‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਚੰਡੀਗੜ੍ਹ ਵਿੱਚ ਲਾਏ ਮੋਰਚੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨਾਲ ਮੀਟਿੰਗ ਕਰਨ ਦਾ ਦਾਅਵਾ ਕੀਤਾ ਸੀ ਪਰ ਉਸਨੂੰ ਸਿਰੇ ਨਹੀਂ ਚੜਾਇਆ। ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਰਾਤ ਨੂੰ 11 ਵਜੇ ਯੂਟੀ ਦੇ ਡੀਜੀਪੀ ਸਪੈਸ਼ਲ ਫੋਨ ਉੱਤੇ ਇੱਕ ਮੈਸੇਜ ਭਿਜਵਾਉਂਦੇ ਹਨ ਕਿ ਤੁਹਾਡੀ ਸਰਕਾਰ ਨਾਲ ਮੀਟਿੰਗ ਫਿਕਸ ਹੋ ਗਈ ਹੈ। ਇਸ ਲਈ ਤੁਸੀਂ ਅੱਜ ( 17 ਮਈ 2022) ਨੂੰ ਸਵੇਰੇ 11 ਵਜੇ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਵਾਸਤੇ ਪਹੁੰਚੋ। ਸਵੇਰੇ ਸਾਨੂੰ ਲੈ ਕੇ ਜਾਣ ਲਈ ਗੱਡੀ ਵੀ ਭੇਜੀ ਗਈ। ਮੀਟਿੰਗ ਵਾਲੇ ਸਥਾਨ ਉੱਤੇ ਜਾ ਕੇ ਸਾਨੂੰ ਇਹ ਦੱਸਿਆ ਗਿਆ ਕਿ ਮੁੱਖ ਮੰਤਰੀ ਤਾਂ ਦਿੱਲੀ ਚਲੇ ਗਏ, ਇਸ ਲਈ ਤੁਸੀਂ ਚੀਫ਼ ਸੈਕਟਰੀ ਨਾਲ ਮੀਟਿੰਗ ਕਰ ਲਵੋ। ਸਾਡੀਆਂ ਸਮੱਸਿਆਵਾਂ ਦਾ ਹੱਲ ਮੁੱਖ ਮੰਤਰੀ ਹੀ ਕਰ ਸਕਦੇ ਹਨ। ਇਸ ਲਈ ਮੁੱਖ ਮੰਤਰੀ ਆਪ ਸਾਡੇ ਨਾਲ ਮੀਟਿੰਗ ਕਰਕੇ ਮਸਲਿਆਂ ਦਾ ਹੱਲ ਕੱਢਣ। ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਕੱਲ੍ਹ ਤੱਕ ਮੁੱਖ ਮੰਤਰੀ ਇੱਥੇ ਆ ਕੇ ਸਾਡੇ ਨਾਲ ਮੀਟਿੰਗ ਕਰਕੇ ਸਾਡੇ ਮਸਲਿਆਂ ਦਾ ਹੱਲ ਨਹੀਂ ਕਰਦੇ ਤਾਂ ਸਾਡੀ ਹੋਰ ਅੱਗੇ ਵਧਣ ਦੀ ਮਜ਼ਬੂਰੀ ਹੋਵੇਗੀ। ਡੱਲੇਵਾਲ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਮੀਟਿੰਗ ਕੱਲ੍ਹ ਦੇ ਕੱਲ ਹੀ ਹੋਵੇ, ਹੋਰ ਕਿਸੇ ਦਿਨ ਨਹੀਂ। ਉਹ ਕੱਲ੍ਹ ਹੀ ਚੰਡੀਗੜ੍ਹ ਵਾਪਸ ਆਉਣ।
ਡੱਲੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਾਡੇ ਨਾਲ ਜੋ ਚਲਾਕੀ ਕੀਤੀ, ਉਸਦੇ ਖਿਲਾਫ ਲੋਕਾਂ ਨੇ ਵਿਰੋਧ ਪ੍ਰਗਟ ਕਰਦਿਆਂ ਸਰਕਾਰ ਨੂੰ ਦਿਖਾ ਦਿੱਤਾ ਕਿ ਅਸੀਂ ਇੱਕਜੁਟ ਹਾਂ ਅਤੇ ਸਾਡੀਆਂ ਸ਼ਕਤੀਆਂ ਅੱਗੇ ਨਾਲੋਂ ਵਧੀਆਂ ਹਨ। ਸਾਡੇ ਨੌਜਵਾਨਾਂ ਨੇ ਸਿਰਫ਼ ਇੱਕ ਹੀ ਬੈਰੀਕੇਡ ਤੋੜਿਆ ਹੈ, ਹੋਰ ਕੋਈ ਨਹੀਂ, ਇਹ ਸਿਰਫ਼ ਸਰਕਾਰ ਨੂੰ ਇੱਕ ਮੈਸੇਜ ਹੈ ਕਿ ਜੇ ਅਸੀਂ ਇੱਕ ਬੈਰੀਕੇਡ ਤੋੜ ਸਕਦੇ ਹਾਂ ਤਾਂ ਅਸੀਂ ਅੱਗੇ ਵੀ ਬੈਰੀਕੇਡ ਤੋੜ ਸਕਦੇ ਹਾਂ ਪਰ ਅਸੀਂ ਨਹੀਂ ਤੋੜਿਆ ਕਿਉਂਕਿ ਅਸੀਂ ਸ਼ਾਂਤੀ ਰੱਖਣਾ ਚਾਹੁੰਦੇ ਹਾਂ।
ਕਿਸਾਨ ਲੀਡਰ ਲੱਖੋਵਾਲ ਨੇ ਕਿਹਾ ਕਿ ਅਸੀਂ ਪਿਛਲੀ 17 ਤਰੀਕ ਨੂੰ ਸੀਐੱਮ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ 11 ਮੰਗਾਂ ਦਾ ਪੱਤਰ ਦਿੱਤਾ ਸੀ, ਜਿਸ ਵਿੱਚ ਸਾਡੀ ਪਹਿਲੀ ਮੰਗ ਸੀ
- ਕਣਕ ‘ਤੇ ਬੋਨਸ – ਕਣਕ ਉੱਤੇ ਸਿਰਫ਼ 500 ਰੁਪਏ ਪ੍ਰਤੀ ਕੁਇੰਟਲ ਮੰਗਿਆ ਹੈ।
- ਬਿਜਲੀ ਦੀ ਸਮੱਸਿਆ – ਬਿਜਲੀ ਦੀ ਸਪਲਾਈ 10 ਤੋਂ 12 ਘੰਟੇ ਮੰਗੀ ਸੀ।
- ਜ਼ਮੀਨਾਂ ਐਕੁਆਇਰ ਕਰਨ ਸਬੰਧੀ – ਅਸੀਂ ਪੂਰਾ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਸੀ।
- ਮੋਟਰਾਂ ਦਾ ਲੋਡ ਵਧਾਉਣ ਦੀ ਮੰਗ ਕੀਤੀ ਸੀ।
- ਜਿੰਨੇ ਵੀ ਕਿਸਾਨਾਂ ਉੱਤੇ ਕਰਜ਼ਾ ਹੈ, ਉਨ੍ਹਾਂ ਦੇ ਜੋ ਵਾਰੰਟ ਕੱਢੇ ਜਾ ਰਹੇ ਹਨ, ਉਹ ਬੰਦ ਕੀਤੇ ਜਾਣ।
- ਗੰਨੇ ਦੀ ਫਸਲ ਦਾ ਜੋ 360 ਰੁਪਏ ਭਾਅ ਪਿਛਲੀ ਸਰਕਾਰ ਨਾਲ ਤੈਅ ਹੋਇਆ ਸੀ, ਉਹਦੇ ਵਿੱਚੋਂ 35 ਰੁਪਏ ਅਜੇ ਵੀ ਬਕਾਇਆ ਖੜਾ ਹੋਇਆ ਹੈ। ਉਹ 35 ਰੁਪਏ ਜਲਦੀ ਤੋਂ ਜਲਦੀ ਅਦਾ ਕੀਤੇ ਜਾਣ।
- ਖੰਡੀ ਏਰੀਆ ਵਿੱਚ ਪਾਪੂਲਰ ਅਤੇ ਸਫ਼ੈਦੇ ਦੀ ਪੈਦਾਵਾਰ ਬਹੁਤ ਵੱਡੇ ਪੱਧਰ ਉੱਤੇ ਹੁੰਦੀ ਹੈ ਪਰ ਉਹਦੀ ਕੋਈ ਸਰਕਾਰੀ ਮੰਡੀ ਨਹੀਂ ਹੈ। ਇਸ ਲਈ ਉੱਥੇ ਇੱਕ ਸਰਕਾਰੀ ਮੰਡੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਦੀ ਹੋ ਰਹੀ ਲੁੱਟ ਤੋਂ ਬਚਿਆ ਜਾ ਸਕੇ।
- ਰੋਪੜ ਵਿੱਚ ਪਾਣੀ ਦੀ ਸੁਵਿਧਾ ਨਹੀਂ ਹੈ। ਇਸ ਇਲਾਕੇ ਵਿੱਚ ਨਹਿਰਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਕਿਸਾਨਾਂ ਨੇ ਕਿਹਾ ਕਿ ਹਾਲੇ ਤੱਕ ਸਾਡੀ ਇੱਕ ਵੀ ਮੰਗ ਨਹੀਂ ਮੰਨੀ ਗਈ। ਮੁੱਖ ਮੰਤਰੀ ਨੇ ਸਾਡੇ ਨਾਲ ਦੁਬਾਰਾ ਕੋਈ ਵੀ ਮੰਗ ਨਹੀਂ ਕੀਤੀ। ਅਸੀਂ ਜੋ ਮੰਗਾਂ ਦਿੱਤੀਆਂ ਹਨ, ਉਨ੍ਹਾਂ ਵਿੱਚ ਜ਼ਿਆਦਾਤਾਰ ਮੰਗਾਂ ਪੰਜਾਬ ਦੀਆਂ ਹਨ, ਕੇਂਦਰ ਕੋਲ ਸਿਰਫ਼ ਦੋ ਹੀ ਮੰਗਾਂ ਹਨ ਜਿਸ ਵਿੱਚ BBMB ਦਾ ਮਾਮਲਾ ਅਤੇ ਡੈਮ ਸੇਫ਼ਟੀ ਐਕਟ ਵਾਲਾ ਮਾਮਲਾ।