‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਬਦਲੀ ਕਰਵਾਉਣ ਵਾਲੇ ਚਾਹਵਾਨ ਸਕੂਲ ਅਧਿਆਪਕਾਂ ਨੂੰ ਆਪਣਾ ਬਿਨੇ-ਪੱਤਰ ਈ-ਪੰਜਾਬ ਪੋਰਟਲ ’ਤੇ 28 ਅਪ੍ਰੈਲ ਤੱਕ ਅਪਲੋਡ ਕਰਨ ਦਾ ਸਮਾਂ ਦਿੱਤਾ ਹੈ। ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਹਾਲ ਹੀ ਵਿੱਚ ਭਰਤੀ ਹੋਏ 3 ਹਜ਼ਾਰ 582 ਅਧਿਆਪਕਾਂ ਨੂੰ ਆਪਸੀ ਬਦਲੀ ਕਰਵਾਉਣ ਦੀ ਛੋਟ ਦਿੱਤੀ ਗਈ ਹੈ। ਅੰਤਰ ਜ਼ਿਲ੍ਹਾ ਐਡਜਸਟਮੈਂਟ ਦੇ ਲਈ ਦੋਵੇਂ ਉਮੀਦਵਾਰ ਇੱਕ ਹੀ ਕੈਟਾਗਰੀ ਦੇ ਹੋਣੇ ਚਾਹੀਦੇ ਹਨ ਜਦਕਿ ਜ਼ਿਲ੍ਹੇ ਅੰਦਰ ਆਪਸੀ ਐਡਸਟਮੈਂਟ ਕਰਵਾਉਣ ਵਾਲੇ ਦੋਵੇਂ ਉਮੀਦਵਾਰ ਵੱਖਰੀ-ਵੱਖਰੀ ਕੈਟਾਗਰੀ ਦੇ ਹੋ ਸਕਦੇ ਹਨ।
ਜਾਣਕਾਰੀ ਮੁਤਾਬਕ ਕੁੱਝ ਅਧਿਆਪਕ, ਹੈੱਡ ਅਧਿਆਪਕ ਅਤੇ ਸੈਂਟਰ ਹੈੱਡ ਅਧਿਆਪਕ ਬਦਲੀ ਦੀਆਂ ਸ਼ਰਤਾਂ ਪੂਰੀਆਂ ਨਾ ਹੋਣ ਕਾਰਨ ਆਪਸੀ ਬਦਲੀ ਹੀ ਅਪਲਾਈ ਨਹੀਂ ਕਰ ਸਕੇ। ਇਸ ਕਰਕੇ ਬਦਲੀ ਕਰਵਾਉਣ ਦੇ ਚਾਹਵਾਨ ਨਵੇਂ ਭਰਤੀ ਹੋਏ 3 ਹਜ਼ਾਰ 582 ਅਧਿਆਪਕ ਨੂੰ ਸਿੱਧੀ ਭਰਤੀ ਰਾਹੀਂ ਭਰਤੀ ਹੋਏ ਹੈੱਡ ਅਧਿਆਪਕਾਂ ਅਤੇ ਸੈਂਟਰ ਹੈੱਡ ਅਧਿਆਪਕਾਂ ਨੂੰ 28 ਅਪ੍ਰੈਲ ਤੱਕ ਈ-ਪੰਜਾਬ ਪੋਰਟਲ ’ਤੇ ਆਪਣੀ-ਆਪਣੀ ਆਮ ਜਾਣਕਾਰੀ, ਸਰਵਿਸ ਰਿਕਾਰਡ, ਨਤੀਜੇ ਆਦਿ ਅਪਲੋਡ ਕਰਨ ਵਾਸਤੇ ਸਮਾਂ ਦਿੱਤਾ ਹੈ।
ਇਨ੍ਹਾਂ ਅਧਿਆਪਕਾਂ ਤੋਂ ਇਲਾਵਾ ਅਧਿਆਪਕ ਤਬਾਦਲਾ ਨੀਤੀ 2019 ਹੇਠ ਬਦਲੀ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਚਾਹਵਾਨ ਅਧਿਆਪਕ ਵੀ 28 ਅਪ੍ਰੈਲ ਤੱਕ ਆਨ ਲਾਈਨ ਅਪਲਾਈ ਕਰ ਸਕਦੇ ਹਨ। ਇਹ ਸਾਰੀਆਂ ਬੇਨਤੀਆਂ ਕੇਵਲ ਆਪਸੀ ਬਦਲੀ ਲਈ ਹੀ ਪ੍ਰਾਪਤ ਕੀਤੀਆਂ ਜਾਣਗੀਆਂ।