Punjab

ਬੀਬੀ ਜਗੀਰ ਕੌਰ ਨੇ ਕਿਸ ਸ਼ਰਤ ‘ਤੇ ਇਮਾਰਤ ਦੀ ਦੇਖਭਾਲ ਕਰਨ ਦੀ ਮੰਨੀ ਗੱਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਰੰਗ ਜੇ ਇਤਿਹਾਸਕ ਹੋਈ ਤਾਂ ਅਸੀਂ ਇਸਨੂੰ ਜ਼ਰੂਰ ਸੰਭਾਲ ਕੇ ਰੱਖਾਂਗੇ। ਉਨ੍ਹਾਂ ਕਿਹਾ ਕਿ ਇਤਿਹਾਸਕਾਰ ਨੂੰ ਬੁਲਾ ਕੇ ਪੜਤਾਲ ਕਰਾਂਗੇ ਕਿ ਇਹ ਇਮਾਰਤ ਕਿਹੜੀ ਹੈ, ਕੀ ਇਸਦਾ ਇਤਿਹਾਸ ਨਾਲ ਕੋਈ ਸਬੰਧ ਹੈ। ਅਸੀਂ ਇਮਾਰਤ ਦੀ ਸਾਰੀ ਖੁਦਾਈ ਕਰਕੇ ਇਸਦਾ ਪਤਾ ਲਗਾਵਾਂਗੇ। ਪੜਤਾਲ ਕਰਕੇ ਅਸੀਂ ਇਸ ਇਮਾਰਤ ਨੂੰ ਸੰਭਾਲ ਕੇ ਰੱਖਾਂਗੇ।

ਉਨ੍ਹਾਂ ਕਿਹਾ ਕਿ ਬੀਤੇ ਦਿਨ ਖੁਦਾਈ ਕਰਦਿਆਂ ਪੁਰਾਤਨ ਦਿੱਖ ਵਾਲੇ ਕੁੱਝ ਕਮਰੇ ਸਾਹਮਣੇ ਆਏ ਹਨ, ਜੋ ਨਿੱਕੀ ਇੱਟ ਦੇ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਦੀ ਪੁਰਾਤਨਤਾ ਅਤੇ ਇਤਿਹਾਸਕਤਾ ਸਬੰਧੀ ਮਾਹਿਰਾਂ ਦੀ ਰਾਇ ਲਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਹੋਰ ਮਾਹਿਰਾਂ ਅਤੇ ਇਤਿਹਾਸਕਾਰਾਂ ਦੀਆਂ ਵੀ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਪੁਰਾਤੱਤਵ ਵਿਭਾਗ ਰਾਹੀਂ ਪਤਾ ਲਗਾਉਣ ਲਈ ਵੀ ਕਿਹਾ ਗਿਆ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਕਾਰਸੇਵਾ ਦੌਰਾਨ ਸਾਹਮਣੇ ਆਈ ਇਮਾਰਤ ਦੇ ਢਾਂਚੇ ਬਾਰੇ ਕੁੱਝ ਲੋਕ ਜਾਣ-ਬੁੱਝ ਕੇ ਮੁੱਦਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੀਆਂ ਸੰਗਤਾਂ ਲਈ ਸੇਵਾਵਾਂ ਕਰ ਰਹੀ ਹੈ। ਸਮੇਂ ਦੀ ਲੋੜ ਅਨੁਸਾਰ ਸੰਗਤਾਂ ਦੀ ਸਹੂਲਤ ਲਈ ਕਾਰਜ ਕਰਨੇ ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਹੈ। ਇਸੇ ਤਹਿਤ ਹੀ ਇਸ ਜੋੜਾ ਘਰ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਜੇਕਰ ਕਾਰ ਸੇਵਾ ਦੌਰਾਨ ਕੋਈ ਪੁਰਾਣੀ ਇਮਾਰਤ ਦਿਖਾਈ ਦਿੱਤੀ ਹੈ ਤਾਂ ਇਸ ਦਾ ਮੰਤਵ ਹਰਗਿਜ ਇਹ ਨਹੀਂ ਹੈ ਕਿ ਉਸ ਨੂੰ ਢਾਹ ਦਿੱਤਾ ਜਾਵੇਗਾ।

ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਇਮਾਰਤ ‘ਤੇ ਕੋਈ ਵਿਵਾਦ ਨਾ ਬਣਾਇਆ ਜਾਵੇ। ਉਨ੍ਹਾਂ ਨੇ ਵਿਦਵਾਨਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਜੇਕਰ ਕੋਈ ਇਤਿਹਾਸ ਨੂੰ ਜਾਣਦਾ ਹੋਵੇ ਤਾਂ ਉਹ ਜ਼ਰੂਰ ਉੱਥੇ ਆ ਕੇ ਇਸ ਬਾਰੇ ਆਪਣੀ ਸਲਾਹ ਦੇਣ।