India

ਬਿਉਰੋ ਰਿਪੋਰਟ : ਕੁਸ਼ਤੀ ਸੰਘ ਦੇ ਪ੍ਰਧਾਨ ਦੇ ਵਜੋਂ ਸੰਜੇ ਸਿੰਘ ਦੀ ਚੋਣ ਨੂੰ ਲੈਕੇ ਹੋਏ ਵਿਵਾਦ ਤੋਂ ਬਾਅਦ ਹੁਣ ਓਲੰਪਿਕ ਐਸੋਸੀਏਸ਼ਨ ਨੇ ਤਿੰਨੰ ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕਰ ਦਿੱਤਾ ਹੈ। ਭੁਪਿੰਦਰ ਸਿੰਘ ਬਾਜਵਾ ਕਮੇਟੀ ਦੇ ਪ੍ਰਧਾਨ ਹੋਣਗੇ,ਜੋ ਕਿ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਦੇ ਰਿਸ਼ਤੇ ਵਿੱਚ ਸਹੁਰਾ ਹਨ । ਇਸ ਤੋਂ ਇਲਾਵਾ ਕਮੇਟੀ ਵਿੱਚ ਇੱਕ ਮਹਿਲਾ ਮੰਜੂ ਸ਼ਾਹ ਕੰਵਰ ਨੂੰ ਸ਼ਾਮਲ ਕੀਤਾ ਗਿਆ ਹੈ । ਕੁਸ਼ਤੀ ਸੰਘ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸੰਜੇ ਸਿੰਘ ‘ਤੇ ਇਲਜ਼ਾਮ ਸੀ ਉਹ ਬ੍ਰਿਜਭੂਸ਼ਣ ਸਿੰਘ ਦੇ ਨਜ਼ਦੀਕੀ ਹਨ । ਜਿਸ ਦੇ ਵਿਰੋਧ ਵਿੱਚ ਔਰਤ ਭਲਵਾਨ ਸਾਕਸ਼ੀ ਸਿੰਘ ਨੇ ਸਭ ਤੋਂ ਪਹਿਲਾਂ ਸੰਨਿਆਸ ਲੈਣ ਦਾ ਐਲਾਨ ਕੀਤਾ। ਫਿਰ ਭਲਵਾਨ ਭਜਰੰਗ ਪੁਨੀਆ ਨੇ ਆਪਣਾ ਪਦਮਸ਼੍ਰੀ ਵਾਪਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਸੀ । ਇਸ ਤੋਂ ਬਾਅਦ ਬੀਤੇ ਦਿਨ ਭਲਵਾਨ ਵਿਨੇਸ਼ ਫੋਗਾਟ ਨੇ ਵੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਖੇਡ ਰਤਨ ਅਤੇ ਅਰਜੁਨ ਅਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਸੀ।

ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸਿੰਘ ‘ਤੇ ਔਰਤ ਭਲਵਾਨਾਂ ਨੇ ਸ਼ਰੀਰਕ ਸੋਸ਼ਣ ਦਾ ਇਲਜ਼ਾਮ ਲਗਾਇਆ ਸੀ ਅਤੇ ਪਿਛਲੇ ਸਾਲ ਕੁਰਸੀ ਤੋਂ ਹਟਾਉਣ ਦੇ ਲਈ ਅੰਦੋਲਨ ਸ਼ੁਰੂ ਕੀਤਾ ਸੀ। ਦਿੱਲੀ ਦੇ ਜੰਤਰ ਮੰਤਰ ਵਿੱਚ ਅੰਦੋਲਨ ਦੌਰਾਨ ਬਾਅਦ ਬ੍ਰਿਜਭੂਸ਼ਣ ਨੂੰ ਅਹੁਦੇ ਤੋਂ ਹੱਟਾ ਦਿੱਤਾ ਗਿਆ ਸੀ। ਕੇਂਦਰੀ ਖੇਡ ਮੰਤਰੀ ਨੇ ਭਲਵਾਨਾਂ ਨੂੰ ਪੂਰਾ ਭਰੋਸਾ ਦਿੱਤਾ ਸੀ ਇਸ ਕੇਸ ਵਿੱਚ FIR ਦਰਜ ਹੋਵੇਗੀ । ਪਰ ਜਦੋਂ 3 ਮਹੀਨੇ ਬਾਅਦ ਵੀ ਕੁਝ ਨਹੀਂ ਹੋਇਆ ਤਾਂ ਸਾਕਸ਼ੀ ਸਿੰਘ,ਬਜਰੰਗ ਪੁਨੀਆ,ਵਿਨੇਸ਼ ਫੋਗਾਟ ਦੇ ਨਾਲ ਹੋਰ ਭਲਵਾਨ ਵੀ ਨਵੀਂ ਪਾਰਲੀਮੈਂਟ ਦੇ ਉਦਘਾਟਨ ਮੌਕੇ ਘਿਰਾਓ ਕਰਨ ਦੇ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜ਼ਮਾਨਤ ਮਿਲਣ ਤੋਂ ਬਾਅਦ ਸਾਰੇ ਭਲਵਾਨ ਹਰੀਦੁਆਰ ਗੰਗਾ ਵਿੱਚ ਆਪਣੇ ਮੈਡਲ ਪਾਉਣ ਲਈ ਪਹੁੰਚ ਗਏ । ਪਰ ਕਿਸਾਨ ਆਗੂਆਂ ਅਤੇ ਹੋਰ ਲੋਕਾਂ ਵੱਲੋਂ ਸਮਝਾਉਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਨਸਾਫ ਦੇਣ ਦਾ ਵਾਅਦਾ ਕੀਤਾ।

ਇਸੇ ਮਹੀਨੇ ਜਦੋਂ ਕੁਸ਼ਤੀ ਸੰਘ ਦੀਆਂ ਚੋਣਾ ਹੋਈਆਂ ਤਾਂ ਬ੍ਰਿਜਭੂਸ਼ਣ ਦੇ ਖਾਸ ਸੰਜੇ ਸਿੰਘ ਨੂੰ ਕੁਸ਼ਤੀ ਸੰਘ ਦਾ ਪ੍ਰਧਾਨ ਬਣਾ ਦਿੱਤਾ ਗਿਆ ਜਿਸ ਦਾ ਇੱਕ ਵਾਰ ਮੁੜ ਤੋਂ ਭਲਵਾਨਾਂ ਨੇ ਇੱਕ ਤੋਂ ਬਾਅਦ ਇੱਕ ਵਿਰੋਧ ਕੀਤਾ । ਭਜਰੰਗ ਪੁਨੀਆ ਨੇ ਤਾਂ ਆਪਣਾ ਪਦਮਸ਼੍ਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਸਾਹਮਣੇ ਫੁੱਟਪਾਥ ‘ਤੇ ਰੱਖ ਆਏ ਸਨ। ਵਿਨੇਸ਼ ਫੋਗਾਟ ਨੇ ਬੀਤੇ ਦਿਨੀਂ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਸਾਡੇ ਮੈਡਲ ਅਤੇ ਅਵਾਰਡ ਨੂੰ 15 ਰੁਪਏ ਦਾ ਦੱਸਿਆ ਜਾ ਰਿਹਾ ਹੈ । ਹੁਣ ਮੈਨੂੰ ਨੂੰ ਇੰਨਾਂ ਅਵਾਰਡਾਂ ਤੋਂ ਨਫਰਤ ਹੋ ਗਈ ਹੈ । ਮੈਨੂੰ ਮੇਜਰ ਧਿਆਨਚੰਦ ਖੇਡ ਰਤਨ ਅਵਾਰਡ ਮਿਲਿਆ ਸੀ । ਜਿਸ ਦਾ ਹੁਣ ਮੇਰੀ ਜ਼ਿੰਦਗੀ ਵਿੱਚ ਕੋਈ ਮਤਲਬ ਨਹੀਂ ਹੈ।

ਇੱਕ ਔਰਤ ਸਨਮਾਨ ਦੇ ਲਈ ਜ਼ਿੰਦਗੀ ਜੀਉਣਾ ਚਾਹੁੰਦੀ ਹੈ,ਇਸੇ ਲਈ ਪ੍ਰਧਾਨਮੰਤਰੀ ਸਰ, ਮੈਂ ਆਪਣਾ ਧਿਆਨਚੰਦ ਖੇਡ ਰਤਨ ਅਤੇ ਅਰਜੁਨ ਅਵਾਰਡ ਵਾਪਸ ਕਰਨਾ ਚਾਹੁੰਦੀ ਹਾਂ। ਤਾਂਕੀ ਸਨਮਾਨ ਦੇ ਲਈ ਜੀਉਣ ਦੀ ਰਾਹ ਵਿੱਚ ਇਹ ਇਨਾਮ ਸਾਡੇ ‘ਤੇ ਬੋਝ ਨਾ ਬਣ ਸਕਣ। ਵਿਨੇਸ਼ ਨੇ ਕਿਹਾ ਇਸ ਹਾਲਤ ਵਿੱਚ ਪਹੁੰਚਾਉਣ ਦੇ ਲਈ ਤਾਕਤਵਰਾਂ ਦਾ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਬਜਰੰਗ ਪੁਨੀਆ ਨੇ ਆਪਣਾ ਪਦਮਸ਼੍ਰੀ ਵਾਪਸ ਕੀਤਾ ਸੀ । ਉਸ ਨੇ ਪ੍ਰਧਾਨ ਮੰਤਰੀ ਦੇ ਘਰ ਪੁੱਟਪਾਥ ‘ਤੇ ਇਹ ਅਵਾਰਡ ਰੱਖਿਆ ਸੀ । ਉਧਰ ਸਾਕਸ਼ੀ ਮਲਿਕ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੀ ਹੈ । ਹਾਲਾਂਕਿ ਇਸ ਦੇ ਬਾਅਦ ਕੇਂਦਰ ਸਰਕਾਰ ਅਤੇ ਕੁਸ਼ਤੀ ਫੈਡਰੇਸ਼ਨ ਨੇ ਨਵੀਂ ਚੁਣੀ ਹੋਈ ਫੈਡਰੇਸ਼ਨ ਨੂੰ ਭੰਗ ਕਰ ਦਿੱਤਾ ਸੀ।

‘ਪ੍ਰਧਾਨ ਮੰਤਰੀ ਜੀ,ਆਪਣਾ ਹਾਲ ਦੱਸਣ ਦੇ ਲਈ ਪੱਤਰ ਲਿਖ ਰਹੀ ਹਾਂ’

ਸਾਕਸ਼ੀ ਮਲਿਕ ਨੇ ਕੁਸ਼ਤੀ ਛੱਡ ਦਿੱਤੀ ਹੈ ਅਤੇ ਬਜੰਗ ਪੁਨੀਆ ਨੇ ਆਪਣਾ ਪਦਮਸ਼੍ਰਈ ਵਾਪਸ ਦੇ ਦਿੱਤਾ ਹੈ । ਦੇਸ਼ ਵਿੱਚ ਉਲੰਪਿਕ ਮੈਡਲ ਜੇਤੂ ਖਿਡਾਰੀਆਂ ਨੂੰ ਇਹ ਸਬ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ । ਇਹ ਸਾਰੇ ਦੇਸ਼ ਨੂੰ ਪਤਾ ਹੈ ਕਿ ਤੁਸੀਂ ਦੇਸ਼ ਦੇ ਮੁਖੀ ਹੋ ਤੁਹਾਡੇ ਤੱਕ ਵੀ ਇਹ ਮਾਮਲਾ ਪਹੁੰਚਿਆ ਹੋਵੇਗਾ । ਪ੍ਰਧਾਨ ਮੰਤਰੀ ਜੀ ਮੈਂ ਤੁਹਾਡੇ ਘਰ ਦੀ ਧੀ ਵਿਨੇਸ਼ ਫੋਗਾਟ ਹਾਂ,ਪਿਛਲੇ 1 ਸਾਲ ਤੋਂ ਜਿਸ ਹਾਲਾਤ ਵਿੱਚ ਹਾਂ,ਉਹ ਦੱਸਣ ਦੇ ਲਈ ਤੁਹਾਨੂੰ ਪੱਤਰ ਲਿੱਖ ਰਹੀ ਹਾਂ। ਮੈਨੂੰ ਸਾਲ 2016 ਯਾਦ ਹੈ ਜਦੋਂ ਸਾਕਸ਼ੀ ਮਲਿਕ ਓਲੰਪਿਕ ਜਿੱਤ ਕੇ ਆਈ ਸੀ ਤਾਂ ਸਰਕਾਰ ਨੇ ਉਸ ਨੂੰ ‘ਬੇਟੀ ਬਚਾਓ,ਬੇਟੀ ਪੜਾਓ’ ਦਾ ਬਰੈਂਡ ਅੰਬੈਸਡਰ ਬਣਾਇਆ ਸੀ । ਜਦੋਂ ਇਸ ਦਾ ਐਲਾਨ ਹੋਇਆ ਸੀ ਤਾਂ ਦੇਸ਼ ਦੀ ਹਰ ਔਰਤ ਖਿਡਾਰੀ ਖੁਸ਼ ਸੀ । ਇੱਕ ਦੂਜੇ ਨੂੰ ਵਧਾਈ ਸੁਨੇਹਾ ਭੇਜ ਰਿਹਾ ਸੀ ।ਹੁਣ ਜਦੋਂ ਸ਼ਾਕਸ਼ੀ ਨੂੰ ਕੁਸ਼ਤੀ ਛੱਡਣੀ ਪਈ ਹੈ ਤਾਂ ਮੈਨੂੰ ਸਾਲ 2016 ਦੀ ਯਾਦ ਆ ਰਹੀ ਹੈ ਕੀ ਔਰਤ ਖਿਡਾਰੀਆਂ ਨੂੰ ਸਿਰਫ਼ ਵਿਗਿਆਪਨ ਦੇ ਲਈ ਰੱਖਿਆ ਸੀ।