Punjab Religion

ਨਿਹੰਗ ਸਿੰਘ ਬੁੱਢਾ ਦਲ ਜਥੇਬੰਦੀ ਦਾ ਵੱਡਾ ਐਲਾਨ

ਮੁਹਾਲੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਚੁਣੇ ਗਏ ਜਥੇਦਾਰਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਚੁੱਕਾ ਹੈ। ਭਲਕੇ ਗਿਆਨੀ ਕੁਲਦੀਪ ਸਿੰਘ ਦਾ ਸੇਵਾ ਸੰਭਾਲ ਸਮਾਗਮ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਣਾ ਹੈ ਜਿਸ ਦਾ ਨਿਹੰਗ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਨਵੇਂ ਬਣੇ ਜਥੇਦਾਰ ਦੀ ਦਸਤਾਰ ਬੰਦੀ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹੀ ਕਿ ਉਹ ਨਵੇਂ ਜਥੇਦਾਰ ਦੀ ਤਾਜਪੋਸ਼ੀ ਨਹੀਂ ਹੋਣ ਦੇਣਗੇ। ਇਸਦੇ ਨਾਲ ਉਨ੍ਹਾਂ ਨੇ ਕੱਲ੍ਹ ਨੂੰ ਨਿਹੰਗ ਜਥੇਬੰਦੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।  ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣਾ ਫੈਸਲਾ ਵਾਪਸ ਲਵੇ।  ਉਨ੍ਹਾਂ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਅਹੁਦਿਆਂ ’ਤੇ ਮੁੜ ਬਹਾਲ ਕੀਤਾ ਜਾਵੇ।

ਦੂਜੇ ਬੰਨੇ ਜਲੰਧਰ ‘ਚ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਦਮਦਮੀ ਟਕਸਾਲ ਕੇਸਗੜ੍ਹ ਸਾਹਿਬ ਵਿਖੇ ਨਵੇਂ ਜਥੇਦਾਰ ਦੀ ਨਿਯੁਕਤੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਕਿਸੇ ਨਿਹੰਗ ਸਮੂਹ ਅਤੇ ਹੋਰ ਸਿੱਖ ਜਥੇਬੰਦੀਆਂ ਨਾਲ ਸਲਾਹ ਕੀਤੇ ਬਿਨਾਂ ਨਿਯੁਕਤੀ ਕਰਨਾ ਪੂਰੀ ਤਰ੍ਹਾਂ ਗਲਤ ਹੈ। ਸਿੱਖ ਸੰਸਥਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਬਹੁਤ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਆਈ ਹੈ। ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣ ਦੇ ਹੁਕਮ ਦਿੱਤੇ ਗਏ ਅਤੇ ਕਿਹਾ ਗਿਆ ਕਿ ਸੱਤ ਮੈਂਬਰੀ ਕਮੇਟੀ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ। ਪਰ ਇਸ ਦੌਰਾਨ ਬਾਦਲ ਵੱਲੋਂ ਮੀਡੀਆ ਵਿੱਚ ਕਈ ਗਲਤ ਬਿਆਨ ਦਿੱਤੇ ਗਏ।

ਜਸਬੀਰ ਸਿੰਘ ਰੋਡੇ ਨੇ ਅੱਗੇ ਕਿਹਾ ਕਿ ਦਬਾਅ ਨੂੰ ਦੇਖਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਹੈ। ਸ਼੍ਰੋਮਣੀ ਕਮੇਟੀ ਬਣਾਉਣ ਲਈ ਅਸੀਂ ਅਤੇ ਸਾਡੇ ਭਾਈਚਾਰੇ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਇਸ ‘ਤੇ ਕਿਸੇ ਦਾ ਵੀ ਨਿੱਜੀ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਹੋਲੇ-ਮਹੱਲੇ ਤੋਂ ਬਾਅਦ ਅਸੀਂ ਸਿੱਖ ਜਥੇਬੰਦੀਆਂ ਦੀ ਮੀਟਿੰਗ ਬੁਲਾ ਕੇ ਸੰਪਰਦਾ ਦੀ ਰੱਖਿਆ ਲਈ ਚਰਚਾ ਕਰਾਂਗੇ। ਉਹਨਾਂ ਨਾਲ ਹੀ ਚੇਤਾਵਨੀ ਦਿੰਦਿਆਂ ਕਿਹਾ ਕਿ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਦੀ ਸੇਵਾ ਸੰਭਾਲ ਸਮਾਗਮ ਦਾ ਫੈਸਲਾ ਹੋ ਗਿਆ ਹੈ। ਜੇਕਰ ਭਲਕੇ ਸੇਵਾ ਸੰਭਾਲ ਸਮਾਗਮ ਦੌਰਾਨ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਲਈ ਸੁਖਬੀਰ ਸਿੰਘ ਬਾਦਲ ਅਤੇ ਕਮੇਟੀ ਦੇ ਹੋਰ ਮੈਂਬਰ ਜ਼ਿੰਮੇਵਾਰ ਹੋਣਗੇ।