Punjab

ਬੀਬੀ ਜਗੀਰ ਕੌਰ ਦਾ ਸੁਖਬੀਰ ਬਾਦਲ ਨੂੰ ਜਵਾਬ! “ਅਕਾਲੀ ਦਲ ਦੇ ਮੈਂਬਰ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ”

ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਸਾਹਮਣੇ ਆਪਣਾ ਪੱਖ ਸਾਂਝਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦ ਅਨੁਸ਼ਸਨ ਭੰਗ ਨਹੀਂ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਮੈਂ ਘਰੋਂ ਬਾਹਰ ਗਈ ਹੀ ਨਹੀਂ ਕਦੀ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕਦੀ ਪੈਰ ਬਾਹਰ ਨਹੀਂ ਕੱਢਿਆ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਵਿਧੀ ਵਿਧਾਨ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗੇ ਜਾਣ ਦੀ ਪੂਰੀ ਪ੍ਰਕਿਰਿਆ ਸਮਝਾਈ ਹੈ। ਉਨ੍ਹਾਂ ਦਾ ਸਿੱਧਾ ਇਸ਼ਾਰਾ ਸੁਖਬੀਰ ਬਾਦਲ ਵੱਲ ਸੀ।

ਬੀਬੀ ਜਗੀਰ ਕੌਰ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੰਗੀ ਮੁਆਫ਼ੀ ਨੂੰ ਨਕਾਰਦਿਆਂ ਕਿਹਾ ਕਿ ਮੁਆਫ਼ੀ ਮੰਗਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਦਾ ਵੀ ਵਿਧੀ ਵਿਧਾਨ, ਕੁਝ ਸਿਧਾਂਤ ਤੇ ਮਰਿਆਦਾ ਹੈ। ਉਨ੍ਹਾਂ ਕਿਹਾ ਕਿ ਲੰਮਾ ਇਤਿਹਾਸ ਵੇਖ ਲਓ, ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਬੂਟਾ ਸਿੰਘ ਜੀ ਤੇ ਸਰਦਾਰ ਸੁਰਜੀਤ ਸਿੰਘ ਜੀ ਬਰਨਾਲਾ, ਇਨ੍ਹਾਂ ਸਾਰਿਆਂ ਨੇ ਸ੍ਰੀ ਅਕਾਲ ਤਖ਼ਤ ਜਾ ਕੇ ਖਿਮਾ ਜਾਚਨਾ ਕੀਤੀ ਹੈ।

ਬੀਬੀ ਜਗੀਰ ਕੌਰ ਨੇ ਦੱਸਿਆ ਕਿ ਵਿਧੀ ਵਿਧਾਨ ਮੁਤਾਬਕ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਜਥੇਦਾਰ ਨੂੰ ਕਹਿ ਕੇ ਖਿਮਾ ਜਾਚਨਾ ਬਾਰੇ ਚਿੱਠੀ ਦੇਣੀ ਪੈਂਦੀ ਹੈ। ਇਸ ਚਿੱਠੀ ‘ਤੇ ਪੰਜ ਸਿੰਘ ਸਾਹਿਬਾਨ ਬੈਠ ਕੇ ਚਰਚਾ ਕਰਦੇ ਹਨ, ਤੇ ਫਿਰ ਖਿਮਾ ਮੰਗਣ ਵਾਲੇ ਨੂੰ ਦੁਬਾਰਾ ਬੁਲਾਇਆ ਜਾਂਦਾ ਹੈ ਤੇ ਉਨ੍ਹਾਂ ਕੋਲੋਂ ਸਪਸ਼ਟੀਕਰਨ ਲਿਆ ਜਾਂਦਾ ਹੈ।

ਇਸ ਤੋਂ ਬਾਅਦ 5 ਸਿੰਘ ਸਾਹਿਬਾਨ ਤੈਅ ਕਰਦੇ ਹਨ ਤੇ ਖਿਮਾ ਮੰਗਣ ਵਾਲੇ ਨੂੰ ਤਨਖ਼ਾਹ ਲਾਉਣੀ ਹੈ ਜਾਂ ਸਜ਼ਾ ਕੀ ਦੇਣੀ ਹੈ। ਪੰਜ ਸਾਹਿਬਾਨ ਤਖ਼ਤ ‘ਤੇ ਖੜੇ ਹੁੰਦੇ ਹਨ ਤੇ ਦੋਸ਼ੀ ਹੇਠਾਂ ਖੜਾ ਹੁੰਦਾ ਹੈ। ਫਿਰ ਤਖ਼ਤ ਦੇ ਜਥੇਦਾਰ ਉਸ ਦੋਸ਼ੀ ਕੋਲੋਂ ਇੱਕ-ਇੱਕ ਕਰਕੇ ਚੀਜ਼ਾਂ ਪੁੱਛਦੇ ਹਨ। ਇਸ ਤੋਂ ਬਾਅਦ ਜਦ ਦੋਸ਼ੀ ਆਪਣੇ ਵੱਲੋਂ ਕੀਤੀ ਅਵੱਗਿਆ ਕਬੂਲਦਾ ਹੈ ਤਾਂ ਜਥੇਦਾਰ ਉਸ ਨੂੰ ਧਾਰਮਿਕ ਸੇਵਾ ਜਾਂ ਤਨਖ਼ਾਹ ਦਾ ਐਲਾਨ ਕਰਦੇ ਹਨ। ਜਥੇਦਾਰ ਵੱਲੋਂ ਲਗਾਈ ਇਸ ਤਨਖ਼ਾਹ ਨੂੰ ਜਦੋਂ ਦੋਸ਼ੀ ਕਬੂਲ ਕਰਦਾ ਹੈ ਤਾਂ ਇਸ ਵਿਧੀ ਵਿਧਾਨ ਰਾਹੀਂ ਮੁਆਫ਼ੀ ਮੁਕੰਮਲ ਮੰਨੀ ਜਾਂਦੀ ਹੈ।

ਬੀਬੀ ਜਗੀਰ ਕੌਰ ਨੇ ਮੀਡੀਆ ਸਾਹਮਣੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਮੁਆਫ਼ੀ ਮੰਗੀ ਹੈ ਉਹ ਮੰਨਣਯੋਗ ਨਹੀਂ। ਅਸੀਂ ਰੋਜ਼ ਕਿਸੇ ਨਾ ਕਿਸੇ ਸਟੇਜ ਤੋਂ ਮੁਆਫ਼ੀ ਮੰਗਦੇ ਹਾਂ। ਉਨ੍ਹਾਂ ਕਿਹਾ ਕਿ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਗੁਰਮਤਿ ਦਾ ਘਾਣ ਕਰੇ ਜਾਂ ਵਿਧੀ ਵਿਧਾਨ ਵਿੱਚ ਦਖ਼ਲ ਅੰਦਾਜ਼ੀ ਕਰੇ।

ਕੱਲ੍ਹ 25 ਜੂਨ ਦੀ ਜਲੰਧਰ ਵਾਲੀ ਗੱਲ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਪਾਰਟੀ ਬਾਰੇ ਮੰਥਨ ਕੀਤਾ, ਪਾਰਟੀ ਬਾਰੇ ਵਿਚਾਰਾਂ ਕੀਤੀਆਂ। ਜੇ ਅਸੀਂ ਪਾਰਟੀ ਲਈ ਹਾਅ ਦਾ ਨਾਅਰਾ ਮਾਰਦੇ ਹਾਂ, ਲੋਕਾਂ ਨੂੰ ਲਾਮਬੰਦ ਕਰਦੇ ਹਾਂ ਤੇ ਤਕਲੀਫ਼ ਕਿਸਨੂੰ ਹੋ ਰਹੀ ਹੈ? ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਾਲੀ ਬੈਠਕ ਵਿੱਚ ਸ਼ਾਮਲ ਹੋਣ ਲਈ ਮੈਨੂੰ ਫ਼ੋਨ ਆਇਆ ਸੀ, ਪਰ ਜਦੋਂ ਮੈਨੂੰ ਪਤਾ ਲੱਗਾ ਕਿ ਬਾਕੀ ਆਗੂਆਂ ਨੂੰ ਨਹੀਂ ਬੁਲਾਇਆ ਗਿਆ, ਤਾਂ ਮੇਰੇ ਅੰਦਰ ਵੀ ਦਰਦ ਉੱਠਿਆ।

ਇਹ ਵੀ ਪੜ੍ਹੋ – ਕਿਸੇ ਨੇ ਰੋਕਿਆ ਸੀ ਬਰਨਾਲਾ ਨੂੰ ਪ੍ਰਧਾਨ ਮੰਤਰੀ ਬਣਨ ਤੋਂ, ਕਿਸ ਨੇ ਮਾਰੇ ਮੋਦੀ ਦੇ ਤਰਲੇ, ਚੰਦੂਮਾਜਰਾ ਨੇ ਸੁਖਬੀਰ ਨੂੰ ਕੀਤੇ ਸਵਾਲ