ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਬੀਬੀ ਜਗੀਰ ਕੌਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ। ਤਖ਼ਤ ਵੱਲੋਂ ਉਨ੍ਹਾਂ ’ਤੇ ਲੱਗੇ ਇਲਜ਼ਾਮਾਂ ਦਾ ਸਪੱਸ਼ਟੀਕਰਨ ਦੇਣ ਵਾਸਤੇ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਸੀ। ਆਪਣਾ ਜਵਾਬ ਦਾਖ਼ਲ ਕਰਨ ਤੋਂ ਬਾਅਦ ਇੱਥੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੇ ਸਿਆਸੀ ਵਿਰੋਧੀਆਂ ਨੇ ਕਿਸੇ ਆਮ ਬੰਦੇ ਨੂੰ ਭੇਜ ਕੇ ਮੇਰੇ ਵਿਰੁੱਧ ਝੂਠੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਵੀ ਮੇਰੇ ਖ਼ਿਲਾਫ਼ ਝੂਠੀ ਦਰਖ਼ਾਸਤ ਦਿੱਤੀ, ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਵੀ ਸਵਾਲ ਚੁੱਕੇ ਕਿ ਉਨ੍ਹਾਂ ਨੂੰ ਭੇਜੀ ਚਿੱਠੀ ਦੀ ਇਬਾਰਿਤ ਪੜ੍ਹ ਕੇ ਸੰਸਾਦ ਦਾ ਹਰ ਸਿੱਖ ਤੇ ਬੀਬੀ ਅਪਮਾਨਿਤ ਹੋਈ ਹੈ ਅਤੇ ਤਖ਼ਤ ਦੀ ਮਹਾਨ ਮਰਿਆਦਾ, ਸਿਧਾਂਤ ਤੇ ਪਰੰਪਰਾ ਦਾ ਘਾਣ ਹੋਇਆ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਨੂੰ ਅਫ਼ਸੋਸ ਹੈ ਕਿ ਮੇਰੇ ’ਤੇ ਪਏ ਬੇਬੁਨਿਆਦ ਬੇਤੁਕੇ ਤੇ ਸਰਾਸਰ ਝੂਠੇ ਮਾਮਲੇ ਸਬੰਧੀ ਮੇਰੇ ਸਿਆਸੀ ਵਿਰੋਧੀਆਂ ਨੇ ਕਿਸੇ ਆਮ ਬੰਦੇ ਨੂੰ ਭੇਜ ਕੇ ਮੇਰੇ ਵਿਰੁੱਧ ਸ਼ਿਕਾਇਤ ਕਰਵਾਈ ਜੋ ਸਰਾਸਰ ਝੂਠੀ ਹੈ। ਮੈਨੂੰ ਅਫ਼ਸੋਸ ਹੈ ਕਿ ਇਹ ਮਹਾਨ ਤਖ਼ਤ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਜਿਸ ਮਕਸਦ ਲਈ ਬਣਾਇਆ ਹੋਵੇਗਾ, ਕਿ ਕਿਹੜੇ ਪੰਥਕ ਮਸਲੇ ਇੱਥੇ ਵਿਚਾਰੇ ਜਾਣਗੇ, ਅਫ਼ਸੋਸ ਉੱਥੋਂ ਤੱਕ ਅਸੀਂ ਪਹੁੰਚ ਹੀ ਨਹੀਂ ਸਕਦੇ। ਤਖ਼ਤ ਵੱਲੋਂ ਭੇਜੀ ਚਿੱਠੀ ਦੀ ਇਬਾਰਿਤ ਪੜ੍ਹ ਕੇ ਸੰਸਾਰ ਦਾ ਹਰ ਸਿੱਖ ਤੇ ਬੀਬੀ ਅਪਮਾਨਿਤ ਹੋਈ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਸਿੱਖ ਰਹਿਤ ਮਰਿਆਦਾ ਦੀ ਗੱਲ ਆਈ ਹੈ, ਬੀਬੀ ਜਗੀਰ ਕੌਰ ਨੇ ਹਮੇਸ਼ਾ ਇਸ ਦੀ ਪਹਿਰੇਦਾਰੀ ਕੀਤੀ ਹੈ ਤੇ ਕਰਦੀ ਰਹੇਗੀ। ਉਨ੍ਹਾਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਮੇਰੀ ਜ਼ਿੰਦਗੀ ਨੂੰ ਇਸ ਨਾਲ ਫ਼ਰਕ ਪਵੇ ਜਾਂ ਨਾ ਪਵੇ ਪਰ ਮੈਨੂੰ ਦੁੱਖ ਹੈ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਮਰਿਆਦਾ, ਸਿਧਾਂਤ ਤੇ ਪਰੰਪਰਾ ਦਾ ਘਾਣ ਹੋਇਆ ਹੈ। ਉਨ੍ਹਾਂ ਜਥੇਦਾਰ ਸਾਹਿਬ ਨੂੰ ਅਪੀਲ ਹੈ ਕਿ ਇਸ ਬਾਬਦ ਸਾਰੇ ਫੈਸਲੇ ਧਾਰਮਿਕ ਪਰਿਪੇਖ ਵਿੱਚ ਲਏ ਜਾਣ ਅਤੇ ਜਿਨ੍ਹਾਂ ਨੇ ਵੀ ਮੇਰੇ ਖ਼ਿਲਾਫ਼ ਝੂਠੀ ਦਰਖ਼ਾਸਤ ਦਿੱਤੀ ਹੈ ਉਨ੍ਹਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਤਖ਼ਤ ਦੀ ਮਾਣ-ਮਰਿਆਦਾ ਕਾਇਮ ਰਹੇ।
ਬੀਬੀ ਜਗੀਰ ਕੌਰ ਨੇ ਗਿਣਾਈਆਂ ਆਪਣੀਆਂ ਪ੍ਰਾਪਤੀਆਂ
ਇਸ ਦੌਰਾਨ ਬੀਬੀ ਜਗੀਰ ਕੌਰ ਨੇ ਆਪਣੇ ਧਾਰਮਿਕ-ਸਿਆਸੀ ਸਫ਼ਰ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਦੇ ਵਡੇਰਿਆਂ ਨੇ ਬੜੇ ਲੰਮੇ ਸਮੇਂ ਤੋਂ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਅਤੇ ਪੰਥ ਦੀਆਂ ਸੇਵਾਵਾਂ ਲਈ ਲੰਮੇ ਸਮੇਂ ਤੱਕ ਜੱਦੋਜਹਿਦ ਕੀਤੀ। ਮੈਨੂੰ ਵੀ ਲਗਾਤਾਰ 40 ਸਾਲ ਤੋਂ ਪੰਥ ਦੀ ਸੇਵਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਮੈਂ ਲਗਾਤਾਰ 28 ਸਾਲ ਤੋਂ SGPC ਦੀ ਮੈਂਬਰ ਹਾਂ। 4 ਵਾਰ ਮੈਨੂੰ ਮੁੱਖ ਸੇਵਾਦਾਰ ਹੋਣ ਦਾ ਵੀ ਮੌਕਾ ਮਿਲਿਆ। ਜਦੋਂ ਮੈਨੂੰ ਇਹ ਜ਼ਿੰਮੇਦਾਰੀਆਂ ਦਿੱਤੀਆਂ ਜਾਂਦੀਆਂ ਸਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਮੂਹ ਜਥੇਦਾਰ ਸਾਹਿਬਾਨ ਦੀ ਮੌਜੂਦਗੀ ਵਿੱਚ ਇਹ ਫੈਸਲੇ ਹੁੰਦੇ ਸਨ, ਸਾਰੇ ਲੋਕ ਇਹ ਦੇਖਦੇ ਸਨ।
ਇਸ ਦੌਰਾਨ ਮੈਂ 2004 ਵਿੱਚ ਜਨਰਲ ਚੋਣ ਲੜੀ ਤੇ ਮੈਂਬਰ ਬਣੀ ਤੇ ਫਿਰ 2020 ਵਿੱਚ ਫਿਰ ਪ੍ਰਧਾਨ ਵੀ ਬਣੀ। ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਸਮਾਗਮ ’ਤੇ ਵੀ ਮੈਂ ਬਤੌਰ ਸਟੇਜ ਸਕੱਤਰ ਕੰਮ ਕੀਤਾ। ਤਕਰੀਬਨ ਸਾਰੀਆਂ ਸ਼ਤਾਬਦੀਆਂ ਮੇਰੇ ਹੱਥਾਂ ਵਿੱਚੋਂ ਲੰਘੀਆਂ। 2011 ਵਿੱਚ ਵੀ ਮੈਂ SGPC ਦੀ ਮੈਂਬਰ ਬਣੀ।
ਉਨ੍ਹਾਂ ਕਿਹਾ ਕਿ ਜਦੋਂ ਮੇਰੀ ਵੱਡੀ ਬੇਟੀ ਨਾਲ ਭਾਣਾ ਵਾਪਰਿਆ ਤਾਂ ਮੈਂ ਸ਼੍ਰੋਮਣੀ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਸੀ, ਉਸ ਵੇਲੇ ਪੰਥ ਦੋਖੀਆਂ ਤੇ ਮੇਰੇ ਸਿਆਸੀ ਵਿਰੋਧੀਆਂ ਕੋਲੋਂ ਮੇਰੀ ਪ੍ਰਧਾਨਗੀ ਤੇ ਬੁਲੰਦੀ ਝੱਲੀ ਨਹੀਂ ਗਈ। ਉਨ੍ਹਾਂ ਵੱਲੋਂ ਝੂਠਾ ਤੇ ਬੇਬੁਨਿਆਦ ਕੇਸ ਮੇਰੇ ’ਤੇ ਪਾਇਆ ਗਿਆ, ਜਿਸ ਦੀ ਮੈਂ ਲਗਾਤਾਰ 18 ਸਾਲ ਚੀਸ ਝੱਲੀ ਤੇ ਅਖ਼ੀਰ 2018 ਵਿੱਚ ਮੈਂ ਇਸ ਮਾਮਲੇ ਵਿੱਚ ਬਾਇੱਜ਼ਤ ਬਰੀ ਹੋ ਗਈ ਸੀ।