‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਸਾਲ 2018 ਵਿੱਚ ਮਹਾਰਾਸ਼ਟਰ ਦੇ ਪੁਣੇ ਦੇ ਭੀਮਾ ਕੋਰੇਗਾਓਂ ਵਿੱਚ ਹੋਈ ਹਿੰਸਾ ਦਾ ਮਾਮਲਾ ਨਵਾਂ ਮੋੜ ਲੈ ਰਿਹਾ ਹੈ। ਅਮਰੀਕਾ ਦੇ ਚਰਚਿਕ ਅਖ਼ਬਾਰ ਵਾਸ਼ਿੰਗਟਨ ਨੇ ਹੈਰਾਨ ਕਰ ਦੇਣ ਵਾਲੀ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ਨਾਲ ਜਾਂਚ ਅਤੇ ਇਸ ਹਿੰਸਾ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਕਈ ਖੱਬੇ ਪੱਖੀ ਕਾਰਕੁਨਾਂ ਅਤੇ ਬੁੱਧੀਜੀਵੀਆਂ ਦੀ ਰਿਹਾਈ ਦੇ ਰਸਤੇ ਵੀ ਖੁੱਲ੍ਹ ਸਕਦੇ ਹਨ। ਛਪੀ ਰਿਪੋਰਟ ਅਨੁਸਾਰ ਵਾਸ਼ਿੰਗਟਨ ਪੋਸਟ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਘੱਟੋ-ਘੱਟ ਇੱਕ ਵਿਅਕਤੀ ਖ਼ਿਲਾਫ਼ ਸਬੂਤ ਉਸਦੇ ਲੈਪਟਾਪ ਵਿੱਚ ਰੱਖੇ ਗਏ ਸਨ। ਇਹ ਦਾਅਵਾ ਪੋਸਟ ਨੇ ਅਮਰੀਕਾ ਦੀ ਇੱਕ ਸਾਈਬਰ ਫੌਰੈਂਸਿਕ ਲੈਬ ਦੀ ਜਾਂਚ ਨੂੰ ਅਧਾਰ ਮੰਨ ਕੇ ਕੀਤਾ ਹੈ। ਭੀਮਾ ਕੋਰੇਗਾਓਂ ਵਿੱਚ ਅੰਗ੍ਰੇਜ਼ਾਂ ਦੀ ਮਹਾਰ ਬਟਾਲੀਅਨ ਅਤੇ ਪੇਸ਼ਵਾ ਫ਼ੌਜਾਂ ਵਿਚਕਾਰ ਹੋਈ ਜੰਗ- ਜਿਸ ਵਿੱਚ ਬਟਾਲੀਅਨ ਜਿੱਤੀ ਸੀ।
ਲੈਬ ਦੀ ਰਿਪੋਰਟ ਅਨੁਸਾਰ ਇੱਕ ਮੈਲਵੇਅਰ (ਵਾਇਰਸ) ਰਾਹੀਂ ਇਸ ਲੈਪਟਾਪ ਵਿੱਚ ਕਈ ਦਸਤਾਵੇਜ਼ ਸਾਂਭੇ ਗਏ ਸਨ। ਭਾਰਤ ਦੀ ਕੌਮੀ ਜਾਂਚ ਏਜੰਸੀ ਦੇ ਬੁਲਾਰੇ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਕਿ ਵਿਲਸਨ ਦੇ ਲੈਪਟਾਪ ਦੀ ਜੋ ਫੌਰੈਂਸਿਕ ਜਾਂਚ ਏਜੰਸੀ ਵੱਲੋਂ ਕਰਵਾਈ ਗਈ ਹੈ ਉਸ ਵਿੱਚ ਕੋਈ ਵਾਇਰਸ ਨਹੀ ਮਿਲਿਆ ਹੈ। ਇਹ ਰਿਪੋਰਟ ਆਉਣ ਨਾਲ ਰੋਨਾ ਵਿਲਸਨ ਅਤੇ ਹੋਰ ਮੁਲਜ਼ਮਾਂ ਦੇ ਵਕੀਲਾਂ ਨੇ ਮੁੰਬਈ ਹਾਈ ਕੋਰਟ ਵਿੱਚ ਪਟੀਸ਼ਨ ਲਾ ਕੇ ਇਲਜ਼ਾਮ ਰੱਦ ਕਰਨ ਅਤੇ ਉਨ੍ਹਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਹਾਈ ਕੋਰਟ ਵਿੱਚ ਦਾਇਰ ਅਰਜ਼ੀ ਮੁਤਾਬਕ ਰੋਨਾ ਵਿਲਸਨ ਦੇ ਵਕੀਲਾਂ ਨੇ ਜ਼ਬਤ ਕੀਤੇ ਗਏ ਸਮਾਨ ਦੀ ਫੌਰੈਂਸਿਕ ਜਾਂਚ ਲਈ ਅਮਰੀਕਾ ਦੀ ਬਾਰ ਐਸੋਸੀਏਸ਼ਨ ਤੋਂ ਮਦਦ ਮੰਗੀ ਸੀ। ਜਾਣਕਾਰੀ ਅਨੁਸਾਰ ਪਟੀਸ਼ਨ ਵਿੱਚ ਆਰਸਨਲ ਕੰਸਲਟਿੰਗ ਦੀ ਰਿਪੋਰਟ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ ਕਿ ਰੋਨਾ ਵਿਲਸਨ ਦੇ ਲੈਪਟਾਪ ਵਿੱਚ ਪਹਿਲਾ ਦਸਤਾਵੇਜ਼ ਉਸ ਦੀ ਗ੍ਰਿਫਤਾਰੀ ਤੋਂ 22 ਮਹੀਨੇ ਪਹਿਲਾਂ ਰੱਖਿਆ ਗਿਆ ਸੀ।
ਵਾਸ਼ਿੰਗਟਨ ਪੋਸਟ ਦਾਅਵਾ ਹੈ ਕਿ ਉਨ੍ਹਾਂ ਨੇ ਇਸ ਰਿਪੋਰਟ ਦੀ ਤਫ਼ਤੀਸ਼ ਅਮਰੀਕਾ ਵਿੱਚ ਤਿੰਨ ਸੁਤੰਤਰ ਮੈਲਵੇਅਰ ਮਾਹਰਾਂ ਤੋਂ ਕਰਵਾਈ ਹੈ ਅਤੇ ਉਨ੍ਹਾਂ ਸਾਰਿਆਂ ਨੇ ਇਸ ਰਿਪੋਰਟ ਨੂੰ ਸਹੀ ਕਰਾਰ ਦਿੱਤਾ ਹੈ। ਜਿਕਰਯੋਗ ਹੈ ਕਿ ਇਸ ਕੇਸ ਵਿੱਚ ਰੋਨਾ ਵਿਲਸਨ, ਵਰਾਵਰਾ ਰਾਓ, ਸੁਧਾ ਭਾਰਦਵਾਜ, ਗੌਤਮ ਨਵਲਖਾ ਸਮੇਤ 14 ਤੋਂ ਵੱਧ ਸਮਾਜ ਸੇਵੀਆਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। ਇਸ ਰਿਪੋਰਟ ਨਾਲ ਹਾਲੇ ਹੋਰ ਵੀ ਖੁਲਾਸੇ ਜੁੜਨ ਦੀ ਉਮੀਦ ਹੈ।