Punjab

ਭਾਰਤ ਭੂਸ਼ਣ ਆਸ਼ੂ ਦੀ ਅਦਾਲਤ ‘ਚ ਪੇਸ਼ੀ ਅੱਜ

ਦ ਖ਼ਾਲਸ ਬਿਊਰੋ : ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਰਾਜਨੀਤੀ ਭਖਦੀ ਜਾ ਰਹੀ ਹੈ। 2000 ਕਰੋੜ ਦੇ ਟਰਾਂਸਪੋਰਟੇਸ਼ਨ ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਆਸ਼ੂ ਨੂੰ ਅੱਜ ਵਿਜੀਲੈਂਸ ਵੱਲੋਂ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਵੱਲੋਂ ਇਹ ਗ੍ਰਿਫਤਾਰੀ ਠੇਕੇਦਾਰ ਤੇਲੂ ਰਾਮ ਦੇ ਬਿਆਨਾਂ ਦੇ ਆਧਾਰ ‘ਤੇ ਕੀਤੀ ਗਈ ਹੈ। ਭਾਰਤ ਭੂਸ਼ਣ ਆਸ਼ੂ ‘ਤੇ ਐਫਆਈਆਰ ਵਿੱਚ ਧੋਖਾਧੜੀ ਅਤੇ ਅਪਰਾਧਿਕ ਸਾਜਿਸ਼ ਰਚਣ ਦੇ ਦੋਸ਼ ਲੱਗੇ ਹਨ।

ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ

ਇਸ ਮਾਮਲੇ ਦੀ ਤਫ਼ਤੀਸ਼ ਕਰਦਿਆਂ ਵਿਜੀਲੈਂਸ ਨੇ ਥਾਣਾ ਸਦਰ ਲੁਧਿਆਣਾ ਵਿੱਚ ਆਈਪੀਸੀ ਦੀ ਧਾਰਾ 420, 409, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7, 8, 12, 13 ਲਗਾ ਕੇ ਆਸ਼ੂ ਖ਼ਿਲਾਫ਼ ਐਫਆਈਆਰ ਨੰਬਰ 11 ਤਹਿਤ ਪਰਚਾ ਦਰਜ ਕੀਤਾ ਹੈ।

ਆਪਣੇ ਆਗੂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਦੇਰ ਰਾਤ ਕਾਂਗਰਸ  ਵੱਲੋਂ ਵਿਜੀਲੈਂਸ ਦਫਤਰ  ਦਾ ਘਿਰਾਓ ਵੀ ਕੀਤਾ ਗਿਆ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸਤੋਂ ਪਹਿਲਾਂ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਵੀ ਵਿਜੀਲੈਂਸ ਨੂੰ ਚੋਰ ਕਿਹਾ ਅਤੇ ਬਹਿਸ ਕਰਦੇ ਹੋਏ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਸੀ।

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਗ੍ਰਿਫ਼ਤਾਰੀ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਗ੍ਰਿਫ਼ਤਾਰੀ ਚੋਰਾਂ ਵਾਂਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਕੋਲ ਆਸ਼ੂ ਵਿਰੁੱਧ 2000 ਕਰੋੜ ਰੁਪਏ ਦੇ ਟੈਂਡਰ ਘਪਲੇ ਵਿੱਚ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਦਾ ਨੁਕਸਾਨ ਹੀ ਹੋਵੇਗਾ।

ਰਾਜਾ ਵੜਿੰਗ ਨੇ ਕਿਹਾ ਕਿ ਚੋਰਾਂ ਵਾਂਗ ਗ੍ਰ੍ਰਿਫ਼ਤਾਰ ਕਰਨ ਦੀ ਥਾਂ ‘ਤੇ ਵਿਜੀਲੈਂਸ ਪਹਿਲਾਂ ਉਨ੍ਹਾਂ ਕੋਲੋਂ ਪੁੱਛਗਿਛ ਕਰਦੀ ਅਤੇ ਫਿਰ ਕਿਸੇ ਨਤੀਜੇ ‘ਤੇ ਪੁੱਜ ਕੇ ਗ੍ਰਿਫ਼ਤਾਰ ਕਰਦੇ, ਪਰੰਤੂ ਲੁਧਿਆਣਾ ਆ ਕੇ ਗ੍ਰਿਫਤਾਰ ਕਰਨਾ ਕੋਈ ਚੰਗੀ ਗੱਲ ਨਹੀਂ।