ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਬੱਸ ਅਤੇ ਕਰੂਜ਼ਰ ਦੀ ਆਹਮੋ-ਸਾਹਮਣੇ ਟੱਕਰ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ‘ਚ 25 ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਭਿਵਾਨੀ ਰੋਡ ‘ਤੇ ਪਿੰਡ ਬੀਬੀਪੁਰ ਨੇੜੇ ਵਾਪਰਿਆ ਹੈ ।
ਹਾਦਸੇ ਵਿੱਚ ਹਰਿਆਣਾ ਰੋਡਵੇਜ਼ ਦਾ ਕੰਡਕਟਰ ਵੀ ਜ਼ਖ਼ਮੀ ਹੋ ਗਿਆ ਹੈ ਅਤੇ ਉਸ ਦੇ ਸਿਰ ਵਿੱਚ ਸੱਟ ਲੱਗੀ ਹੈ। ਉਸ ਨੇ ਦੱਸਿਆ ਕਿ ਕਰੂਜ਼ਰ ਗੱਡੀ ਇੱਕ ਬੱਸ ਨੂੰ ਓਵਰਟੇਕ ਕਰ ਰਹੀ ਸੀ। ਇਸ ਦੌਰਾਨ ਇਹ ਬੱਸ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਬੱਸ ਵਿੱਚ 15-20 ਸਵਾਰੀਆਂ ਸਨ, ਜਦਕਿ ਕਰੂਜ਼ਰ ਵਿੱਚ ਵੀ 10 ਲੋਕ ਸਵਾਰ ਸਨ। ਇਹ ਹਾਦਸਾ ਕਰੂਜ਼ਰ ਨੂੰ ਓਵਰਟੇਕ ਕਰਨ ਕਾਰਨ ਵਾਪਰਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ 6 ਐਂਬੂਲੈਂਸਾਂ ਮੌਕੇ ‘ਤੇ ਪਹੁੰਚ ਗਈਆਂ ਸਨ। ਇਹ ਭਿਵਾਨੀ ਰੋਡਵੇਜ਼ ਦੀ ਬੱਸ ਹੈ।ਘਟਨਾ ਵਿੱਚ ਕਰੂਜ਼ਰ ਪਲਟ ਗਿਆ ਅਤੇ ਲਾਸ਼ਾਂ ਗੱਡੀ ਦੇ ਅੰਦਰ ਹੀ ਫਸ ਗਈਆਂ, ਜਿਨ੍ਹਾਂ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਜ਼ਖ਼ਮੀਆਂ ਦਾ ਜੀਂਦ ਜਨਰਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਕਰੂਜ਼ਰ ਵਿੱਚ ਸਵਾਰ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਕੁਝ ਬੱਚੇ ਵੀ ਸ਼ਾਮਲ ਹਨ।