India International Punjab

LIVE- ਕਿਸਾਨਾਂ ਦੇ ਭਾਰਤ ਬੰਦ ਨੂੰ ਦੇਸ਼ ਵਿਦੇਸ਼ ਤੋਂ ਜ਼ਬਰਦਸਤ ਹੁੰਗਾਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਸਾਰੇ ਵਗਰਾਂ ਦੇ ਲੋਕਾਂ ਵੱਲੋਂ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਸਵੇਰੇ 6 ਵਜੇ ਤੋਂ ਸੜਕਾਂ ਜਾਮ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਅਤੇ ਸ਼ਾਮ 4 ਵਜੇ ਤੱਕ ਭਾਰਤ ਬੰਦ ਰਹੇਗਾ। ਕਿਸਾਨਾਂ ਵੱਲੋਂ ਸੜਕਾਂ ਜਾਮ ਕੀਤੀਆਂ ਗਈਆਂ ਹਨ। ਸਾਰੇ ਪਾਸੇ ਸੁੰਨ ਪਸਰੀ ਹੋਈ ਹੈ। ਸਾਰੇ ਬਾਜ਼ਾਰ ਬੰਦ ਨਜ਼ਰ ਆ ਰਹੇ ਹਨ, ਸਿਰਫ਼ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਹੋਈਆਂ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਬੰਦ ਨੂੰ ਭਾਰਤ ਸਮੇਤ ਵਿਦੇਸ਼ਾਂ ਤੋਂ ਵੀ ਹੁੰਗਾਰਾ ਮਿਲ ਰਿਹਾ ਹੈ। ਕੈਨੇਡਾ ਅਤੇ ਇੰਗਲੈਂਡ ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਆਉ, ਪਹਿਲਾਂ ਤਸਵੀਰਾਂ ਰਾਹੀਂ ਦੇਖਦੇ ਹਾਂ ਕਿ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਬੰਦ ਨੂੰ ਕਿੰਨਾ ਕੁ ਸਮਰਥਨ ਮਿਲ ਰਿਹਾ ਹੈ।

ਬਰਨਾਲਾ ਰੇਲਵੇ ਸਟੇਸ਼ਨ ਕਿਸਾਨਾਂ ਵੱਲੋਂ ਜਾਮ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਹੱਥਾਂ ਵਿੱਚ ਹਰੇ ਝੰਡੇ ਫੜ੍ਹ ਕੇ ਬੰਦ ਨੂੰ ਸੱਦਾ ਦਿੱਤਾ ਗਿਆ।

ਅੰਮ੍ਰਿਤਸਰ ਗੋਲਡਨ ਗੇਟ ‘ਤੇ ਕਿਸਾਨ ਪ੍ਰਦਰਸ਼ਨ ਕਰਦੇ ਹੋਏ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਵੱਲੋਂ ਅੰਮ੍ਰਿਤਸਰ ਵਿੱਚ ਪਾਸਪੋਰਟ ਦਫ਼ਤਰ ਅਤੇ ਗੋਲਡਨ ਗੇਟ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ।

ਮੁਹਾਲੀ ਦੇ ਫੇਜ਼ 5 ਪੀਟੀਐੱਲ ਚੌਂਕ ਵਿੱਚ ਕਿਸਾਨਾਂ ਵੱਲੋਂ ਆਟੋ ਖੜ੍ਹੇ ਕਰਕੇ ਬੈਰੀਗੇਟ ਲਾਏ ਗਏ ਹਨ। ਪੁਲਿਸ ਵੀ ਕਿਸਾਨਾਂ ਦਾ ਸਾਥ ਦਿੰਦੀ ਨਜ਼ਰ ਆਈ ਅਤੇ ਸਿਰਫ਼ ਜ਼ਰੂਰੀ ਜਾਂ ਐਮਰਜੈਂਸੀ ਵਾਹਨਾਂ ਨੂੰ ਹੀ ਅੱਗੇ ਜਾਣ ਦੇ ਰਹੀ ਹੈ।

ਮੁਹਾਲੀ ਦੇ ਫੇਜ਼ 7 ਇੰਡਸਟਰੀਅਲ ਏਰੀਆ ਵਿੱਚ ਦਵਾਈ ਦੀਆਂ ਦੁਕਾਨਾਂ ਅਤੇ ਜ਼ਰੂਰੀ ਵਸਤੂਆਂ ਦੀ ਦੁਕਾਨਾਂ ਛੱਡ ਕੇ ਬਾਕੀ ਸਾਰਾ ਕੁੱਝ ਬੰਦ ਦਿਸਿਆ।

ਮਾਨਸਾ ਵਿੱਚ ਵੀ ਸਾਰੇ ਬਾਜ਼ਾਰ ਬੰਦ ਨਜ਼ਰ ਆਏ। ਬੱਸ ਸਟੈਂਡ ਵੀ ਬੰਦ ਕੀਤੇ ਗਏ ਹਨ।

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਵੀ ਕਿਸਾਨਾਂ ਵੱਲੋਂ ਭਾਰਤ ਬੰਦ ਨੂੰ ਸੱਦਾ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਲੰਗਰ ਵੀ ਲਾਇਆ ਗਿਆ। ਕਿਸਾਨਾਂ ਵੱਲੋਂ ਜਲੰਧਰ ਦਿੱਲੀ ਕੌਮੀ ਮਾਰਗ ਅਤੇ ਪੀਏਪੀ ਚੌਂਕ ਸਵੇਰੇ 6 ਵਜੇ ਬੰਦ ਕਰ ਦਿੱਤਾ ਗਿਆ, ਸੜਕ ‘ਤੇ ਆਵਾਜਾਈ ਪੂਰੀ ਤਰਾਂ ਬੰਦ ਹੈ।

Credit : BBC Punjabi

ਗੁਰਦਾਸਪੁਰ ਦੇ ਬਟਾਲਾ ਦੀ ਮੁੱਖ ਸਬਜ਼ੀ ਮੰਡੀ ‘ਚ ਕੰਮਕਾਜ ਬਿਲਕੁਲ ਬੰਦ ਰਿਹਾ ਅਤੇ ਆੜ੍ਹਤੀਆ ਦਾ ਕਹਿਣਾ ਹੈ ਕਿ ਅੱਜ ਦੇ ਬੰਦ ਦਾ ਸਮਰਥਨ ਦੇਣ ਦਾ ਉਨ੍ਹਾਂ ਵਲੋਂ ਐਲਾਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਬੱਸਾਂ ਦੀ ਆਵਾਜਾਈ ਵੀ ਠੱਪ ਹੈ ਅਤੇ ਬੱਸ ਸਟੈਂਡ ‘ਚ ਸਾਰੀਆਂ ਪਨਬਸ ਅਤੇ ਨਿੱਜੀ ਬੱਸਾਂ ਖੜ੍ਹੀਆਂ ਦਿਸੀਆਂ।

ਨਵਾਂਸ਼ਹਿਰ ਵਿੱਚ ਵੀ ਕਿਸਾਨਾਂ ਵੱਲੋਂ ਸੜਕ ਦੇ ਵਿਚਕਾਰ ਵਿਸ਼ਾਲ ਇਕੱਠ ਕੀਤਾ ਗਿਆ। ਇਸ ਮੌਕੇ ਗਾਇਕਾਂ ਵੱਲੋਂ ਕਿਸਾਨਾਂ ਨੂੰ ਜਿੱਤ ਦੇ ਗੀਤ ਸੁਣਾਏ ਗਏ।

ਦਿੱਲੀ ਮੇਰਠ ਹਾਈਵੇਅ ਵੀ ਕਿਸਾਨਾਂ ਵੱਲੋਂ ਜਾਮ ਕੀਤਾ ਗਿਆ। ਕਿਸਾਨਾਂ ਵੱਲੋਂ ਬੈਰੀਗੇਟ ਲਾ ਕੇ ਹੱਥਾਂ ਵਿੱਚ ਤਿਰੰਗਾ ਫੜ੍ਹ ਕੇ ਪ੍ਰਦਰਸ਼ਨ ਕੀਤਾ ਗਿਆ।

ਦਿੱਲੀ ਮੇਰਠ ਐਕਸਪ੍ਰੈੱਸ ਵੇਅ ਵੀ ਕਿਸਾਨਾਂ ਵੱਲੋਂ ਜਾਮ ਕੀਤਾ ਗਿਆ। ਦਿੱਲੀ ਵਿੱਚ ਦਾਖ਼ਲ ਹੋਣ ਵਾਲੇ ਵਾਹਨਾਂ ਲਈ ਗੁਰੂਗ੍ਰਾਮ-ਦਿੱਲੀ ਬਾਰਡਰ ’ਤੇ ਭਾਰੀ ਟ੍ਰੈਫਿਕ ਜਾਮ ਨਜ਼ਰ ਆ ਰਿਹਾ ਹੈ। ਦਿੱਲੀ ਪੁਲਿਸ ਅਤੇ ਅਰਧ ਸੈਨਿਕ ਦੇ ਜਵਾਨਾਂ ਵੱਲੋਂ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ ਜਾਂਚ ਕੀਤੀ ਜਾ ਰਹੀ ਹੈ।

ਕਰਨਾਟਕਾ ਵਿੱਚ ਵੀ ਕਿਸਾਨਾਂ ਨੇ ਕਿਸਾਨੀ ਅੰਦੋਲਨ ਦਾ ਬੈਨਰ ਫੜ੍ਹ ਕੇ ਹੱਥਾਂ ਵਿੱਚ ਹਰੇ ਝੰਡੇ ਲਹਿਰਾ ਕੇ ਬੰਦ ਨੂੰ ਸਮਰਥਨ ਦਿੱਤਾ। ਕਲਕੱਤਾ ਵਿੱਚ ਵੀ ਕਿਸਾਨਾਂ, ਨੌਜਵਾਨਾਂ ਸਮੇਤ ਸਾਰੇ ਵਰਗਾਂ ਦੇ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।

ਕੈਨੇਡਾ ਦੇ ਸ਼ਹਿਰ ਮੈਨੀਟੋਬਾ (Manitoba) ਦੇ ਵਿਨੀਪੈਗ (Winnipeg) ਵਿੱਚ ਵੀ ਲੋਕਾਂ ਵੱਲੋਂ ਹੱਥਾਂ ਵਿੱਚ ਪੋਸਟਰ ਅਤੇ ਕਿਸਾਨੀ ਝੰਡੇ ਫੜ੍ਹ ਕੇ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ ਗਿਆ।

ਕੈਨੇਡਾ ਦੇ ਬਰੈਂਪਟਨ ਵਿੱਚ ਵੀ ਲੋਕਾਂ ਨੇ ਕਿਸਾਨਾਂ ਦੇ ਭਾਰਤ ਬੰਦ ਨੂੰ ਸਮਰਥਨ ਦਿੱਤਾ।