ਚੰਡੀਗੜ੍ਹ : ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਵੱਡਾ ਫ਼ੈਸਲਾ ਲਿਆ ਹੈ। ਹੜ੍ਹਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਖੇਤੀਬਾੜੀ ਵਿਭਾਗ ਨੇ ਕੰਟਰੋਲ ਰੂਮ ਸਥਾਪਤ ਕੀਤਾ ਹੈ। ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਹੱਈਆ ਕਰਵਾਉਣ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ।
ਖੇਤੀਬਾੜੀ ਵਿਭਾਗ ਨੇ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਜ਼ਿਲ੍ਹਿਆਂ ਵਿਚ ਝੋਨੇ ਦੀ ਪਨੀਰੀ ਲਈ ਕੰਟਰੋਲ ਰੂਮ ਸਥਾਪਤ ਕੀਤਾ ਹੈ। ਜਿਸ ਲਈ ਕਿਸਾਨ ਵਾਸਤੇ ਟੈਲੀਫ਼ੋਨ ਨੰਬਰ 7710665725 ਜਾਰੀ ਕੀਤਾ ਹੈ। ਇਸ ਨੰਬਰ ਉੱਤੇ ਫ਼ੋਨ ਕਰਕੇ ਕਿਸਾਨ ਪਨੀਰੀ ਸਬੰਧੀ ਮੰਗ ਕਰ ਸਕਦੇ ਹਨ। ਇਸ ਲਈ ਵਿਸ਼ੇਸ਼ ਤੌਰ ਉੱਤੇ ਤਰੀਕ ਵਾਰ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।
ਇਹ ਐਲਾਨ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਨਾਲ ਝੋਨੇ ਦੀ ਫ਼ਸਲ ਬਰਬਾਦ ਹੋਈ ਹੈ। ਝੋਨੇ ਦੀ ਲੁਆਈ ਲਈ ਅਜੇ ਕਾਫ਼ੀ ਸਮਾਂ ਹੈ। ਇਸ ਲਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮੁਫ਼ਤ ਬੀਜ ਤੇ ਪਨੀਰੀ ਮੁਹੱਈਆ ਕਰਵਾਈ ਜਾਏਗੀ।
ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨੀਂ ਭਾਰੀ ਬਾਰਸ਼ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵਿਭਾਗ ਵੱਲੋਂ ਮੁਫ਼ਤ ਬੀਜ ਤੇ ਪਨੀਰੀ ਲੋੜਵੰਦ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਸਬੰਧੀ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਲੁਧਿਆਣਾ ਦੇ ਅਧਿਕਾਰੀ/ਕਰਮਚਾਰੀ ਲਗਾਤਾਰ ਖੇਤਾਂ ਦੇ ਦੌਰੇ ਕਰ ਰਹੇ ਹਨ ਤੇ ਕਿਸਾਨਾਂ ਨਾਲ ਰਾਬਤੇ ਵਿੱਚ ਹਨ।
ਇਨ੍ਹਾਂ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ
ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਬਲਾਕ ਸਿਧਵਾਂ ਵਿੱਚ ਡਾ. ਗੁਰਮੁਖ ਸਿੰਘ (9876150208) ਤੇ ਡਾ. ਜਗਦੇਵ ਸਿੰਘ (9417355358) ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਦਕਿ ਬਲਾਕ ਮਾਂਗਟ ਵਿੱਚ ਡਾ. ਜਸਵਿੰਦਰ ਸਿੰਘ (9888010156), ਡਾ. ਗੁਰਿੰਦਰਪਾਲ ਕੌਰ (8968988622), ਬਲਾਕ ਮਾਛੀਵਾੜਾ ਅਤੇ ਸਮਰਾਲਾ ’ਚ ਡਾ. ਕੁਲਦੀਪ ਸਿੰਘ (9216517101), ਡਾ. ਰੁਪਿੰਦਰ ਕੌਰ (9915583052), ਬਲਾਕ ਲੁਧਿਆਣਾ ਡਾ. ਦਾਰਾ ਸਿੰਘ (8872411099), ਬਲਾਕ ਖੰਨਾ, ਡਾ. ਜਸਵਿੰਦਰਪਾਲ ਸਿੰਘ (9216117204), ਬਲਾਕ ਦੋਰਾਹਾ ਡਾ. ਰਾਮ ਸਿੰਘ ਪਾਲ (8146676217), ਬਲਾਕ ਪੱਖੋਵਾਲ ਡਾ. ਸੁਖਵਿੰਦਰ ਕੌਰ ਗਰੇਵਾਲ (9864670000), ਬਲਾਕ ਸੁਧਾਰ ਡਾ. ਲਖਵੀਰ ਸਿੰਘ (9876022022) ਤੇ ਬਲਾਕ ਜਗਰਾਉਂ ਡਾ. ਗੁਰਦੀਪ ਸਿੰਘ (9872800575) ਉਪਲਬਧ ਹੋਣਗੇ।