ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅੱਜ ਪੂਰੇ 30 ਦੀਨ ਹੋ ਗਏ ਹਨ। ਹਰਿਆਣਾ-ਪੰਜਾਬ ਦੇ ਹਜ਼ਾਰਾਂ ਕਿਸਾਨ ਸ਼ੰਭੂ-ਖਨੌਰੀ ਨਾਲ ਲੱਗਦੀ ਡੱਬਵਾਲੀ ਸਰਹੱਦ ‘ਤੇ ਡਟੇ ਹੋਏ ਹਨ। ਇਸੇ ਦੌਰਾਨ ਜਥੇਬੰਦੀਆਂ ਨੇ ਇੱਕ ਪ੍ਰੈਸ ਕਾਨਫੰਸ ਨੂੰ ਸੰਬੋਧਨ ਕਰਦਿਆਂ ਵੱਡੇ ਐਲਾਨ ਕੀਤੇ।
ਕਿਸਾਨ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ‘ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਹਰਿਆਣਾ ‘ਚ ਬੀਜੇਪੀ ਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਬਦਲਣ ਨਾਲ ਲੋਕ ਬਦਲ ਜਾਣਗੇ ਪਰ ਅਜਿਹਾ ਕਦੇ ਨਹੀਂ ਹੇਵੋਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਗੇ ਲੋਕ ਸਭ ਜਾਣਦੇ ਹਨ ਕਿ ਜਦੋਂ ਪੁਲਿਸ ਨੇ ਕਿਸਾਨਾਂ ‘ਤੇ ਕਾਰਵਾਈ ਕੀਤੀ ਸੀ ਤਾਂ 400 ਤੋਂ ਵੱਧ ਕਿਸਾਨ ਜ਼ਖ਼ਮੀ ਹੋਏ ਸਨ।
ਕਿਸਾਨ ਅੰਦੋਲਨ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਸ਼ੁਭਕਰਨ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਸ਼ਹੀਦ ਸ਼ੁਭਕਰਨ ਸਿੰਘ ਦੇ ਜੱਦੀ ਪਿੰਡ ਬੱਲੋ, ਬਠਿੰਡਾ ਵਿਚੋਂ 15 ਮਾਰਚ ਨੂੰ ਦੇਸ ਪੱਧਰੀ ਕਲਸ਼ ਯਾਤਰਾ ਸ਼ੁਰੂ ਕੀਤੀ ਜਾਵੇਗੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਹਿਸਾਰ ਅਤੇ ਅੰਬਾਲਾ ਵਿੱਚ ਦੋ ਮਹਾਂ ਸਭਾ ਕੀਤੀਆਂ ਜਾਣਗੀਆਂ।
ਉਨ੍ਹਾਂ ਨੇ ਕਿਹਾ ਕਿ 15 ਮਾਰਚ ਨੂੰ ਸ਼ੁਭਕਰਨ ਦੇ ਪਿੰਡ ਤੋਂ 21 ਕਲਸ਼ ਲੈ ਕੇ ਅਵਾਂਗੇ ਅਤੇ ਪੂਰੇ ਦੇਸ਼ ‘ਚ ਲੈ ਕੇ ਜਾਵਾਂਗੇ। 16 ਮਾਰਚ ਨੂੰ ਇਹ ਕਲਸ਼ ਯਾਤਰਾ ਹਰਿਆਣਾ ਦੇ ਵੱਖ ਵੱਖ ਪਿੰਡਾਂ ‘ਚ ਜਾਵੇਗੀ। ਪੰਧੇਰ ਨੇ ਕਿਹਾ ਕਿ 21 ਮਾਰਚ ਨੂੰ ਕਲਸ਼ ਯਾਤਰਾ ਸ਼ੰਭੂ ਬਾਰਡਰ ‘ਤੇ ਪਹੁੰਚੇਗੀ ,22 ਮਾਰਚ ਨੂੰ ਹਰਿਆਣਾ ਦੇ ਹਿਸਾਰ ਅਤੇ 31 ਮਾਰਚ ਨੂੰ ਅੰਬਾਲਾ ‘ਚ ਸ਼ਹੀਦੀ ਸਮਾਗਮ ਹੋਣਗੇ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਹ ਵੀ ਕਿਹਾ ਕਿ ਇਸ ਦੌਰਾਨ BJP ਲੀਡਰਾਂ ਨੂੰ ਸਵਾਲ ਕੀਤੇ ਜਾਣਗੇ ਕਿ ਸ਼ੁਭਕਰਨ ਸਿੰਘ ਨੂੰ ਕਿਉਂ ਸ਼ਹੀਦ ਕੀਤਾ ਗਿਆ ਤੇ ਜੇਕਰ ਜਵਾਬ ਨਾ ਦਿੱਤਾ ਗਿਆ ਤਾਂ ਕਾਲੇ ਝੰਡੇ ਦਿਖਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਯਾਤਰਾ ਦਾ ਮਕਸਦ ਜ਼ਾਲਮ ਸਰਕਾਰਾ ਵੱਲੋਂ ਸ਼ਾਂਤੀ ਪੂਰਵਕ ਬੈਠੇ ਕਿਸਾਨਾਂ ਉਤੇ ਕੀਤੇ ਜਬਰ ਅਤੇ ਕਤਲੇਆਮ ਨੂੰ ਭਾਰਤ ਭਰ ਵਿੱਚ ਉਜਾਗਰ ਕਰਨ ਦਾ ਹੈ।
ਹਰਿਆਣਾ ਦੇ ਕਿਸਾਨ ਆਗੂ ਅਭਿਮੰਨਿਊ ਕੋਹਾੜ ਅਤੇ ਅਮਰਜੀਤ ਮੌੜ੍ਹੀ ਨੇ ਕਿਹਾ ਕਿ ਨਾ ਸਿਰਫ਼ ਕਿਸਾਨ, ਸਗੋਂ ਸੂਬੇ ਦੀ ਹਕੂਮਤ ਤੋਂ ਅੱਕੇ ਹਰਿਆਣਾ ਦੇ ਹੋਰ ਵਰਗਾਂ ਦੇ ਲੋਕ ਵੀ 16 ਰੋਜ਼ਾ ਇਸ ਕਲਸ਼ ਯਾਤਰਾ ਵਿਚ ਵੱਡੀ ਗਿਣਤੀ ’ਚ ਸ਼ਿਰਕਤ ਕਰਨਗੇ। ਇਸ ਦੌਰਾਨ ਦੋਵਾਂ ਫੋਰਮਾਂ ਦੇ ਪ੍ਰਮੁੱਖ ਆਗੂ ਵੀ ਸੰਬੋਧਨ ਕਰਨਗੇ। ਸਰਵਣ ਪੰਧੇਰ ਨੇ ਕਿਹਾ ਕਿ ਬਾਕੀ ਰਾਜਾਂ ਵਿੱਚ ਵੀ ਇਸੇ ਤਰ੍ਹਾਂ ਹੀ ਕਲਸ਼ ਯਾਤਰਾ ਕੀਤੀ ਜਾਵੇਗੀ। ਇਸ ਸਬੰਧੀ ਤਰੀਕਾਂ ਦਾ ਐਲਾਨ 31 ਮਾਰਚ ਨੂੰ ਮੌੜ੍ਹਾ ਵਿਚਲੀ ਇਕੱਤਰਤਾ ਦੌਰਾਨ ਕੀਤਾ ਜਾਵੇਗਾ।