Punjab

ਬੀਬੀ ਜਗੀਰ ਕੌਰ ਨੇ ਅਕਾਲੀ ਦਲ ਵਿੱਚ ਵਾਪਸੀ ਦੇ ਦਿੱਤੇ ਸੰਕੇਤ ! ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਰੱਖੀ ਇਹ ਸ਼ਰਤ

ਬਿਉਰੋ ਰਿਪੋਰਟ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਏਕੇ ਦੇ ਸੱਦੇ ਦਾ ਅਸਰ ਹੁਣ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਬੀਬੀ ਜਗੀਰ ਕੌਰ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਲਈ ਰਾਜ਼ੀ ਹੋ ਗਏ ਹਨ ਪਰ ਇਸ ਦੇ ਨਾਲ ਬੀਬੀ ਨੇ ਇੱਕ ਮੰਗ ਵੀ ਰੱਖੀ ਕਿ ਪਾਰਟੀ ਵੱਲੋਂ ਉਸ ਖ਼ਿਲਾਫ਼ ਪਾਸ ਕੀਤਾ ਮਤਾ ਵਾਪਸ ਲਵੇ ।

ਬੀਬੀ ਜਗੀਰ ਕੌਰ ਨੇ ਕਿਹਾ ਜੇਕਰ ਪਾਰਟੀ ਆਪਣੀ ਇੱਛਾ ਨਾਲ ਇਸ ‘ਤੇ ਰਾਜ਼ੀ ਹੁੰਦੀ ਹੈ ਤਾਂ ਮੈਂ ਉਸੇ ਤਰ੍ਹਾਂ ਕੰਮ ਕਰਨ ਦੇ ਲਈ ਤਿਆਰ ਹਾਂ। ਬੀਬੀ ਜਗੀਰ ਕੌਰ ਨੇ ਕਿਹਾ ਮੇਰੀ ਲੜਾਈ SGPC ਅਤੇ ਉਸ ਦੇ ਸਿਧਾਂਤ ਦੇ ਲਈ ਸੀ ਮੈਂ ਕਿਸੇ ਅਹੁਦੇ ਲਈ ਨਹੀਂ ਲੜ ਰਹੀ ਸੀ । ਹੁਣ ਵੀ ਮੈਂ ਜਿੱਥੇ ਵੀ ਰਹਾਂਗੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਹਮੇਸ਼ਾ ਖੜੀ ਰਹਾਂਗੀ ।

ਬੀਬੀ ਜਗੀਰ ਕੌਰ ਨੇ ਕਿਹਾ ਮੈਂ ਕਦੇ ਵੀ ਆਪਣੇ ਆਪ ਨੂੰ ਪਾਰਟੀ ਤੋਂ ਬਾਹਰ ਨਹੀਂ ਮੰਨਿਆ ਹੈ, ਮੈਂ ਹੁਣ ਵੀ ਸਾਰੇ ਸਟੇਜ ‘ਤੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਜੋੜ ਦੀ ਸੀ । ਬੀਬੀ ਜਗੀਰ ਕੌਰ ਵੱਲੋਂ ਜਿਹੜੀ ਮੰਗ ਰੱਖੀ ਗਈ ਹੈ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲਈ ਜ਼ਿਆਦਾ ਮੁਸ਼ਕਿਲ ਨਹੀਂ ਹੈ । ਹਾਲਾਂਕਿ ਅਕਾਲੀ ਦਲ ਦਾ ਹੁਣ ਤੱਕ ਇਸ ‘ਤੇ ਕੋਈ ਬਿਆਨ ਨਹੀਂ ਆਇਆ ਹੈ। ਪਰ ਜਿਸ ਤਰ੍ਹਾਂ ਨਾਲ ਬੀਬੀ ਜਗੀਰ ਕੌਰ ਦਾ ਇਹ ਬਿਆਨ ਆਇਆ ਹੈ ਉਸ ਤੋਂ ਸਾਫ਼ ਇਸ਼ਾਰਾ ਹੈ ਕਿ ਅੰਦਰ ਖਾਤੇ ਸੁਲਾਹ ਹੋ ਗਈ ਹੋਵੇਗੀ ਪਰ ਹੁਣ ਇਸ ਨੂੰ ਅਮਲੀ ਰੂਪ ਵਿੱਚ ਨੇਪਰੇ ਚਾੜ੍ਹਨਾ ਹੈ।

ਸਵਾ ਸਾਲ ਪਹਿਲਾਂ ਪਾਰਟੀ ਤੋਂ ਕੱਢਿਆ ਸੀ

ਸ਼੍ਰੋਮਣੀ ਅਕਾਲੀ ਦਲ ਤੋਂ ਬੀਬੀ ਜਗੀਰ ਕੌਰ ਨੂੰ 2022 ਵਿੱਚ ਕੱਢਿਆ ਗਿਆ ਸੀ,ਜਦੋਂ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਦੇ ਲਈ ਆਪਣਾ ਨਾਂ ਅੱਗੇ ਕੀਤਾ ਸੀ। ਪਾਰਟੀ ਨੇ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਤੋਂ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਸੀ । ਪਰ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਲਿਫ਼ਾਫ਼ਾ ਕਲਚਰ ਦੇ ਖ਼ਿਲਾਫ਼ ਹਨ ਅਤੇ ਉਹ SGPC ਦੇ ਮੈਂਬਰਾਂ ਨੂੰ ਹੀ ਪ੍ਰਧਾਨ ਚੁਣਨ ਦਾ ਅਧਿਕਾਰ ਹੋਣਾ ਚਾਹੀਦਾ ਹੈ ।

ਇਸ ਮਾਮਲੇ ਵਿੱਚ ਅਕਾਲੀ ਦਲ ਦੀ ਅਨੁਸ਼ਾਸਨਿਕ ਕਮੇਟੀ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਬੀਬੀ ਜਗੀਰ ਕੌਰ ਨੂੰ ਅਨੁਸ਼ਾਸਨਹੀਣਤਾ ਦਾ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ। ਪਰ ਬੀਬੀ ਜਗੀਰ ਕੌਰ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਣ ਦੀ ਵਜ੍ਹਾ ਕਰਕੇ ਬੀਬੀ ਜਗੀਰ ਕੌਰ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਬੀਬੀ ਜਗੀਰ ਕੌਰ ਨੇ SGPC ਦੀ ਚੋਣ ਲੜੀ ਸੀ ਉਨ੍ਹਾਂ ਨੂੰ 42 ਵੋਟ ਮਿਲੇ ਸਨ । ਉਸ ਵੇਲੇ ਇਲਜ਼ਾਮ ਲੱਗੇ ਸਨ ਕਿ ਬੀਬੀ ਜਗੀਰ ਕੌਰ ਨੂੰ ਕਾਂਗਰਸ ਅਤੇ ਬੀਜੇਪੀ ਦੀ ਹਮਾਇਤ ਮਿਲੀ ਹੈ ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕੀਤੀ ਹੈ। 2019 ਵਿੱਚ ਉਨ੍ਹਾਂ ਨੇ ਪਾਰਟੀ ਨੂੰ ਛੱਡ ਦਿੱਤਾ ਸੀ ਜਦੋਂ ਉਨ੍ਹਾਂ ਨੂੰ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ ।

ਜੀਕੇ ਵਾਪਸੀ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਸੀ ਕਿ ਦਿੱਲੀ ਨੇ ਪਹਿਲ ਕਰ ਦਿੱਤੀ ਹੈ ਹੁਣ ਪੰਜਾਬ ਵਿੱਚ ਵੰਡੇ ਅਕਾਲੀ ਵੀ ਹੁਣ ਇੱਕ ਝੰਡੇ ਦੇ ਹੇਠਾਂ ਇਕੱਠੇ ਹੋਣ। ਸੁਖਬੀਰ ਸਿੰਘ ਬਾਦਲ ਦੇ ਏਕੇ ਦੇ ਸੱਦੇ ‘ਤੇ ਹਾਲਾਂਕਿ ਸਭ ਤੋਂ ਪਹਿਲਾਂ ਪੋਜ਼ੀਟਿਵ ਰੁੱਖ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਆਇਆ ਸੀ।

ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੀ ਮੁਆਫ਼ੀ ਦੀ ਤਾਰੀਫ਼ ਕੀਤੀ ਸੀ। ਪਾਰਟੀ ਨੇ ਇਸੇ ਹਫ਼ਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਹੈ ਅਤੇ 2 ਹਫ਼ਤਿਆਂ ਦੇ ਅੰਦਰ ਜ਼ਿਲ੍ਹਾ ਪੱਧਰ ‘ਤੇ ਮੀਟਿੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰਨ ਦੇ ਸੰਕੇਤ ਵੀ ਦਿੱਤੇ ਹਨ ।