੍ਰੇਡਮਾਰਕ ਵੀ ਰਜਿਸਟਰ ਕੀਤਾ ਹੈ। NDDB ਦੇ ਪ੍ਰਧਾਨ ਮੀਨੇਸ਼ ਸ਼ਾਹ ਨੇ ਇਸ ਪ੍ਰਯੋਗ ‘ਤੇ ਕਿਹਾ ਹੈ ਕਿ ਇਸ ਤੋਂ ਕਈ ਫਾਇਦੇ ਦੇਖਣ ਨੂੰ ਮਿਲ ਰਹੇ ਹਨ। NDDB ਸੋਇਲ ਲਿਮਿਟੇਡ ਡੇਅਰੀ ਪਲਾਂਟਾਂ ਲਈ ਕੰਪੋਸਟ ਵੈਲਿਊ ਚੇਨ, ਬਾਇਓਗੈਸ ਆਧਾਰਿਤ ਸੀਐਨਜੀ ਉਤਪਾਦਨ ਅਤੇ ਬਾਇਓਗੈਸ ਆਧਾਰਿਤ ਬਿਜਲੀ ਉਤਪਾਦਨ ਦੀ ਸਥਾਪਨਾ ਕਰੇਗੀ। ਇਸ ਯੋਜਨਾ ‘ਤੇ ਆਧਾਰਿਤ ਪਹਿਲਾ ਪਲਾਂਟ ਉੱਤਰ ਪ੍ਰਦੇਸ਼ ਦੇ ਵਾਰਾਣਸੀ ‘ਚ ਲਗਾਇਆ ਜਾ ਰਿਹਾ ਹੈ।