India Punjab Religion

ਅਗਲੇ ਮਹੀਨੇ ਅੰਮ੍ਰਿਤਸਰ ਤੋਂ ਚੱਲੇਗੀ ਭਾਰਤ ਗੌਰਵ ਰੇਲ, ਕਰੋ 4 ਜੋਤਿਰਲਿੰਗ ਦੇ ਦਰਸ਼ਨ

ਬਿਊਰੋ ਰਿਪੋਰਟ (ਅੰਮ੍ਰਿਤਸਰ, 25 ਸਤੰਬਰ 2025): ਧਾਰਮਿਕ ਸੈਰ-ਸਪਾਟੇ ਨੂੰ ਵਧਾਵਾ ਦੇਣ ਅਤੇ ਸ਼ਰਧਾਲੂਆਂ ਨੂੰ ਇੱਕ ਹੀ ਯਾਤਰਾ ਵਿੱਚ ਪ੍ਰਮੁੱਖ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਇੰਡਿਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ (IRCTC) ਨੇ ਵਿਸ਼ੇਸ਼ ਭਾਰਤ ਗੌਰਵ ਟ੍ਰੇਨ ਦਾ ਐਲਾਨ ਕੀਤਾ ਹੈ।

ਇਸ ਯੋਜਨਾ ਅਧੀਨ “ਦੇਖੋ ਆਪਣਾ ਦੇਸ਼” ਅਭਿਆਨ ਦੇ ਤਹਿਤ ਯਾਤਰੀਆਂ ਨੂੰ 4 ਪ੍ਰਮੁੱਖ ਜੋਤਿਰਲਿੰਗਾਂ ਦੇ ਨਾਲ-ਨਾਲ ਦਵਾਰਕਾਧੀਸ਼ ਮੰਦਰ ਅਤੇ ਸੋਮਨਾਥ ਮੰਦਰ ਦੇ ਦਰਸ਼ਨ ਦਾ ਮੌਕਾ ਮਿਲੇਗਾ।

ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ IRCTC ਦੇ ਜੋਇੰਟ ਮੈਨੇਜਰ ਵੀ.ਐਨ. ਸ਼ੁਕਲਾ ਨੇ ਦੱਸਿਆ ਕਿ ਇਹ ਵਿਸ਼ੇਸ਼ ਭਾਰਤ ਗੌਰਵ ਟੂਰਿਜ਼ਮ ਟ੍ਰੇਨ 25 ਅਕਤੂਬਰ 2025 ਨੂੰ ਅੰਮ੍ਰਿਤਸਰ ਤੋਂ ਆਪਣੀ ਪਹਿਲੀ ਯਾਤਰਾ ’ਤੇ ਰਵਾਨਾ ਹੋਵੇਗੀ।

ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮਕਸਦ ਨਾ ਸਿਰਫ਼ ਸ਼ਰਧਾਲੂਆਂ ਨੂੰ ਆਸਥਾ ਨਾਲ ਜੋੜਨਾ ਹੈ, ਸਗੋਂ ਦੇਸ਼ ਦੀ ਸੰਸਕ੍ਰਿਤਿਕ ਧਰੋਹਰ ਨਾਲ ਵੀ ਜਾਣ-ਪਛਾਣ ਕਰਵਾਉਣ ਦਾ ਹੈ।

ਇਸ ਵਿਸ਼ੇਸ਼ ਟ੍ਰੇਨ ਦਾ ਰੂਟ ਵਿਸਥਾਰਪੂਰਵਕ ਤੈਅ ਕੀਤਾ ਗਿਆ ਹੈ। ਅੰਮ੍ਰਿਤਸਰ ਤੋਂ ਚੱਲਣ ਤੋਂ ਬਾਅਦ ਟ੍ਰੇਨ ਜਾਲੰਧਰ ਸਿਟੀ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਦਿੱਲੀ ਕੈਂਟ ਅਤੇ ਰੇਵਾੜੀ ਰਾਹੀਂ ਗੁਜਰੇਗੀ। ਇਨ੍ਹਾਂ ਸਾਰੇ ਸਟੇਸ਼ਨਾਂ ’ਤੇ ਯਾਤਰੀਆਂ ਲਈ ਰੁਕਣ ਦੀ ਵਿਵਸਥਾ ਕੀਤੀ ਜਾਵੇਗੀ, ਤਾਂ ਜੋ ਵੱਖ-ਵੱਖ ਸ਼ਹਿਰਾਂ ਦੇ ਸ਼ਰਧਾਲੂ ਇਸ ਧਾਰਮਿਕ ਯਾਤਰਾ ਵਿੱਚ ਸ਼ਾਮਲ ਹੋ ਸਕਣ।