The Khalas Tv Blog India IVF ਰਾਹੀਂ ਬੱਚੇ ਪੈਦੇ ਕਰਨ ਵਾਲੇ ਜੋੜਿਆਂ ਨੂੰ ਵੱਡਾ ਅਲਰਟ, ਨੋਟ ਕਰੋ ਜ਼ਰੂਰੀ ਸਾਵਧਾਨੀਆਂ
India Khaas Lekh Khalas Tv Special Video

IVF ਰਾਹੀਂ ਬੱਚੇ ਪੈਦੇ ਕਰਨ ਵਾਲੇ ਜੋੜਿਆਂ ਨੂੰ ਵੱਡਾ ਅਲਰਟ, ਨੋਟ ਕਰੋ ਜ਼ਰੂਰੀ ਸਾਵਧਾਨੀਆਂ

ਗੁਰੂਗ੍ਰਾਮ ਦੇ ਇੱਕ ਜੋੜੇ ਨੇ IVF ਸੈਂਟਰ ਖਿਲਾਫ ਗੰਭੀਰ ਇਲਜ਼ਾਮ ਲਗਾਏ ਹਨ। ਰਾਹੁਲ ਅਤੇ ਮੀਨੂੰ ਰਾਠੌਰ ਨੂੰ 9 ਜਨਵਰੀ 2026 ਨੂੰ IVF ਰਾਹੀਂ ਜੁੜਵਾਂ ਧੀਆਂ ਹੋਈਆਂ ਸਨ ਪਰ ਡੀਐਨਏ ਟੈਸਟ ਵਿੱਚ ਬੱਚਿਆਂ ਦਾ ਉਨ੍ਹਾਂ ਨਾਲ ਕੋਈ ਮੈਚ ਨਹੀਂ ਮਿਲਿਆ। ਇਸ ਘਟਨਾ ਨੇ IVF ਤਕਨੀਕ ਅਤੇ ਇਸਦੀਆਂ ਸੁਰੱਖਿਆ ਪ੍ਰਣਾਲੀਆਂ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਰਿਪੋਰਟ ਵਿੱਚ ਪੂਰੀ ਘਟਨਾ, ਜੋੜੇ ਦੀਆਂ ਮੁਸੀਬਤਾਂ ਅਤੇ IVF ਪ੍ਰਕਿਰਿਆ ਦੀਆਂ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।

ਜਾਣੋ ਸਾਰਾ ਮਾਮਲਾ

ਹਰਿਆਣਾ ਦੇ ਗੁਰੂਗ੍ਰਾਮ ਵਾਸੀ ਰਾਹੁਲ ਅਤੇ ਮੀਨੂੰ ਰਾਠੌਰ ਵਿਆਹ ਤੋਂ ਲੰਬੇ ਸਮੇਂ ਬਾਅਦ ਵੀ ਔਲਾਦ ਤੋਂ ਵਾਂਝੇ ਰਹੇ। ਬਹੁਤ ਸਾਰੇ ਜੋੜਿਆਂ ਵਾਂਗ ਉਨ੍ਹਾਂ ਨੇ ਵੀ ਮਾਪੇ ਬਣਨ ਦਾ ਸੁਪਨਾ ਵੇਖਿਆ ਅਤੇ ਦਿੱਲੀ ਦੇ ਗ੍ਰੇਟਰ ਕੈਲਾਸ਼ ਵਿਚਲੇ ਇੱਕ IVF ਸੈਂਟਰ ਵਿਚ ਇਲਾਜ ਸ਼ੁਰੂ ਕਰਵਾਇਆ। 2024 ਵਿਚ ਇਲਾਜ ਸ਼ੁਰੂ ਹੋਇਆ ਅਤੇ 9 ਜਨਵਰੀ 2026 ਨੂੰ ਮੀਨੂੰ ਨੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਜੁੜਵਾਂ ਧੀਆਂ ਨੂੰ ਜਨਮ ਦਿੱਤਾ। ਬੱਚੀਆਂ ਸਿਹਤਮੰਦ ਸਨ ਅਤੇ ਪਰਿਵਾਰ ਵਿਚ ਖੁਸ਼ੀਆਂ ਦਾ ਮਾਹੌਲ ਸੀ। ਪਰ ਕੁਝ ਮਹੀਨਿਆਂ ਬਾਅਦ ਇਹ ਖੁਸ਼ੀ ਗਮ ਵਿਚ ਬਦਲ ਗਈ। ਬੱਚਿਆਂ ਦੀਆਂ ਸ਼ਕਲਾਂ ਮਾਪਿਆਂ ਨਾਲ ਮਿਲਦੀਆਂ ਨਾ ਹੋਣ ਕਾਰਨ ਸ਼ੱਕ ਹੋਇਆ।

ਬੱਚਿਆਂ ਦਾ ਡੀਐਨਏ ਟੈਸਟ ਕਰਵਾਇਆ

ਰਾਹੁਲ ਅਤੇ ਮੀਨੂੰ ਨੇ ਬੱਚਿਆਂ ਦਾ ਡੀਐਨਏ ਟੈਸਟ ਕਰਵਾਇਆ ਤਾਂ ਰਿਪੋਰਟ ਹੈਰਾਨ ਕਰਨ ਵਾਲੀ ਨਿਕਲੀ। ਦੋਵੇਂ ਬੱਚਿਆਂ ਦਾ ਡੀਐਨਏ ਨਾ ਤਾਂ ਰਾਹੁਲ ਅਤੇ ਨਾ ਹੀ ਮੀਨੂੰ ਨਾਲ ਮੈਚ ਹੋਇਆ। ਦੂਜੀ ਲੈਬ ਤੋਂ ਵੀ ਟੈਸਟ ਕਰਵਾਇਆ ਗਿਆ ਤਾਂ ਨਤੀਜਾ ਉਹੀ ਰਿਹਾ। ਇਸ ਤੋਂ ਬਾਅਦ ਜੋੜਾ IVF ਸੈਂਟਰ ਨਾਲ ਸੰਪਰਕ ਕੀਤਾ ਤਾਂ ਸੈਂਟਰ ਨੇ ਇਲਜ਼ਾਮ ਵਾਪਸ ਲਗਾਉਂਦਿਆਂ ਕਿਹਾ ਕਿ ਧੀਆਂ ਹੋਣ ਕਾਰਨ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਰਾਹੁਲ ਅਤੇ ਮੀਨੂੰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਪਤਨੀ ਦੇ ਗਰਭ ਵਿਚ ਪੱਲ ਰਹੇ ਭ੍ਰੂਣ ਨੂੰ ਬਦਲ ਦਿੱਤਾ ਗਿਆ ਅਤੇ ਕਿਸੇ ਹੋਰ ਦੇ ਸਪਰਮ ਅਤੇ ਐਗਜ਼ ਵਰਤੇ ਗਏ। ਉਨ੍ਹਾਂ ਨੇ ਇਸ ਨੂੰ ਬੱਚਾ ਚੋਰੀ ਵਾਲਾ ਮਾਮਲਾ ਦੱਸਿਆ ਹੈ।

 

Gurugram couple's twin daughters' DNA changed । DNA Test । PRIME BULLETIN -186 । THE KHALAS TV

ਪੀੜਤ ਜੋੜੇ ਨੇ ਗ੍ਰੇਟਰ ਕੈਲਾਸ਼ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਪਰ FIR ਨਾ ਬਣੀ। ਫਿਰ ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰਾਲੇ, ਪ੍ਰਧਾਨ ਮੰਤਰੀ ਦਫ਼ਤਰ ਅਤੇ ਕੌਮੀ ਮਹਿਲਾ ਕਮਿਸ਼ਨ ਤੱਕ ਸ਼ਿਕਾਇਤ ਪਹੁੰਚਾਈ ਪਰ ਕੋਈ ਨਤੀਜਾ ਨਾ ਨਿਕਲਿਆ। ਅਦਾਲਤ ਵਿਚ ਅਪੀਲ ਕੀਤੀ ਤਾਂ ਕੋਰਟ ਦੇ ਆਦੇਸ਼ ਤੋਂ ਬਾਅਦ FIR ਦਰਜ ਹੋਈ ਪਰ ਕਈ ਮਹੀਨੇ ਬੀਤਣ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਰਾਹੁਲ ਮੁਤਾਬਿਕ ਹਸਪਤਾਲ ਨੇ ਇਲਾਜ ਸ਼ੁਰੂ ਕਰਦਿਆਂ ਭਰੋਸਾ ਦਿੱਤਾ ਸੀ ਕਿ ਸਿਰਫ ਉਨ੍ਹਾਂ ਦੇ ਹੀ ਸਪਰਮ ਅਤੇ ਐਗਜ਼ ਵਰਤੇ ਜਾਣਗੇ ਪਰ ਇਹ ਵਾਅਦਾ ਤੋੜਿਆ ਗਿਆ।

ਜੋੜੇ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਵੇ। ਉਨ੍ਹਾਂ ਚਾਹੁੰਦੇ ਹਨ ਕਿ IVF ਸੈਂਟਰ ਦੇ CCTV ਫੁਟੇਜ ਜ਼ਬਤ ਕੀਤੇ ਜਾਣ, ਇਲੈਕਟ੍ਰਾਨਿਕ ਡਾਟਾਬੇਸ, ਸਰਵਰ ਲੌਗ ਅਤੇ ਭ੍ਰੂਣ ਲੌਗ ਦੀ ਫੋਰੈਂਸਿਕ ਜਾਂਚ ਹੋਵੇ। ਇਸ ਨਾਲ ਇਹ ਖੁਲ੍ਹ ਸਕੇਗਾ ਕਿ ਕਿਸ ਮਰੀਜ਼ ਦਾ ਭ੍ਰੂਣ ਕਿਸ ਨੂੰ ਲਗਾਇਆ ਗਿਆ। ਰਾਹੁਲ ਨੇ ਇਸ ਮਾਮਲੇ ਨੂੰ ਮਨੁੱਖੀ ਤਸਕਰੀ ਨਾਲ ਵੀ ਜੋੜਿਆ ਹੈ ਅਤੇ ਕਿਹਾ ਹੈ ਕਿ ਅਦਾਲਤੀ ਹੁਕਮਾਂ ਦੇ ਬਾਵਜੂਦ ਹਸਪਤਾਲ ਨੇ ਪੂਰੇ ਦਸਤਾਵੇਜ਼ ਨਹੀਂ ਪੇਸ਼ ਕੀਤੇ।

ਸੋਸ਼ਲ ਮੀਡੀਆ ਦਾ ਸਹਾਰਾ ਲਿਆ

ਇਸ ਤੋਂ ਬਾਅਦ ਰਾਹੁਲ ਅਤੇ ਮੀਨੂੰ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਉਨ੍ਹਾਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਵੀਡੀਓ ਬਣਾਈ ਜੋ ਵਾਇਰਲ ਹੋ ਰਹੀ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਜੇਕਰ ਕੋਈ ਜੋੜਾ 2025 ਵਿਚ ਗ੍ਰੇਟਰ ਕੈਲਾਸ਼ IVF ਸੈਂਟਰ ਤੋਂ ਇਲਾਜ ਕਰਵਾ ਕੇ 2026 ਵਿਚ ਬੱਚਾ ਹੋਇਆ ਤਾਂ ਉਹ ਡੀਐਨਏ ਟੈਸਟ ਜਰੂਰ ਕਰਵਾਉਣ। ਉਨ੍ਹਾਂ ਦੀ ਉਮੀਦ ਹੈ ਕਿ ਉਨ੍ਹਾਂ ਦੇ ਅਸਲ ਬੱਚੇ ਉਨ੍ਹਾਂ ਤੱਕ ਪਹੁੰਚ ਜਾਣ ਅਤੇ ਇਹ ਬੱਚੀਆਂ ਆਪਣੇ ਅਸਲ ਮਾਪਿਆਂ ਤੱਕ। ਉਨ੍ਹਾਂ ਸਾਫ਼ ਕੀਤਾ ਕਿ ਉਹ ਕਿਸੇ ਉੱਤੇ ਨਿੱਜੀ ਤੌਰ ’ਤੇ ਦੋਸ਼ ਨਹੀਂ ਲਗਾ ਰਹੇ ਸਗੋਂ ਸਿਰਫ ਆਪਣੇ ਬੱਚਿਆਂ ਤੱਕ ਪਹੁੰਚਣਾ ਚਾਹੁੰਦੇ ਹਨ।

ਜੇਕਰ ਧੀਆਂ ਦੇ ਅਸਲ ਮਾਪੇ ਨਾ ਮਿਲਣ ਤਾਂ ਰਾਹੁਲ ਅਤੇ ਮੀਨੂੰ ਇਨ੍ਹਾਂ ਬੱਚਿਆਂ ਨੂੰ ਆਪਣੀਆਂ ਧੀਆਂ ਵਾਂਗ ਹੀ ਪਾਲਣਗੇ ਅਤੇ ਕੋਈ ਕਮੀ ਨਹੀਂ ਆਉਣ ਦੇਣਗੇ। ਇਸ ਘਟਨਾ ਨੇ ਲੱਖਾਂ IVF ਜੋੜਿਆਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ।

IVF ਪ੍ਰਕਿਰਿਆ ਵਿਚ ਐਗਜ਼, ਸਪਰਮ ਅਤੇ ਭ੍ਰੂਣ ਨੂੰ ਵਿਸ਼ੇਸ਼ ਡਿਜੀਟਲ ਯੂਨੀਕ ID ਦਿੱਤੀ ਜਾਂਦੀ ਹੈ। ਡਬਲ ਵੈਰੀਫਿਕੇਸ਼ਨ ਵਿਚ ਦੋ ਮੁਲਾਜ਼ਮ ਮਰੀਜ਼ ਦੀ ਪਛਾਣ ਪੱਕੀ ਕਰਦੇ ਹਨ ਤਾਂ ਜੋ ਮਨੁੱਖੀ ਗਲਤੀ ਘੱਟ ਹੋਵੇ। ਆਧੁਨਿਕ ਸੈਂਟਰ ਬਾਰਕੋਡ ਜਾਂ RFID ਟ੍ਰੈਕਿੰਗ ਵਰਤਦੇ ਹਨ। ਹਰ ਕਦਮ ’ਤੇ ਲੈਬ ਰਿਕਾਰਡ ਅਤੇ ਲੌਗ ਬੁੱਕ ਰੱਖੀ ਜਾਂਦੀ ਹੈ। ਕਈ ਥਾਵਾਂ ’ਤੇ CCTV ਨਿਗਰਾਨੀ ਅਤੇ ਨਿਯਮਿਤ ਆਡਿਟ ਵੀ ਹੁੰਦੇ ਹਨ। ਇਸ ਤਰ੍ਹਾਂ ਭ੍ਰੂਣ ਬਦਲਣ ਦਾ ਖਤਰਾ ਬਹੁਤ ਘੱਟ ਹੋ ਜਾਂਦਾ ਹੈ ਪਰ ਮਨੁੱਖੀ ਗਲਤੀ ਜਾਂ ਸਿਸਟਮ ਦੀ ਨਾਕਾਮੀ ਕਾਰਨ ਘਟਨਾਵਾਂ ਵਾਪਰ ਸਕਦੀਆਂ ਹਨ। ਦੁਨੀਆ ਭਰ ਵਿਚ ਲੱਖਾਂ IVF ਵਿਚੋਂ ਅਜਿਹੀਆਂ ਘਟਨਾਵਾਂ ਬਹੁਤ ਘੱਟ ਹਨ ਪਰ ਇੱਕ ਵਾਰ ਵਾਪਰਨ ’ਤੇ ਪੂਰੇ ਪਰਿਵਾਰ ਨੂੰ ਭਾਰੀ ਮਾਨਸਿਕ ਤੌਰ ’ਤੇ ਨੁਕਸਾਨ ਪਹੁੰਚਦਾ ਹੈ।

IVF ਕਰਵਾਉਣ ਤੋਂ ਪਹਿਲਾਂ ਜੋੜਿਆਂ ਨੂੰ ਇਹ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:

  • ਕਲੀਨਿਕ ਇਲੈਕਟ੍ਰਾਨਿਕ ਵਿਟਨੈਸਿੰਗ ਵਰਤਦਾ ਹੈ ਜਾਂ ਨਹੀਂ ਇਸ ਬਾਰੇ ਪੁੱਛੋ।
  • ਬਾਰਕੋਡ ਜਾਂ RFID ਟ੍ਰੈਕਿੰਗ ਸਿਸਟਮ ਹੈ ਜਾਂ ਨਹੀਂ।
  • ਲੈਬ ਪ੍ਰਮਾਣਿਤ ਹੈ ਅਤੇ ਡਬਲ-ਚੈੱਕ ਪ੍ਰਣਾਲੀ ਲਾਗੂ ਹੈ ਜਾਂ ਨਹੀਂ।
  • ਪੂਰੀ ਪ੍ਰਕਿਰਿਆ ਦੌਰਾਨ ਰਿਕਾਰਡ ਰੱਖਣ ਅਤੇ ਰਿਪੋਰਟਿੰਗ ਬਾਰੇ ਜਾਣਕਾਰੀ ਲਓ।
  • ਆਪਣੇ ਨਮੂਨਿਆਂ ਦੀ ਹਰ ਕਦਮ ’ਤੇ ਨਿਗਰਾਨੀ ਬਾਰੇ ਪੁੱਛੋ।

 

Exit mobile version