India

SC ਰਿਜ਼ਰਵੇਸ਼ਨ ਵਿੱਚ ਕ੍ਰੀਮੀ ਲੇਅਰ ਦੇ ਵਿਰੋਧ ਵਿੱਚ ਭਾਰਤ ਬੰਦ, ਬਿਹਾਰ ‘ਚ ਰੋਕੀਆਂ ਗਈਆਂ ਰੇਲਾਂ ,ਰਾਜਸਥਾਨ ਦੇ 16 ਜ਼ਿਲ੍ਹਿਆਂ ਵਿੱਚ ਸਕੂਲ ਬੰਦ

ਦਿੱਲੀ : SC-ST ਰਿਜ਼ਰਵੇਸ਼ਨ ‘ਚ ਕ੍ਰੀਮੀ ਲੇਅਰ ਲਾਗੂ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਅੱਜ 14 ਘੰਟੇ ਦੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਵਿਰੋਧ ਦਾ ਐਲਾਨ ਨੈਸ਼ਨਲ ਕਨਫੈਡਰੇਸ਼ਨ ਆਫ ਦਲਿਤ ਐਂਡ ਟ੍ਰਾਈਬਲ ਆਰਗੇਨਾਈਜ਼ੇਸ਼ਨਜ਼ (ਐਨ.ਏ.ਸੀ.ਡੀ.ਏ.ਓ.ਆਰ.) ਵੱਲੋਂ ਕੀਤਾ ਗਿਆ ਹੈ।

ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਇਸ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਕਾਂਗਰਸ, ਟੀਐਮਸੀ, ਸਪਾ, ਬਸਪਾ, ਆਰਜੇਡੀ, ਜੇਐਮਐਮ ਸਮੇਤ ਕਈ ਪਾਰਟੀਆਂ ਨੇ ਬੰਦ ਦਾ ਸਮਰਥਨ ਕੀਤਾ ਹੈ।

ਸੁਪਰੀਮ ਕੋਰਟ ਵੱਲੋਂ ਰਾਖਵੇਂਕਰਨ ਵਿੱਚ ਕੋਟੇ ਦੀ ਮਨਜ਼ੂਰੀ ਖ਼ਿਲਾਫ਼ ਦਲਿਤ ਅਤੇ ਆਦਿਵਾਸੀ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਉੜੀਸਾ ਵਿੱਚ ਅਸਰ ਪਿਆ। ਰੇਲ ਅਤੇ ਸੜਕੀ ਆਵਾਜਾਈ ਮਾਮੂਲੀ ਪ੍ਰਭਾਵਿਤ ਦਿਖਾਈ ਦਿੱਤੀ। ਸਰਕਾਰੀ ਦਫ਼ਤਰ, ਬੈਂਕ, ਦੁਕਾਨਾਂ ਅਤੇ ਸਕੂਲ ਖੁੱਲ੍ਹੇ ਰਹੇ।

ਬਿਹਾਰ

ਬੰਦ ਦਾ ਸਭ ਤੋਂ ਵੱਧ ਅਸਰ ਬਿਹਾਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਆਰਾ ਅਤੇ ਦਰਭੰਗਾ ਵਿੱਚ ਰੇਲ ਗੱਡੀਆਂ ਰੋਕੀਆਂ ਗਈਆਂ ਹਨ। ਜਹਾਨਾਬਾਦ, ਸਹਰਸਾ ਅਤੇ ਪੂਰਨੀਆ ਵਿੱਚ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਕਈ ਸ਼ਹਿਰਾਂ ਵਿੱਚ ਨਾਅਰੇਬਾਜ਼ੀ ਅਤੇ ਪ੍ਰਦਰਸ਼ਨ ਜਾਰੀ ਹਨ।

ਪਟਨਾ ਪੁਲਿਸ ਨੇ ਲਾਠੀਚਾਰਜ ਕੀਤਾ
ਪਟਨਾ ‘ਚ ਪ੍ਰਦਰਸ਼ਨਕਾਰੀ ਡਾਕਬੰਗਲਾ ਚੌਰਾਹੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਪਟਨਾ ਪੁਲਿਸ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ। ਪੁਲੀਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਦਿੱਤੇ। ਪ੍ਰਦਰਸ਼ਨ ਵਧਣ ‘ਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ। ਪੁਲਿਸ ਹੁਣ ਵਾਟਰ ਕੈਨਨ ਦੀ ਵਰਤੋਂ ਕਰ ਰਹੀ ਹੈ।

ਉੱਤਰ ਪ੍ਰਦੇਸ਼

ਉੱਤਰ ਪ੍ਰਦੇਸ਼ ਦੇ ਆਗਰਾ ‘ਚ ਬਸਪਾ ਵਰਕਰ ਸੜਕਾਂ ‘ਤੇ ਉਤਰ ਆਏ ਅਤੇ ਜਬਰੀ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਹਨ।

ਰਾਜਸਥਾਨ

ਰਾਜਸਥਾਨ ਵਿੱਚ ਵੀ ਭਾਰਤ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਹੈ। ਇਸ ਕਾਰਨ ਭਰਤਪੁਰ ਡਿਵੀਜ਼ਨ ਦੇ 4 ਜ਼ਿਲ੍ਹਿਆਂ (ਭਰਤਪੁਰ, ਕਰੌਲੀ, ਸਵਾਈ ਮਾਧੋਪੁਰ ਅਤੇ ਦੇਗ-ਕੁਮਹੇਰ) ਵਿੱਚ ਨੈੱਟ ਬੈਨ ਲਗਾ ਦਿੱਤਾ ਗਿਆ ਹੈ। ਜੈਪੁਰ ਸਮੇਤ 16 ਜ਼ਿਲ੍ਹਿਆਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਛੁੱਟੀ ਹੈ। ਤਿੰਨ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।

ਅੱਜ ਭਾਰਤ ਬੰਦ ਨੂੰ ਲੈ ਕੇ ਪਾਲੀ, ਅਜਮੇਰ, ਸੀਕਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਅਨੁਸੂਚਿਤ ਜਾਤੀ-ਜਨਜਾਤੀ ਰਾਖਵਾਂਕਰਨ ਸੰਘਰਸ਼ ਸਮਿਤੀ ਵੱਲੋਂ ਰੈਲੀਆਂ ਕੱਢੀਆਂ ਗਈਆਂ। ਸਵਾਈ ਮਾਧੋਪੁਰ ਵਿੱਚ ਵਰਕਰ ਡੀਜੇ ਵਜਾਉਂਦੇ ਹੋਏ ਡੰਡੇ ਲਹਿਰਾਉਂਦੇ ਹੋਏ ਰੈਲੀ ਵਿੱਚ ਪਹੁੰਚੇ। ਪਾਲੀ ਵਿੱਚ ਕਮੇਟੀ ਦੀਆਂ ਟੀਮਾਂ ਨੇ ਸਵੇਰੇ ਦੁਕਾਨਾਂ ਬੰਦ ਕਰਵਾ ਦਿੱਤੀਆਂ। ਜੈਪੁਰ ਵਿੱਚ ਵੀ ਸਾਰੇ ਬਾਜ਼ਾਰ ਬੰਦ ਹਨ।

ਬੰਦ ਦੇ ਸੱਦੇ ‘ਤੇ ਭਾਜਪਾ ਨੇਤਾ ਕਿਰੋਦੀਲਾਲ ਮੀਨਾ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਹਨ। ਕੁਝ ਲੋਕ ਐਸਸੀ-ਐਸਟੀ ਨੂੰ ਗੁੰਮਰਾਹ ਕਰਕੇ ਸਿਆਸੀ ਲਾਹਾ ਲੈ ਰਹੇ ਹਨ। ਅਨੁਸੂਚਿਤ ਜਾਤੀ-ਜਨਜਾਤੀ ਸਾਂਝੀ ਸੰਘਰਸ਼ ਕਮੇਟੀ ਨੇ ਵੀ ਬੰਦ ਦੀ ਸਫ਼ਲਤਾ ਲਈ 25 ਟੀਮਾਂ ਦਾ ਗਠਨ ਕੀਤਾ ਹੈ।

ਮੱਧ ਪ੍ਰਦੇਸ਼

ਮੱਧ ਪ੍ਰਦੇਸ਼ ਵਿੱਚ ਗਵਾਲੀਅਰ ‘ਚ ਸਾਵਧਾਨੀ ਦੇ ਤੌਰ ‘ਤੇ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਉਜੈਨ ‘ਚ ਪ੍ਰਦਰਸ਼ਨਕਾਰੀਆਂ ਅਤੇ ਦੁਕਾਨਦਾਰਾਂ ਵਿਚਾਲੇ ਬਹਿਸ ਬਾਜੀ ਵੀ ਹੋਈ ਹੈ।