Punjab

NIA ਦਾ ਪੰਜਾਬ ‘ਚ ਵੱਡਾ ਐਕਸ਼ਨ, ਅੰਮ੍ਰਿਤਪਾਲ ਦੇ ਚਾਚੇ ਦੇ ਘਰ ਪਹੁੰਚੀ ਐਨਆਈਏ ਦੀ ਟੀਮ

ਅੰਮ੍ਰਿਤਸਰ : ਪੰਜਾਬ ਸਰਕਾਰ ਤੋਂ ਬਾਅਦ ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਵੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ। ਅੱਜ ਸਵੇਰੇ ਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀਆਂ ਟੀਮਾਂ ਨੇ ਮੋਗਾ ਅਤੇ ਅੰਮ੍ਰਿਤਸਰ ਵਿੱਚ ਛਾਪੇਮਾਰੀ ਕੀਤੀ ਹੈ।ਇਹ ਰੇਡ ਸਵੇਰੇ ਤਕਰੀਬਨ 6 ਵਜੇ ਸ਼ੁਰੂ ਹੋਈ ਹੈ, ਜੋ ਅਜੇ ਜਾਰੀ ਹੈ।

ਅੰਮ੍ਰਿਤਸਰ ਦੇ ਇਲਾਕੇ ਸੁਲਤਾਨਵਿੰਡ ਵਿਖੇ ਐਨਆਈਏ ਵੱਲੋਂ ਰੇਡ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਦੇ ਚਾਚੇ ਦੇ ਘਰ ਪਿੰਡ ਜੱਲੂ ਖੇੜਾ ਵਿਖੇ ਵੀ ਐਨਆਈਏ ਦੀਆਂ ਟੀਮਾਂ ਨੇ ਰੇਡ ਕੀਤੀ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਦੇ ਕਰੀਬੀਆਂ ਦੇ ਘਰਾਂ ’ਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਮੋਗਾ ਦੇ ਹਲਕਾ ਬਾਘਾਪੁਰਾਣਾ ਦੇ ਕਸਬਾ ਸਮਾਲਸਰ ਵਿੱਚ ਕਵੀ ਮੱਖਣ ਸਿੰਘ ਮੁਸਾਫਿਰ ਦੇ ਘਰ ਛਾਪਾ ਮਾਰਿਆ ਗਿਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਕਸਬਾ ਘੁਮਾਣ ਵਿਖੇ ਅੱਜ ਤੜਕਸਾਰ ਸਵੇਰੇ ਤਕਰੀਬਨ 5.30 ਵਜੇ ਐਨ.ਆਈ.ਏ. ਦੇ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਵਲੋਂ ਗੁਰਮੁਖ ਸਿੰਘ ਪੁੱਤਰ ਅਮਰਜੀਤ ਸਿੰਘ ਪਿੰਡ ਕੋਟਲੀ (ਹਾਲ ਵਾਸੀ ਘੁਮਾਣ) ਦੇ ਘਰ ਵਿਚ ਰੇਡ ਕੀਤੀ ਗਈ।

ਐਨ.ਆਈ.ਏ. ਦੀ ਟੀਮ ਵਿਚ ਐਸ.ਪੀ. ਪੱਧਰ ਦੇ ਅਧਿਕਾਰੀ ਵਲੋਂ ਇਸ ਦੀ ਅਗਵਾਈ ਕੀਤੀ ਜਾ ਰਹੀ ਹੈ ਤੇ ਦਿੱਲੀ ਤੋਂ ਪਹੁੰਚੀ ਟੀਮ ਦੇ ਨਾਲ ਗੁਰਦਾਸਪੁਰ ਤੋਂ ਪੁਲਿਸ ਮੁਲਾਜ਼ਮ ਨਾਲ ਪਹੁੰਚੇ ਹਨ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਗੁਰਮੁਖ ਸਿੰਘ ਦਾ ਸਾਲਾ ਕੈਨੇਡਾ ਵਿਚ ਰਹਿੰਦਾ ਹੈ। ਉਹ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ ਵਿਚ ਬੰਦ ਹਨ, ਉਨ੍ਹਾਂ ਦਾ ਜੀਜਾ ਹੈ। ਜਾਂਚ ਕਰਨ ਪੁੱਜੀ ਟੀਮ ਦੇ ਅਧਿਕਾਰੀਆਂ ਵਲੋਂ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਖ਼ਬਰ ਲਿਖੇ ਜਾਣ ਤੱਕ ਜਾਂਚ ਚੱਲ ਰਹੀ ਸੀ।