Punjab

ਭਾਰਤੀ ਸਿੰਘ ਨੇ ਮੰਗੀ ਮੁਆਫ਼ੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਮੇਡੀਅਨ ਭਾਰਤੀ ਸਿੰਘ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੇ ਹੋਏ ਹਨ। ਉਨ੍ਹਾਂ ਦੇ ਸ਼ੋਅ ਦੀ ਇੱਕ ਵੀਡੀਓ ਕਲਿੱਪ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਦਾਹੜੀ ਬਾਰੇ ਵਿਵਾਦਤ ਬਿਆਨ ਦਿੱਤਾ ਗਿਆ ਸੀ। ਭਾਰਤੀ ਸਿੰਘ ਦੇ ਉਸ ਬਿਆਨ ਨੂੰ ਲੈ ਕੇ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ।

ਪਰ ਅੱਜ ਭਾਰਤੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਸਾਰੇ ਲੋਕਾਂ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕਿਤੇ ਵੀ ਕਿਸੇ ਧਰਮ ਜਾਂ ਜਾਤੀ ਬਾਰੇ ਨਹੀਂ ਬੋਲਿਆ ਕਿ ਕਿਹੜੇ ਲੋਕ ਦਾਹੜੀ ਰੱਖਦੇ ਹਨ ਅਤੇ ਇਸ ਨਾਲ ਕੀ ਤਲਕੀਫ਼ ਹੁੰਦੀ ਹੈ। ਮੈਂ ਤਾਂ ਬਸ ਵੈਸੇ ਹੀ ਸਰਾਸਰੀ ਹੀ ਗੱਲ ਕਰ ਰਹੀ ਸੀ, ਆਪਣੀ ਦੋਸਤ ਨਾਲ ਮਜ਼ਾਕ ਕਰ ਰਹੀ ਸੀ ਕਿ ਅੱਜ ਹਰ ਕੋਈ ਦਾਹੜੀ ਰੱਖਦਾ ਹੈ। ਫਿਰ ਵੀ ਜੇ ਕਿਸੇ ਧਰਮ ਦੇ ਲੋਕ ਮੇਰੇ ਕਰਕੇ ਦੁਖੀ ਹੋਏ ਹਨ ਤਾਂ ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦੀ ਹਾਂ। ਮੈਂ ਖੁਦ ਪੰਜਾਬੀ ਹਾਂ, ਅੰਮ੍ਰਿਤਸਰ ਵਿੱਚ ਪੈਦਾ ਹੋਈ ਹਾਂ ਅਤੇ ਪੰਜਾਬ ਦਾ ਪੂਰਾ ਮਾਣ ਰੱਖਾਂਗੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤੀ ਸਿੰਘ ਦੇ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ ਉਸ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਭਾਰਤੀ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਭਾਰਤੀ ਸਿੰਘ ਨੂੰ ਸਿੱਖੀ ਸਰੂਪ ਦੇ ਖਿਲਾਫ ਕੀਤੀ ਟਿੱਪਣੀ ਨੂੰ ਲੈ ਕੇ ਗ੍ਰਿਫਤਾਰ ਕਰਨਾ ਚਾਹੀਦਾ ਹੈ।