Punjab

ਕੱਲ 12 ਵਜੇ ਪੇਸ਼ ਹੋਣ ਬੀਬੀ ਜਗੀਰ ਕੌਰ,ਪਾਰਟੀ ਨੇ ਇੱਕ ਹੋਰ ਮੌਕਾ ਦਿੱਤਾ,ਬੀਬੀ ਦਾ ਆਇਆ ਤਗੜਾ ਜਵਾਬ

akali dal give Bibi jagir kaur another chance

ਬਿਊਰੋ ਰਿਪੋਰਟ : ਪਾਰਟੀ ਵਿਰੋਧੀ ਗਤੀਵਿਦਿਆਂ ਦੇ ਇਲਜ਼ਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨਿਕ ਕਮੇਟੀ ਨੇ ਬੀਬੀ ਜਗੀਰ ਕੌਰ ਨੂੰ ਇੱਕ ਹੋਰ ਮੌਕਾ ਦਿੱਤਾ ਹੈ। ਕਮੇਟੀ ਨੇ 7 ਨਵੰਬਰ 12 ਵਜੇ ਤੱਕ ਚੰਡੀਗੜ੍ਹ ਵਿੱਚ ਪਾਰਟੀ  ਦਫ਼ਤਰ ਪਹੁੰਚ ਕੇ ਜਵਾਬ ਦੇਣ ਲਈ ਕਿਹਾ ਹੈ। ਇਸ ਤੋਂ ਪਹਿਲਾਂ 2 ਨਵੰਬਰ ਨੂੰ ਪਾਰਟੀ ਨੇ ਬੀਬੀ ਜਗੀਰ ਕੌਰ ਨੂੰ ਸਸਪੈਂਡ ਕਰਦੇ ਹੋਏ 48 ਘੰਟੇ ਅੰਦਰ ਜਵਾਬ ਮੰਗਿਆ ਸੀ । 4 ਨਵੰਬਰ ਨੂੰ ਬੀਬੀ ਜਗੀਰ ਕੌਰ ਨੇ ਆਪਣਾ ਜਵਾਬ ਭੇਜ ਦਿੱਤਾ ਸੀ ਪਰ ਪਾਰਟੀ ਨੇ 2 ਦਿਨਾਂ ਦਾ ਹੋਰ ਸਮਾਂ ਬੀਬੀ ਜਗੀਰ ਕੌਰ ਨੂੰ ਸੋਚਣ ਦੇ ਲਈ ਦਿੱਤਾ ਸੀ ।  ਸਮਾਂ ਹੱਦ ਖ਼ਤਮ ਹੋਣ ਤੋਂ ਬਾਅਦ 6 ਨਵੰਬਰ ਐਤਵਾਰ ਨੂੰ ਪਾਰਟੀ ਦੀ ਅਨੁਸ਼ਾਸਨਿਕ ਕਮੇਟੀ ਦੀ ਮੀਟਿੰਗ ਹੋਈ ਅਤੇ 7 ਨਵੰਬਰ 12 ਵਜੇ ਤੱਕ ਬੀਬੀ ਜਗੀਰ ਕੌਰ ਨੂੰ ਨਿੱਜੀ ਤੌਰ ‘ਤੇ ਪਾਰਟੀ ਦਫ਼ਤਰ ਵਿੱਚ ਪੇਸ਼ ਹੋਕੇ ਸਪਸ਼ਟੀਕਰਨ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ । ਉਧਰ ਬੀਬੀ ਜਗੀਰ ਕੌਰ ਦੇ ਤੇਵਰ ਹੋਰ ਸਖ਼ਤ ਹੋ ਗਏ ਹਨ ਉਨ੍ਹਾਂ ਕਿਹਾ  ਮੈਨੂੰ ਕੋਈ   ਨੋਟਿਸ ਨਹੀਂ ਮਿਲਿਆ ਹੈ ਪਰ ਹੁਣ ਉਹ ਨਹੀਂ ਜਾਣਗੇ  ਕਿਉਂਕਿ ਪਾਰਟੀ ਵੱਲੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ।  ਉਧਰ ਬੀਬੀ ਜਗੀਰ ਕੌਰ ਨੇ ਇੱਕ ਵਾਰ ਮੁੜ ਤੋਂ ਚੋਣ ਲੜਨ ਦਾ ਐਲਾਨ ਕਰਦੇ ਹੋਏ ਆਪਣਾ ਮੈਨੀਫੈਸਟੋ ਜਾਰੀ ਕਰਦੇ ਹੋਏ   ਸੁਖਬੀਰ ਬਾਦਲ ਨੂੰ ਮੀਰੀ ਪੀਰੀ ਦਾ ਸਿਧਾਂਤ ਪੜਾਇਆ ਹੈ ।

ਬੀਬੀ ਜਗੀਰ ਕੌਰ ਨੇ ਸੁਖਬੀਰ ਨੂੰ ਪੜਾਇਆ ਮੀਰੀ ਪੀਰੀ ਦਾ ਸਿਧਾਂਤ

ਬੀਬੀ ਜਗੀਰ ਕੌਰ ਨੇ ਕਿਹਾ  ਕਿ ਲਿਫਾਫਾ ਕਲਚਰ ‘ਤੇ ਇਸ ਲਈ ਸਵਾਲ ਚੁੱਕੇ  ਸਨ ਕਿਉਂਕਿ ਸੰਗਤਾਂ ਨੂੰ ਉਨ੍ਹਾਂ ਦੀ ਜਵਾਬਦੇਹੀ ਹੁੰਦੀ ਸੀ । ਉਨ੍ਹਾਂ  ਕਿਹਾ  ਹੁਣ  ਮੈਂ ਜਦੋਂ ਆਵਾਜ਼ ਚੁੱਕੀ  ਤਾਂ ਪਹਿਲੀ ਵਾਰ ਪ੍ਰਧਾਨ ਦੀ ਚੋਣ ਦੇ ਲਈ ਪਾਰਟੀ ਵੱਲੋਂ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਮੀਰੀ ਪੀਰੀ ਦੇ ਸਿਧਾਂਤ ਦਾ ਪਾਠ ਵੀ ਪੜਾਇਆ ਗਿਆ, ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦੀ ਸਥਾਪਨਾ SGPC ਦੀ ਸਿਆਸੀ ਮਦਦ ਲਈ ਹੋਈ ਸੀ ਪਰ ਮੌਜੂਦਾ ਲੀਡਰਸ਼ਿੱਪ ਨੇ ਇਸ ਦੀ ਖੁਦਮੁਖ਼ਤਾਰੀ ਨੂੰ ਢਾਅ ਲਾ ਦਿੱਤੀ ਹੈ। ਉਨ੍ਹਾਂ  ਦਾਅਵਾ ਕੀਤੀ ਕਿ ਸਿੱਖ ਧਰਮ ਵੀ ਮੀਰੀ ਪੀਰੀ ਦੇ ਸਿਧਾਂਤ  ਦੀ ਗਵਾਈ ਭਰ ਦਾ ਹੈ। ਹਮੇਸ਼ਾ ਧਰਮ ਨੂੰ ਸਿਆਸਤ ਤੋਂ ਉੱਚਾ ਰੱਖਿਆ ਗਿਆ ਹੈ । ਜਦਕਿ ਅਕਾਲੀ ਦਲ ਦੀ ਲੀਡਰਸ਼ਿੱਪ ਧਰਮ ਨੂੰ ਆਪਣੇ ਅਧੀਨ ਰੱਖਣਾ ਚਾਉਂਦੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਤਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਦੇ ਲਈ ਉਹ ਨਿਯਮ ਬਣਾਉਣਗੇ ਤਾਂਕਿ ਨਿਯੁਕਤੀ ‘ਤੇ ਸਵਾਲ ਨਾ ਚੁੱਕੇ ਜਾ ਸਕਣ। ਇਸ ਤੋਂ ਇਲਾਵਾ ਸਾਬਕਾ ਐੱਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੌਜੂਦਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ‘ਤੇ ਸਿਆਸੀ ਹਮਲਾ ਕਰਦੇ ਹੋਏ ਇਲਜ਼ਾਮ ਲਗਾਇਆ ਕਿ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਦਾ ਪਾਲਨ ਨਹੀਂ ਹੋਇਆ ਹੈ । ਸ੍ਰੀ ਅਕਾਲ ਤਖ਼ਤ ਵੱਲੋਂ ਨਿਰਦੇਸ਼ ਦਿੱਤੇ ਗਏ ਸਨ ਕਿ ਕਮੇਟੀ ਆਪਣਾ ਟੀਵੀ ਚੈੱਨਲ ਗੁਰਬਾਣੀ ਦੇ ਪ੍ਰਸਾਰਨ  ਲਈ ਸ਼ੁਰੂ ਕਰੇ ਪਰ ਉਨ੍ਹਾਂ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਸਿਰਫ਼ PTC ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਬੀਬੀ ਜਗੀਰ ਕੌਰ ਨੇ ਬੰਦੀ ਸਿੰਘਾਂ ਦੀ ਰਿਹਾਈ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ SGPC ਪ੍ਰਧਾਨ ਦੇ ਰੋਲ ਨੂੰ ਲੈਕੇ ਵੀ ਸਵਾਲ ਚੁੱਕੇ ਹਨ ਉਨ੍ਹਾਂ ਕਿਹਾ ਦੋਵਾਂ ਨੇ ਸਹੀ ਢੰਗ ਨਾਲ ਕੇਂਦਰ ਸਰਕਾਰ ਦੇ ਸਾਹਮਣੇ ਮੁੱਦਾ ਨਹੀਂ ਚੁੱਕਿਆ ਇਸੇ ਲਈ ਹੁਣ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਸਕਦੀ ਹੈ ।