ਬਿਊਰੋ ਰਿਪੋਰਟ (30 ਅਗਸਤ, 2025): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਸ਼ਨੀਵਾਰ ਨੂੰ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਜਗਜੀਤ ਸਿੰਘ ਡੱਲੇਵਾਲ, ਕਾਕਾ ਸਿੰਘ ਕੋਟੜਾ, ਜਸਵੀਰ ਸਿੰਘ ਸਿੱਧੂਪੁਰ, ਮਾਨ ਸਿੰਘ ਰਾਜਪੁਰਾ, ਮੇਹਰ ਸਿੰਘ ਥੇੜੀ ਨੇ ਪ੍ਰਧਾਨਗੀ ਕੀਤੀ। ਇਸ ਸਮੇਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਪਈਆਂ ਕੁਦਰਤੀ ਮਾਰਾਂ ਕਰਕੇ ਕਿਸਾਨੀ ਦਾ ਪਹਿਲਾ ਹੀ ਆਰਥਿਕ ਤੌਰ ਤੇ ਲੱਕ ਟੁੱਟ ਚੁੱਕਿਆ ਹੈ ਅਤੇ ਸਰਕਾਰ ਵੱਲੋ ਕਿਸਾਨਾਂ ਦੇ ਜ਼ਖ਼ਮਾਂ ਉੱਪਰ ਮੱਲ੍ਹਮ ਲਗਾਉਣ ਦੀ ਬਜਾਏ ਸਿਰਫ ਫੋਕੀ ਬਿਆਨਬਾਜੀ ਕਰਕੇ ਹੀ ਪੀੜਤ ਲੋਕਾਂ ਦੇ ਜ਼ਖ਼ਮਾਂ ਉੱਪਰ ਲੂਣ ਛਿੜਕਿਆ ਜਾ ਰਿਹਾ ਜਿਸ ਦੀ ਉਦਾਹਰਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪਿੱਛਲੇ ਸਮੇਂ ਆਏ ਹੋਏ ਹੜ੍ਹਾ ਸਮੇਂ ਮੁਰਗੀ ਮਰੀ ਦਾ ਮੁਆਵਜ਼ਾ, ਬੱਕਰੀ ਮਰੀ ਦਾ ਮੁਆਵਜ਼ਾ ਅਤੇ ਹਰ ਤਰ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਦੇਣ ਦੇ ਕੀਤੇ ਗਏ ਐਲਾਨ ਤੋਂ ਲਗਾਇਆ ਜਾ ਸਕਦਾ ਹੈ, ਕਿਉਂਕਿ ਉਹਨਾ ਹੜ੍ਹਾ ਦੌਰਾਨ ਹੋਏ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਅੱਜ ਤੱਕ ਨਹੀਂ ਮਿਲਿਆ ਅਤੇ ਨਾਂ ਹੀ ਜਿੰਨਾਂ ਮਜ਼ਦੂਰ ਭਰਾਵਾਂ ਦੇ ਉਸ ਹੜ੍ਹਾ ਦੌਰਾਨ ਮਕਾਨ ਢਹਿ ਗਏ ਸਨ ਨਾਂ ਹੀ ਉਹਨਾਂ ਨੂੰ ਕੋਈ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਗਿਆ।
ਕਿਸਾਨ ਆਗੂਆਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ 21ਵੀਂ ਸਦੀ ਵਿਗਿਆਨ ਦਾ ਯੁੱਗ ਹੈ ਅਤੇ ਇਸ ਸਮੇਂ ਮੌਸਮ ਬਾਰੇ ਪਹਿਲਾਂ ਹੀ 15 ਦਿਨ ਜਾਣਕਾਰੀ ਮੌਸਮ ਵਿਭਾਗ ਕੋਲ ਆ ਜਾਂਦੀ ਹੈ ਫੇਰ ਜਦੋਂ ਸਰਕਾਰ ਕੋਲ ਇਹ ਜਾਣਕਾਰੀ ਸੀ ਕਿ ਇਸ ਸਾਲ ਇੰਨੀ ਜ਼ਿਆਦਾ ਮਾਤਰਾ ਵਿੱਚ ਬਰਸਾਤਾਂ ਪੈਣਗੀਆਂ ਹਨ ਤਾਂ ਫਿਰ ਸਰਕਾਰ ਵੱਲੋਂ ਡੈਮਾਂ ਵਿੱਚੋਂ ਪਹਿਲਾਂ ਹੀ ਥੋੜਾ-ਥੋੜਾ ਕਰਕੇ ਪਾਣੀ ਨੂੰ ਦਰਿਆਵਾਂ ਵਿੱਚ ਕਿਉਂ ਨਹੀਂ ਛੱਡਿਆ ਗਿਆ, ਜੇਕਰ ਸਰਕਾਰ ਸਮਾਂ ਰਹਿੰਦਿਆਂ ਦਰਿਆਵਾਂ ਅਤੇ ਨਹਿਰਾਂ ਰਾਹੀਂ ਪਾਣੀ ਦੀ ਨਿਕਾਸੀ ਕਰਦੀਆਂ ਤਾਂ ਫਿਰ ਪੰਜਾਬ ਦਾ ਉਜਾੜਾ ਇਸ ਤਰਾਂ ਕਦੇ ਵੀ ਨਹੀਂ ਹੋਣਾ ਸੀ, ਸਰਕਾਰਾਂ ਵੱਲੋਂ ਡੈਮਾਂ ਨੂੰ ਖ਼ਤਰੇ ਨਿਸ਼ਾਨ ਦੇ ਨੇੜੇ ਤੱਕ ਭਰ ਕੇ ਫੇਰ ਪਾਣੀ ਨੂੰ ਦਰਿਆਵਾਂ ਵਿੱਚ ਵੱਡੀ ਮਾਤਰਾ ਵਿੱਚ ਛੱਡਣ ਦੇ ਕਾਰਨ ਹੀ ਇਹ ਹੜ੍ਹ ਆਏ ਹਨ ਅਤੇ ਇਹ ਹੜ੍ਹ ਕੁਦਰਤੀ ਨਹੀਂ ਹਨ ਇਹ ਸਰਕਾਰ ਵੱਲੋਂ ਜਾਣਬੁੱਝ ਕੇ ਲਿਆਂਦੇ ਗਏ ਹੜ੍ਹ ਹਨ, ਇਸ ਲਈ ਸਰਕਾਰ ਤੁਰੰਤ ਹੜ੍ਹਾਂ ਦੇ ਪਾਣੀ ਵਿੱਚ ਫਸੇ ਓਏ ਲੋਕਾਂ ਨੂੰ ਸੁਰੱਖਿਤ ਥਾਵਾਂ ਉੱਪਰ ਪਹੁੰਚਾਉਣ ਦਾ ਪ੍ਰਬੰਧ ਕਰੇ, ਖਾਸ ਤੌਰ ਤੇ ਬਜ਼ੁਰਗਾਂ ਬੱਚਿਆਂ ਅਤੇ ਔਰਤਾਂ ਨੂੰ ਸੁਰੱਖਿਤ ਥਾਂ ਉੱਪਰ ਪਹੁੰਚਦਾ ਕੀਤਾ ਜਾਵੇ ਅਤੇ ਸਰਕਾਰ ਤੁਰੰਤ ਸੈਟਲਾਈਟ ਦੇ ਰਾਹੀ ਪੰਜਾਬ ਭਰ ਵਿੱਚ ਹੋਈ ਤਬਾਹੀ ਦੀਆਂ ਗਦਾਵਰੀਆਂ ਕਰਕੇ ਸਬੰਧਤ ਪੀੜਿਤ ਕਿਸਾਨਾਂ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ ਫਸਲ ਦਾ ਮੁਆਵਜ਼ਾ ਅਤੇ ਨੁਕਸਾਨੇ ਗਏ ਪਸ਼ੂ ਧਨ ਅਤੇ ਘਰਾਂ ਦਾ ਮੁਆਵਜ਼ਾ ਅਤੇ ਮਜ਼ਦੂਰ ਭਾਈਚਾਰੇ ਦੇ ਹੋਏ ਘਰਾਂ ਤੇ ਮਾਲ ਡੰਗਰ ਤੇ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਜਾਰੀ ਕਰੇ।
ਕਿਸਾਨ ਆਗੂਆਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਮੇਂ ਪਟਵਾਰੀਆਂ ਨੂੰ ਪਿੰਡਾਂ ਵਿੱਚ ਭੇਜ ਕੇ ਗਿਰਦਾਵਰੀਆਂ ਕਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਾਰਾ ਪੰਜਾਬ ਭਲੀ ਭਾਂਤ ਜਾਣਦਾ ਹੈ ਕਿ ਕਿੱਥੇ-ਕਿੱਥੇ ਪੰਜਾਬ ਅੰਦਰ ਤਬਾਹੀ ਹੋਈ ਹੈ ਅਤੇ ਸਰਕਾਰ ਕੋਲ ਇਸ ਤਰ੍ਹਾਂ ਦੇ ਸੈਟੇਲਾਈਟ ਮੌਜੂਦ ਹਨ ਜਿੰਨਾਂ ਰਾਹੀਂ ਪੰਜਾਬ ਭਰ ਵਿੱਚ ਹੋਏ ਨੁਕਸਾਨ ਦਾ ਅੰਦਾਜ਼ਾ ਤੁਰੰਤ ਲਗਾਇਆ ਜਾ ਸਕਦਾ ਹੈ ਕਿਉਂਕਿ ਇਹਨਾ ਹੀ ਸੈਟਲਾਈਟ ਦੇ ਰਾਹੀ ਸਰਕਾਰ ਨੂੰ ਝੋਨੇ ਦੀ ਪਰਾਲੀ ਦੇ ਸੀਜ਼ਨ ਸਮੇਂ ਪੰਜ ਮਿੰਟ ਅੰਦਰ ਹੀ ਹਰ ਇੱਕ ਰਿਪੋਰਟ ਹਾਸਿਲ ਹੋ ਜਾਂਦੀ ਹੈ। ਜਗਜੀਤ ਸਿੰਘ ਡੱਲੇਵਾਲ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸਮੂਹ ਆਗੂਆਂ ਅਤੇ ਵਰਕਰਾ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਜਿੱਥੇ ਵੀ ਹੜ੍ਹਾ ਦੇ ਪਾਣੀ ਕਾਰਨ ਨੁਕਸਾਨ ਹੋਇਆ ਹੈ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਣ ਅਤੇ ਹੜ੍ਹਾਂ ਵਿੱਚ ਫਸੇ ਹੋਏ ਲੋਕਾਂ ਦੀ ਮਦਦ ਕਰਨ ਅਤੇ ਜਰੂਰਤ ਦਾ ਸਮਾਨ ਲੋੜਵੰਦਾਂ ਤੱਕ ਪਹੁੰਚਾਉਣ ਅਤੇ ਖਾਸ ਤੌਰ ਤੇ ਉਹਨਾਂ ਲੋੜਵੰਦਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜਿੰਨਾਂ ਤੱਕ ਕਿਸੇ ਨੇ ਵੀ ਇਸ ਸਮੇਂ ਪਹੁੰਚ ਨਹੀਂ ਕੀਤੀ ਅਤੇ ਇਸ ਔਖੀ ਘੜੀ ਵਿੱਚ ਇਸ ਤਰ੍ਹਾਂ ਤਾਂ ਕੋਈ ਵਿਅਕਤੀ ਮਦਦ ਤੋ ਨਾਂ ਰਹਿ ਜਾਵੇ ਜੋ ਅਸਲ ਵਿੱਚ ਲੋੜਵੰਦ ਹੋਵੇ।