Punjab

ਸੱਚੀਆਂ ਤੇ ਕੌੜੀਆਂ ਗੱਲਾਂ ਦਾ ਸੁਖਬੀਰ ਬਾਦਲ ਮਨਾ ਗਏ ਸਨ ਗੁੱਸਾ – ਬੀਬੀ ਜਗੀਰ ਕੌਰ

Bibi Jagir Kaur's statement about Sukhbir Badal

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਈ 9 ਨਵੰਬਰ ਨੂੰ ਚੋਣਾਂ ਹੋਈਆਂ ਸਨ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ। ਧਾਮੀ ਨੂੰ 104 ਵੋਟਾਂ ਪਈਆਂ ਸਨ ਅਤੇ ਬੀਬੀ ਜਗੀਰ ਕੌਰ ਨੂੰ 42 ਵੋਟਾਂ ਪਈਆਂ ਸਨ। ਚੋਣ ਵਿੱਚ ਹਾਰ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਹੁਣ ਇੱਕ ਦਾਅਵਾ ਕੀਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਪੱਸ਼ਟ ਤੌਰ ’ਤੇ ਲੋਕਾਂ ਦੀ ਰਾਏ ਬਾਰੇ ਦੱਸਿਆ ਸੀ ਕਿ ਪੰਜਾਬ ਦੇ ਲੋਕ ਬਾਦਲਾਂ ਦਾ ਵਿਰੋਧ ਕਰਦੇ ਹਨ। ਇਸੇ ਤਰ੍ਹਾਂ ਦੇ ਵਿਚਾਰ ਪਾਰਟੀ ਦੇ ਹੋਰ ਆਗੂ ਵੀ ਰੱਖਦੇ ਸਨ ਪਰ ਉਹ ਬਾਦਲਾਂ ਸਾਹਮਣੇ ਗੱਲ ਕਹਿਣ ਦੀ ਜ਼ੁਅੱਰਤ ਨਹੀਂ ਕਰਦੇ ਸਨ। ਬੀਬੀ ਜਗੀਰ ਕੌਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੰਥਕ ਹਲਕਿਆਂ ਵਿੱਚੋਂ ਆ ਰਹੀ ਆਵਾਜ਼ ਹੀ ਸੁਖਬੀਰ ਬਾਦਲ ਦੇ ਕੰਨਾਂ ਤੱਕ ਪਹੁੰਚਾਈ ਸੀ ਪਰ ਇਸ ਗੱਲ ਨੂੰ ਸੁਖਬੀਰ ਬਾਦਲ ਨੇ ਗ਼ਲਤ ਸਮਝ ਲਿਆ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਥਕ ਸੋਚ ਵਾਲੇ ਵੀ ਤੇ ਸਮੁੱਚਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਤਾਂ ਚਾਹੁੰਦੇ ਹਨ ਪਰ ਉਹ ਪਾਰਟੀ ’ਤੇ ਕਿਸੇ ਇੱਕ ਪਰਿਵਾਰ ਦਾ ਕਬਜ਼ਾ ਨਹੀਂ ਚਾਹੁੰਦੇ। ਜਦੋਂ ਇਹ ਸਾਰੀਆਂ ਗੱਲਾਂ ਸੁਖਬੀਰ ਨੂੰ ਦੱਸੀਆਂ ਤਾਂ ਸੱਚੀਆਂ ਤੇ ਕੌੜੀਆਂ ਗੱਲਾਂ ਦਾ ਉਹ ਗੁੱਸਾ ਕਰ ਗਏ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਦੇ ਲੀਡਰਾਂ ਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਪਾਰਟੀ ਦਾ ਏਨਾ ਮਾੜਾ ਹਾਲ ਕਿਉਂ ਹੋਇਆ ਪਰ ਉਨ੍ਹਾਂ ਵਿੱਚ ਇਹੀ ਸਾਰੀਆਂ ਗੱਲਾਂ ਬਾਦਲਾਂ ਨੂੰ ਦੱਸਣ ਦਾ ਨਾ ਤਾਂ ਹੌਂਸਲਾ ਹੈ ਤੇ ਨਾ ਹੀ ਇਮਾਨਦਾਰੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਨੇ ਸਾਬਤ ਕਰ ਦਿੱਤਾ ਕਿ ਅਕਾਲੀ ਦਲ ਦੀ ਕਮੇਟੀ ਵਿੱਚ ਸਿਆਸੀ ਦਖ਼ਲਅੰਦਾਜ਼ੀ ਕਿਸ ਪੱਧਰ ਤੱਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇੱਕ ਤਰ੍ਹਾਂ ਨਾਲ ਬੰਧਕ ਬਣਾ ਲਿਆ ਗਿਆ ਸੀ। ਮੈਂਬਰਾਂ ਨੂੰ 7 ਨਵੰਬਰ ਨੂੰ ਅਕਾਲੀ ਲੀਡਰਸ਼ਿਪ ਨੇ ਪੂਰੀ ਤਰ੍ਹਾਂ ਕੰਟਰੋਲ ਕੀਤਾ ਹੋਇਆ ਸੀ। ਅਕਾਲੀ ਦਲ ਦੇ ਨਿਰੋਲ ਸਿਆਸੀ ਆਗੂਆਂ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਾਬੂ ਕਰਨ ਦੀ ਡਿਊਟੀ ਲਾਈ ਹੋਈ ਸੀ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਬਾਬੇ ਨਾਨਕ ਨੇ ਤਾਂ ਬਾਣੀ ਵਿੱਚ ਔਰਤ ਨੂੰ ਬੜਾ ਵੱਡਾ ਮਾਣ ਬਖ਼ਸ਼ਿਆ ਹੋਇਆ ਹੈ ਪਰ ਅਕਾਲੀ ਦਲ ਨੇ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਪਹਿਲੀ ਪ੍ਰਧਾਨ ਰਹੀ ਔਰਤ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਤੇ ਪ੍ਰਧਾਨਗੀ ਚੋਣ ਸਮੇਂ ਬਣਾਈ ਗਈ ਕਾਰਜਕਾਰਨੀ ਵਿੱਚ ਇੱਕ ਵੀ ਔਰਤ ਨੂੰ ਥਾਂ ਨਹੀਂ ਦਿੱਤੀ। ਹਾਊਸ ਦੇ ਅੰਦਰ ਜਦੋਂ ਔਰਤ ਮੈਂਬਰਾਂ ਨੇ ਇਨ੍ਹਾਂ ਨੂੰ ਲਾਹਣਤਾਂ ਪਾਈਆਂ ਤਾਂ ਬਾਅਦ ਵਿੱਚ ਇੱਕ ਬੀਬੀ ਨੂੰ ਮਜਬੂਰੀਵੱਸ ਮੈਂਬਰ ਲਿਆ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਐਸਜੀਪੀਸੀ ਦੇ ਕੰਮਕਾਜ ਵਿੱਚ ਸੁਧਾਰ ਲਈ ਸਿੱਖ ਭਾਈਚਾਰੇ ਦੇ ਸਾਹਮਣੇ ਪੇਸ਼ ਕੀਤੇ ਗਏ ਪੰਥਕ ਏਜੰਡੇ ਨੂੰ ਲਾਗੂ ਕਰਵਾਉਣ ਲਈ ਯਤਨਸ਼ੀਲ ਰਹਿਣਗੇ।