India

ਬਦਲੀ ਜਾ ਸਕਦੀ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਰੀਕ! ਚੋਣ ਕਮਿਸ਼ਨ ਨੂੰ ਦੱਸੇ ਗਏ ਤਿੰਨ ਕਾਰਨ

ਬਿਉਰੋ ਰਿਪੋਰਟ – ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ (ELECTION COMMISSION OF INDIA) ਨੂੰ ਹਰਿਆਣਾ ਵਿਧਾਨ ਸਭਾ ਚੋਣਾਂ (HARYANA ASSEMBLY ELECTION -2024) ਦੀ ਤਰੀਕ ਬਦਲਣ ਦੀ ਮੰਗ ਕੀਤੀ ਹੈ। ਬੀਜੇਪੀ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ (HARYANA BJP PRESIDENT MOHAN LAL) ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ ਜਿਸ ਵਿੱਚ ਛੁੱਟੀਆਂ ਸਮੇਤ 2 ਹੋਰ ਵੱਡੇ ਕਾਰਨ ਦੱਸੇ ਗਏ ਹਨ। ਚੋਣ ਕਮਿਸ਼ਨ ਨੇ 16 ਅਗਸਤ ਨੂੰ ਹਰਿਆਣਾ ਚੋਣਾਂ ਦਾ ਐਲਾਨ ਕੀਤਾ ਜਿਸ ਵਿੱਚ 1 ਅਕਤੂਬਰ ਨੂੰ ਵੋਟਿੰਗ ਅਤੇ 4 ਅਕਤੂਬਰ ਨੂੰ ਨਤੀਜਿਆਂ ਦਾ ਐਲਾਨ ਹੋਣਾ ਹੈ।

‘ਛੁੱਟੀ ਹੋਣ ਦੀ ਵਜ੍ਹਾ ਕਰਕੇ ਲੋਕ ਘੁੰਮਣ ਚਲੇ ਜਾਂਦੇ ਹਨ’

ਮੋਹਨ ਲਾਲ ਬੜੌਲੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਚੋਣਾਂ ਦੀ ਤਰੀਕ ਬਦਲੀ ਜਾਵੇ ਕਿਉਂਕਿ ਇਹ ਛੁੱਟੀਆਂ ਦਾ ਸਮਾਂ ਹੈ ਤੇ ਇਸ ਸਮੇਂ ਕਾਫੀ ਲੋਕ ਬਾਹਰ ਚਲੇ ਜਾਂਦੇ ਹਨ। 28 ਸਤੰਬਰ ਨੂੰ ਸ਼ਨਿੱਚਰਵਾਰ ਹੈ 29 ਨੂੰ ਐਤਵਾਰ ਅਤੇ 1 ਅਕਤੂਬਰ ਨੂੰ ਵੋਟਿੰਗ ਦੀ ਛੁੱਟੀ ਹੋਵੇਗੀ ਜਦਕਿ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਨ ਦੀ ਛੁੱਟੀ ਹੈ, 3 ਅਕਤੂਬਰ ਨੂੰ ਅਗਰਸੈਨ ਜਯੰਤੀ ਦੀ ਛੁੱਟੀ ਹੈ ਅਜਿਹੇ ਵਿੱਚ 6 ਦਿਨ ਦੇ ਵੀਕਐਂਡ ਹੋਣ ਦੀ ਵਜ੍ਹਾ ਕਰਕੇ ਲੋਕ ਛੁੱਟੀਆਂ ’ਤੇ ਚੱਲੇ ਜਾਣਗੇ ਅਤੇ ਵੋਟਿੰਗ ਫੀਸਦ ਘੱਟ ਹੋਵੇਗਾ।

ਇਸ ਤੋਂ ਇਲਾਵਾ ਬਿਸ਼ਨੋਈ ਸਮਾਜ ਦਾ ਵੀ ਪ੍ਰੋਗਰਾਮ ਹੈ। 2 ਅਕਤੂਬਰ ਨੂੰ ਰਾਜਸਥਾਨ ਵਿੱਚ ਮੁਕਾਮ ਧਾਮ ਵਿੱਚ ਆਸੋਜ ਦਾ ਮੇਲਾ ਸ਼ੁਰੂ ਹੁੰਦਾ ਹੈ, ਇਸ ਮੇਲੇ ਵਿੱਚ ਰਾਜਸਥਾਨ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਦਿੱਲੀ ਦੇ ਲੋਕ ਪਹੁੰਚਦੇ ਹਨ। ਆਸੋਜ ਅਮਾਵਸ ਇੱਕ ਅਕਤੂਬਰ ਦੀ ਰਾਤ 9.39 ਮਿੰਟ ’ਤੇ ਸ਼ੁਰੂ ਹੋਵੇਗੀ ਅਤੇ 3 ਅਕਤੂਬਰ ਨੂੰ 12.18 ਮਿੰਟ ’ਤੇ ਖ਼ਤਮ ਹੋਵੇਗੀ।

ਬੀਜੇਪੀ ਦੇ ਸੂਬਾ ਪ੍ਰਧਾਨ ਬੜੌਲੀ ਨੇ ਕਿਹਾ ਇਸ ਦਾ ਅਸਰ ਵੋਟਿੰਗ ’ਤੇ ਪਏਗਾ। ਜਦਕਿ ਚੋਣ ਕਮਿਸ਼ਨ ਦਾਅਵਾ ਕਰ ਰਿਹਾ ਹੈ ਕਿ 100 ਫੀਸਦੀ ਵੋਟਿੰਗ ਹੋਵੇ। ਬਿਸ਼ਨੋਈ ਸਮਾਜ ਦਾ ਹਿਸਾਰ, ਸਿਰਸਾ, ਫਤਿਹਾਬਾਦ ਜ਼ਿਲ੍ਹੇ ਵਿੱਚ ਚੰਗਾ ਪ੍ਰਭਾਵ ਹੈ। ਕੁਲਦੀਪ ਬਿਸ਼ਨੋਈ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦੇ ਬਾਅਦ ਬਿਸ਼ਨੋਈ ਸਮਾਜ ਦਾ ਜ਼ਿਆਦਾਤਰ ਵੋਟ ਬੈਂਕ ਬੀਜੇਪੀ ਵਿੱਚ ਸ਼ਿਫਟ ਹੋ ਗਿਆ ਹੈ।

ਸਿਰਸਾ, ਡਬਵਾਲੀ, ਫਤਿਹਾਬਾਦ, ਹਿਸਾਰ, ਆਦਮਪੁਰ, ਨਲਵਾ, ਬਰਵਾਲਾ ਵਿਧਾਨਸਭਾ ਖੇਤਰ ਵਿੱਚ ਵੀ ਕਾਫੀ ਬਿਸ਼ਨੋਈ ਵੋਟਰ ਹਨ। ਹਿਸਾਰ ਵਿੱਚ 48 ਹਜ਼ਾਰ ਅਤੇ ਸਿਰਸਾ ਵਿੱਚ 51 ਹਜ਼ਾਰ ਬਿਸ਼ਨੋਈ ਸਮਾਜ ਦੇ ਵੋਟਰ ਹਨ। ਬੀਜੇਪੀ ਦਾ ਮੰਨਣਾ ਹੈ ਕਿ ਬਿਸ਼ਨੋਈ ਵੋਟਰ ਹਮੇਸ਼ਾ ਇਕਜੁੱਟ ਰਹਿੰਦੇ ਹਨ ਇਸ ਲਈ ਉਨ੍ਹਾਂ ਨੂੰ ਫੈਸਲਾਕੁੰਨ ਵੋਟਰ ਮੰਨਿਆ ਜਾਂਦਾ ਹੈ।

ਲੋਕ ਸਭਾ ਚੋਣਾਂ ਵਿੱਚ ਵੇਖਿਆ ਗਿਆ ਹੈ ਕਿ ਬੀਜੇਪੀ ਦਾ ਵੋਟ ਫੀਸਦੀ ਘਟਿਆ ਹੈ। ਇਸ ਵਾਰ ਲੋਕ ਸਭਾ ਚੋਣਾਂ ਵਿੱਚ ਵੋਟਿੰਗ ਫੀਸਦੀ ਘੱਟਣ ਨਾਲ ਬੀਜੇਪੀ ਨੂੰ ਨੁਕਸਾਨ ਹੋਇਆ। ਸੂਬੇ ਵਿੱਚ 65 ਫੀਸਦੀ ਵੋਟਿੰਗ ਹੋਈ ਸੀ ਯਾਨੀ 2019 ਦੇ ਮੁਕਾਬਲੇ 5.34 ਫੀਸਦ ਵੋਟਿੰਗ ਘੱਟ ਹੋਈ। ਇਸ ਵਾਰ ਬੀਜੇਪੀ ਨੂੰ 46.06 ਵੋਟ ਫੀਸਦੀ ਮਿਲੇ ਉਧਰ ਕਾਂਗਰਸ ਦਾ ਵੋਟ ਸ਼ੇਅਰ 43.73% ਰਿਹਾ। 2019 ਵਿੱਚ ਬੀਜੇਪੀ ਨੂੰ 58 ਫੀਸਦੀ ਜਦਕਿ ਕਾਂਗਰਸ 28 ਫੀਸਦੀ ਵੋਟ ਮਿਲੇ ਸਨ। ਇਸੇ ਤਰ੍ਹਾਂ 2014 ਵਿੱਚ ਬੀਜੇਪੀ ਨੇ 34.8 ਫੀਸਦੀ ਵੋਟ ਲੈ ਕੇ 10 ਸੀਟਾਂ ’ਤੇ ਕਬਜ਼ਾ ਕੀਤਾ ਸੀ।