Punjab

ਭਾਰਤੀ ਕਿਸਾਨ ਯੂਨੀਅਨ ਏਕਤਾ ਇੱਕ ਸਰਬ ਧਰਮੀ ਤੇ ਸਰਬ ਜਾਤੀ ਜਥੇਬੰਦੀ: ਡੱਲੇਵਾਲ

Bharti Kisan Union Ekta

ਮੁਹਾਲੀ : ਭਾਰਤੀ ਕਿਸਾਨ ਯੂਨੀਅਨ ਏਕਤਾ ਇੱਕ ਸਰਬ ਧਰਮੀ ਤੇ ਸਰਬ ਜਾਤੀ ਜਥੇਬੰਦੀ ਹੈ ਤੇ ਇਸ ਜਥੇਬੰਦੀ ਦਾ ਅਸੂਲ ਹੈ ਕਿ ਕਿਸੇ ਵੀ ਧਾਰਮਿਕ ਮਸਲੇ ਤੇ ਕੋਈ ਵੀ ਸਵਾਲ ਨਾ ਖੜਾ ਕੀਤਾ ਜਾਵੇ।
ਇਹ ਵਿਚਾਰ ਹਨ ਬੀਕੇਯੂ ਏਕਤਾ ਦੇ ਪ੍ਰਧਾਨ ਜਗਜੀਤ ਸਿੰਘ ਡਲੇਵਾਲ ਦੇ। ਉਹਨਾਂ ਕਿਹਾ ਹੈ ਸਾਡੇ ਗੁਰੂਆਂ ਨੇ ਤਾਂ ਸਾਨੂੰ ਪਹਿਲਾਂ ਹੀ ਜਾਤੀ ਤੋਂ ਰਹਿਤ ਕਰ ਦਿੱਤਾ ਹੈ। ਇਸੇ ਤਰਾਂ ਕਿਸੇ ਵੀ ਕਿਸਾਨ ਦਾ ਕੋਈ ਵੀ ਧਰਮ ਹੋ ਸਕਦਾ ਹੈ ਪਰ ਆਖਰਕਾਰ ਉਹ ਕਿਸਾਨ ਹੀ ਰਹੇਗਾ। ਜਾਤੀ ਪ੍ਰਥਾ ਤੇ ਬੋਲਦਿਆਂ ਉਹਨਾਂ ਕਿਹਾ ਹੈ ਕਿ ਨਾਂ ਤਾਂ ਇਨਸਾਨ ਦੇ ਮਰਨ ਤੋਂ ਪਹਿਲਾਂ ਕੋਈ ਧਰਮ ਜਾਂ ਜਾਤ ਹੁੰਦੀ ਹੈ ਤੇ ਨਾ ਹੀ ਮਰਨ ਤੋਂ ਬਾਅਦ ਸੋ ਇਸ ਤਰਾਂ ਦੀਆਂ ਫਾਲਤੂ ਗੱਲਾਂ ਕਰ ਕੇ ਆਪਣਾ ਸਮਾਂ ਬਰਬਾਦ ਨਾ ਕੀਤਾ ਜਾਵੇ।

ਇਸ ਤੋਂ ਬਾਅਦ ਹੋਰ ਬੋਲਦਿਆਂ ਉਹਨਾਂ ਕਿਹਾ ਕਿ ਜਥੇਬੰਦੀ ਹਮੇਸ਼ਾ ਕਿਸੇ ਵੀ ਦੱਬੇ ਕੁਚਲੇ ਵਿਅਕਤੀ ਨਾਲ ਹੋਏ ਧੱਕੇ ਜਾ ਬੇਇਨਸਾਫੀ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਤੇ ਇਸ ਦੇ ਖਿਲਾਫ਼ ਆਵਾਜ਼ ਨਹੀਂ ਉਠਾਈ ਜਾ ਸਕਦੀ। ਇਸ ਤੋਂ ਇਲਾਵਾ ਉਹਨਾਂ ਇਹ ਵੀ ਸਾਫ਼ ਕੀਤਾ ਕਿ ਜਥੇਬੰਦੀ ਰਾਜਨੀਤੀ ਦਾ ਹਿੱਸਾ ਕਦੇ ਵੀ ਨਹੀਂ ਬਣੇਗੀ।

ਲੱਖਾ ਸਿਧਾਣਾ ਨਾਲ ਸਬੰਧਤ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਹੈ ਕਿ ਜੇਕਰ ਸਰਕਾਰ ਕਿਸੇ ਵੀ ਨੌਜਵਾਨ ਤੇ ਗਲਤ ਪਰਚੇ ਪਾਵੇਗੀ ਤਾਂ ਇਸ ਦੇ ਖਿਲਾਫ਼ ਵੀ ਸੰਘਰਸ਼ ਕੀਤਾ ਜਾਵੇਗਾ ਤੇ ਜੇਕਰ ਲੱਖਾ ਸਿਧਾਣਾ ਬੇਕਸੂਰ ਹੈ ਤਾਂ ਪੰਜਾਬ ਸਰਕਾਰ ਲਈ ਇਹ ਗੱਲਾਂ ਸਹੀ ਨਹੀਂ ਹਨ। ਜਥੇਬੰਦੀ ਹਰ ਉਸ ਵਿਅਕਤੀ ਨਾਲ ਖੜੀ ਹੈ,ਜਿਸ ਨਾਲ ਬੇਇਨਸਾਫੀ ਜਾਂ ਧੱਕਾ ਹੋਇਆ ਹੋਵੇਗਾ। ਇਸ ਬਾਰੇ ਡੱਲੇਵਾਲ ਨੇ ਇਹ ਵੀ ਕਿਹਾ ਹੈ ਕਿ ਮੋਗੇ ਵਿੱਚ ਹੋਈ ਇੱਕ ਬੇਇਨਸਾਫੀ ਦੇ ਵਿਰੋਧ ਵਿੱਚ ਮੋਰਚਾ ਲਗਾਇਆ ਗਿਆ ਸੀ ਤੇ ਇਸ ਮਾਮਲੇ ਵਿੱਚ ਜਥੇਬੰਦੀ ਬੇਇਨਸਾਫੀ ਦਾ ਸ਼ਿਕਾਰ ਹੋਈ ਬੀਬੀ ਤੇ ਗਲਤ ਮਾਮਲੇ ਵਿੱਚ ਫਸਾਏ ਗਏ ਉਸ ਦੇ ਪਤੀ ਦੇ ਨਾਲ ਖੜੀ ਹੋਈ ਸੀ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਜਥੇਬੰਦੀ ਦੇ ਸੰਵਿਧਾਨ ਬਾਰੇ ਚਰਚਾ ਕਰਦੇ ਹੋਏ ਜ਼ੁਲਮ ਦਾ ਸ਼ਿਕਾਰ ਹੋਏ ਹਰ ਵਿਅਕਤੀ ਨਾਲ ਖੜਨ ਦੀ ਵੱਚਨਬੱਧਤਾ ਨੂੰ ਦੁਹਰਾਇਆ ਹੈ ।