Punjab

ਐਸਟੀਐਫ ਦੀ ਵੱਡੀ ਕਾਰਵਾਈ, ਅੱਠ ਵਿਦੇਸ਼ੀ ਪਿਸਤੌਲਾਂ ਤੇ ਦੋ ਕਿਲੋ ਹੈਰੋਇਨ ਸਮੇਤ ਇੱਕ ਗ੍ਰਿਫ਼ਤਾਰ

Big action of STF one arrested with eight foreign pistols and two kg of heroin

ਅੰਮ੍ਰਿਤਸਰ : ਪੰਜਾਬ ਪੁਲਿਸ ਦੀ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ( Anti Drug Special Task Force)ਨੇ  ਅੰਮ੍ਰਿਤਸਰ ‘ਚ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਟੀਐਫ ਨੇ ਉਸ ਕੋਲੋਂ ਅੱਠ ਵਿਦੇਸ਼ੀ ਪਿਸਤੌਲ, 14 ਮੈਗਜ਼ੀਨ, 63 ਗੋਲੀਆਂ ਤੋਂ ਇਲਾਵਾ ਦੋ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਫੜੇ ਗਏ ਵਿਅਕਤੀ ਦੀ ਸ਼ਨਾਖ਼ਤ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਪਿੰਡ ਹਵੇਲੀਆਂ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ।

ਪੁਲਿਸ ਨੇ ਉਸ ਨੂੰ ਅਗਾਊਂ ਸੂਚਨਾ ਦੇ ਆਧਾਰ ’ਤੇ ਮੀਰਾਂਕੋਟ-ਖ਼ੈਰਾਬਾਦ ਸੜਕ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਖ਼ਦਸ਼ਾ ਜਤਾਇਆ ਕਿ ਇਹ ਹਥਿਆਰ ਪਾਕਿਸਤਾਨ ਰਸਤੇ ਡਰੋਨ ਦੀ ਮਦਦ ਨਾਲ ਭਾਰਤ ’ਚ ਭੇਜੇ ਗਏ ਹੋ ਸਕਦੇ ਹਨ। ਐੱਸਟੀਐੱਫ ਦੇ ਡੀਐੱਸਪੀ ਵਵਿੰਦਰ ਮਹਾਜਨ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ, ਜਿਸ ਤੋਂ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਰਾਮਦ ਹੋਏ ਅੱਠ ਪਿਸਤੌਲਾਂ ਵਿੱਚੋਂ 2 ਤੁਰਕੀ ਅਤੇ 6 ਚੀਨ ਦੇ ਬਣੇ ਹੋਏ ਹਨ।

ਇਹ ਸਾਰੇ ਆਧੁਨਿਕ ਪਿਸਤੌਲ ਹਨ ਅਤੇ ਇਨ੍ਹਾਂ ਵਿੱਚੋਂ ਦੋ ਅਜਿਹੇ ਗਲੌਕ ਪਿਸਤੌਲ ਹਨ, ਜੋ ਸਰਹੱਦੀ ਖੇਤਰ ਵਿਚੋਂ ਪਹਿਲੀ ਵਾਰ ਬਰਾਮਦ ਹੋੲੇ ਹਨ। ਇਹ ਰਾਈਫਲ ਵਾਂਗ ਇਕੋ ਸਮੇਂ 30 ਗੋਲੀਆਂ ਦੀ ਵਾਛੜ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਮਾ ਨੂੰ ਹਥਿਆਰਾਂ ਦੀ ਇਹ ਖੇਪ ਬੀਤੇ ਦਿਨੀਂ ਮਿਲੀ ਹੈ ਜਿਹੜੀ ਅੱਜ ਉਹ ਕਿਸੇ ਹੋਰ ਵਿਅਕਤੀ ਨੂੰ ਦੇਣ ਜਾ ਰਿਹਾ ਸੀ।

ਪੁਲਿਸ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਪੰਮਾ ਖ਼ਿਲਾਫ਼ ਪਹਿਲਾਂ ਵੀ ਦੋ ਅਪਰਾਧਕ ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਇੱਕ ਹਥਿਆਰਾਂ ਦੀ ਤਸਕਰੀ ਨਾਲ ਸਬੰਧਤ ਹੈ ਜੋ ਹਰਿਆਣਾ ਵਿੱਚ ਦਰਜ ਹੈ। ਉਹ ਹਿਸਾਰ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ। ਪੰਮਾ ਹਰਿਆਣਾ ਦੇ ਇੱਕ ਤਸਕਰ ਕੁਲਦੀਪ ਸਿੰਘ ਨਾਲ ਕੰਮ ਕਰ ਰਿਹਾ ਸੀ ਜੋ ਉਸ ਨੂੰ ਹਿਸਾਰ ਦੀ ਜੇਲ੍ਹ ਵਿੱਚ ਮਿਲਿਆ ਸੀ ਅਤੇ ਇਸ ਵੇਲੇ ਦੁਬਈ ਵਿੱਚ ਹੈ।