Punjab

ਭੁਲੱਥ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਦੇ 5 ਨਾਮਜ਼ਦਗੀ ਪੱਤਰ ਰੱਦ, ਖਹਿਰਾ ਨੇ ਕੀਤੀ ਸ਼ਿਕਾਇਤ

ਬਿਊਰੋ ਰਿਪੋਰਟ (ਭੁਲੱਥ/ਚੰਡੀਗੜ੍ਹ, 5 ਦਸੰਬਰ 2025): ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਬਲਾਕ ਸੰਮਤੀ ਚੋਣਾਂ ਲਈ ਕਾਂਗਰਸ ਪਾਰਟੀ ਦੇ 5 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਨੇ ਇਸ ਸਬੰਧੀ ਪੰਜਾਬ ਦੇ ਰਾਜ ਚੋਣ ਕਮਿਸ਼ਨਰ, ਸ਼੍ਰੀ ਰਾਜ ਕਮਲ, ਨੂੰ ਇੱਕ ਰਸਮੀ ਸ਼ਿਕਾਇਤ ਕੀਤੀ ਹੈ।

ਸ਼ਿਕਾਇਤ ਵਿੱਚ ਵਿਧਾਇਕ ਖਹਿਰਾ ਨੇ ਦੋਸ਼ ਲਾਇਆ ਹੈ ਕਿ ਭੁਲੱਥ ਦੇ ਆਰ.ਓ. (ਰਿਟਰਨਿੰਗ ਅਫਸਰ) ਅਤੇ ਏ.ਆਰ.ਓ. (ਸਹਾਇਕ ਰਿਟਰਨਿੰਗ ਅਫਸਰ) ਨੇ ਸਿਆਸੀ ਦਬਾਅ ਹੇਠ ਆ ਕੇ ਕਾਂਗਰਸ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਹਨ।

ਰੱਦ ਕੀਤੇ ਗਏ ਉਮੀਦਵਾਰਾਂ ਦੀ ਸੂਚੀ:

  1. ਪੂਰਨ ਸਿੰਘ (ਕਾਂਗਰਸ ਉਮੀਦਵਾਰ), ਜ਼ੋਨ 17 ਲੱਖਣ ਕੇ ਪੱਡੇ।
  2. ਜੋਬਨ ਸਿੰਘ ਅਤੇ ਗੁਰਜੀਤ ਸਿੰਘ (ਕਾਂਗਰਸ ਉਮੀਦਵਾਰ), ਜ਼ੋਨ 18 ਚਕੋਕੇ।
  3. ਹਰਦੇਵ ਸਿੰਘ ਅਤੇ ਕਮਲਜੀਤ ਕੌਰ (ਕਾਂਗਰਸ ਉਮੀਦਵਾਰ), ਜ਼ੋਨ 10 ਨੰਗਲ ਲੁਬਾਣਾ।
  4. ਰਜਿੰਦਰ ਕੌਰ (ਕਾਂਗਰਸ ਉਮੀਦਵਾਰ), ਜ਼ੋਨ 21 ਪੱਡੇ ਬੇਟ।

ਸੁਖਪਾਲ ਖਹਿਰਾ ਨੇ ਦੱਸਿਆ ਕਿ ਉਪਰੋਕਤ ਅਧਿਕਾਰੀਆਂ ਨੇ ਸ਼ਾਮ 5:30 ਵਜੇ ਉਮੀਦਵਾਰਾਂ ਦੀ ਸੂਚੀ ਦਫ਼ਤਰ ਦੇ ਬਾਹਰ ਲਗਾਈ ਅਤੇ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਕੋਈ ਤਰਕਪੂਰਨ ਹੁਕਮ ਜਾਰੀ ਕੀਤੇ ਬਿਨਾਂ ਹੀ “ਚੋਰਾਂ ਵਾਂਗ” ਦਫ਼ਤਰ ਦੇ ਅਹਾਤੇ ਵਿੱਚੋਂ ਚਲੇ ਗਏ।

ਵਿਧਾਇਕ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਸ਼ਿਕਾਇਤ ਕਰ ਰਹੇ ਹਨ, ਤਾਂ ਆਰ.ਓ. ਕਮ ਏ.ਡੀ.ਸੀ. ਕਪੂਰਥਲਾ ਨੇ ਅਜੇ ਤੱਕ ਭੁਲੱਥ ਹਲਕੇ ਨਾਲ ਸਬੰਧਤ ਜ਼ਿਲ੍ਹਾ ਪ੍ਰੀਸ਼ਦ ਦੇ 3 ਜ਼ੋਨਾਂ ਲਈ ਵੀ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਹੈ।

ਉਨ੍ਹਾਂ ਨੇ ਰਾਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਸਬੰਧfਤ ਆਰ.ਓਜ਼. ਨੂੰ ਤੁਰੰਤ ਹਦਾਇਤ ਕੀਤੀ ਜਾਵੇ ਕਿ ਉਹ ਰੱਦ ਕਰਨ ਦੇ ਹੁਕਮ (Rejection Orders) ਪ੍ਰਦਾਨ ਕਰਨ ਤਾਂ ਜੋ ਉਹ ਨਿਆਂ ਲਈ ਤੁਰੰਤ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰ ਸਕਣ।

ਸੁਖਪਾਲ ਖਹਿਰਾ ਨੇ ਜਲਦੀ ਜਵਾਬ ਦੀ ਉਮੀਦ ਜਤਾਈ ਹੈ ਤਾਂ ਜੋ ਉਹ ਸਮੇਂ ਸਿਰ ਅਦਾਲਤ ਤੋਂ ਨਿਆਂ ਲੈ ਸਕਣ।