ਬਿਉਰੋ ਰਿਪੋਰਟ : ਅਬੋਹਰ ਵਿੱਚ ਯੂ-ਟਿਊਬਰ ਅਤੇ ਬਲਾਗਰ ਕਾਕਾ ਸਿੱਧੂ ਉਰਫ ਭਾਨਾ ਸਿੱਧੂ ਦੇ ਖਿਲਾਫ ਦਰਜ ਮਾਮਲਿਆਂ ਨੂੰ ਲੈਕੇ ਹਮਾਇਤੀਆਂ ਵਿੱਚ ਭਾਰੀ ਗੁੱਸਾ ਹੈ । ਸੋਮਵਾਰ ਨੂੰ ਜਿੱਥੇ ਬਰਨਾਲਾ ਜ਼ਿਲ੍ਹੇ ਵਿੱਚ ਸਿੱਧੂ ਦੇ ਪਿੰਡ ਕੋਟਦੂਨਾ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਉਧਰ ਅਬੋਹਰ ਦੇ ਸ਼ਹੀਦ ਭਗਤ ਸਿੰਘ ਚੌਕ ‘ਤੇ ਵੀ ਹਮਾਇਤਿਆਂ ਨੇ ਕੈਂਡਲ ਮਾਰਚ ਕੱਢ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ । ਭਾਨਾ ਸਿੱਧੂ ਦੇ ਖਿਲਾਫ ਹੁਣ ਤੱਕ 3 ਕੇਸ ਦਰਜ ਹੋ ਚੁੱਕੇ ਹਨ। ਲੁਧਿਆਣਾ ਵਿੱਚ ਟਰੈਵਲ ਏਜੰਟ ਤੋਂ 10 ਹਜ਼ਾਰ ਮੰਗਣ ਦੇ ਇਲਜ਼ਾਮ ਵਿੱਚ ਅਦਾਲਤ ਨੇ ਭਾਨਾ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਰਿਹਾਈ ਤੋਂ ਠੀਕ ਪਹਿਲਾਂ ਪਟਿਆਲਾ ਵਿੱਚ ਉਸ ਦੇ ਖਿਲਾਫ਼ ਚੇਨ ਸਨੈਚਿੰਗ ਦਾ ਕੇਸ ਦਰਜ ਹੋ ਗਿਆ । ਭਾਨਾ ਸਿੱਧੂ ਨੇ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ । ਵੱਡੇ ਸਿਆਸੀ ਆਗੂਆਂ ਨੇ ਮੁੱਖ ਮੰਤਰੀ ਮਾਨ ਨੂੰ ਘੇਰਿਆ ਹੈ।
ਪੰਜਾਬ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਲਿਖਿਆ ‘ਅੱਜ ਕੱਲ੍ਹ ਪੰਜਾਬ ਆਪ ਦੀ ਸਰਕਾਰ ਦੇ ਖਿਲਾਫ ਬੋਲਣ ਵਾਲਿਆਂ ਉੱਪਰ ਇੱਕ ਤੋਂ ਬਾਅਦ ਇੱਕ ਪਰਚਾ ਕਰਨਾ ਆਮ ਜਿਹੀ ਗੱਲ ਹੋ ਗਈ ਹੈ। ਮੈਂ ਹਮੇਸ਼ਾ ਕੰਨੂਨ ਵਿੱਚ ਵਿਸ਼ਵਾਸ ਰੱਖਦਾ ਹਾਂ ਅਤੇ ਧੱਕਾ ਚਾਹੇ ਕਿਸੇ ਨਾਲ ਵੀ ਹੋਵੇ ਮੈਂ ਉਸ ਧੱਕੇ ਦੇ ਖਿਲਾਫ ਹਾਂ। ਇਸ ਤਰਾਂ ਭਾਨਾ ਸਿੱਧੂ ਉੱਪਰ ਇੱਕ ਤੋਂ ਬਾਅਦ ਇੱਕ ਪਰਚਾ ਪਾਉਣਾ ਅਤੇ ਹੁਣ ਉਸ ਦੇ ਭਰਾ ਤੇ ਵੀ ਪਰਚਾ ਪਾ ਦੇਣਾ ਲੋਕਤੰਤਰ ਦਾ ਘਾਣ ਹੈ ਅਤੇ ਸਰਾਸਰ ਧੱਕਾ ਹੈ ।ਭਗਵੰਤ ਮਾਨ ਜੀ ਜੀ ਤੁਸੀ ਸਰਕਾਰ ਬਦਲਾਅ ਅਤੇ ਵਿਕਾਸ ਦੇ ਨਾਮ ਤੇ ਲੈਕੇ ਆਏ ਸੀ ਪਰ ਹੁਣ ਸਭ ਕੁੱਝ ਉਲਟਾ ਹੋ ਰਿਹਾ ਹੈ । ਜਦੋਂ ਕਿਸੇ ਵੀ ਵਿਅਕਤੀ ਨਾਲ ਧੱਕਾ ਜਾਂ ਉਸ ਦੀ ਅਵਾਜ ਦਬਾਉਣ ਦੀ ਕੋਸ਼ਿਸ਼ ਹੋਵੇਗੀ ਤਾਂ ਪੰਜਾਬ ਉੱਠ ਖੜ੍ਹਾ ਹੋਵੇਗਾ ਅਤੇ ਸੱਚ ਦੀ ਲੜਾਈ ਲੜੇਗਾ’।
ਉਧਰ ਸੁਖਪਾਲ ਸਿੰਘ ਖਹਿਰਾ ਨੇ ਭਾਨਾ ਸਿੱਧੂ ਦੇ ਹੱਕ ਪੋਸਟ ਸ਼ੇਅਰ ਕਰਦੇ ਇੱਕ ਨਿਊਜ਼ ਸ਼ੇਅਰ ਕੀਤੀ ਹੈ । ਇਸ ਵਿੱਚ ਪੰਜਾਬ ਵਿੱਚ ਬੀਜੇਪੀ ਦੇ ਵੱਲੋਂ ਆਪਣੇ ਕੰਮ ਗਿਣਵਾਉਣ ਦੇ ਲਈ ਚਲਾਈ ਜਾ ਰਹੀ ਵਿਕਾਸ ਵੀਲ ਦੇ ਜਵਾਬ ਵਿੱਚ ਆਪ ਵੱਲੋਂ 97 ਵੈਨ ਚਲਾਉਣ ਦਾ ਐਲਾਨ ਕੀਤਾ ਗਿਆ ਹੈ । ਇਸ ਨੂੰ ਸ਼ੇਅਰ ਕਰਦੇ ਹੋਏ ਖਹਿਰਾ ਨੇ ਲਿਖਿਆ … ਇਸ ਤੋਂ ਸਾਬਿਤ ਹੋ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਸਿਰਫ਼ ਪਬਲਿੱਕ ਸਟੰਟ ਲਈ ਲੋਕਾਂ ਦਾ ਲੱਖਾਂ ਰੁਪਏ ਖਰਚ ਕਰ ਰਹੀ ਹੈ,ਇਸ ਲਈ ਉਹ ਮੀਡੀਆ ਨੂੰ ਵੀ ਖਰੀਦ ਰਹੀ ਹੈ ਜਿਵੇਂ ਬੀਜੇਪੀ ਦੀ ਸਰਕਾਰ ਨੇ ਕੇਂਦਰ ਵਿੱਚ ਖਰੀਦਿਆ ਹੈ। ਮੈਂ ਹੈਰਾਨ ਹਾਂ ਭਾਨਾ ਸਿੱਧੂ ਦੇ ਹੱਕ ਵਿੱਚ ਬਰਨਾਲਾ ਅੰਦਰ 50 ਹਜ਼ਾਰ ਲੋਕ ਇਕੱਠੇ ਹੋਏ ਪਰ ਕਿਸੇ ਵੀ ਮੀਡੀਆ ਨੇ ਇਸ ਨੂੰ ਵਿਖਾਉਣ ਦੀ ਜ਼ੁਰਤ ਨਹੀਂ ਕੀਤੀ । ਦਰਅਸਲ ਇਹ ਅਸਰ ਰੂਪ ਵਿੱਚ ਲੋਕਰਾਜ ਦਾ ਕਤਲ ਹੈ ।
ਉਧਰ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਕਿ ਭਾਨਾ ਸਿੱਧੂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਉਸ ਵਿਰੁੱਧ ਦਰਜ ਕੀਤੇ ਗਏ ਸਾਰੇ ਝੂਠੇ ਕੇਸ ਰੱਦ ਕੀਤੇ ਜਾਣ। ਪੰਜਾਬ ਦੇ ਲੋਕਾਂ ਨੂੰ ਅਜੇ ਵੀ ਯਾਦ ਹੈ ਕਿ ਕਿਵੇਂ ‘ਆਪ’ ਸਰਕਾਰ ਨੇ ਕਈ ਪੱਤਰਕਾਰਾਂ ਦੇ ਟਵਿੱਟਰ ਹੈਂਡਲ ਤੇ ਫੇਸਬੁੱਕ ਪੇਜ ਬੰਦ ਕਰਵਾਏ ਸਨ, ਜੋ ਸਰਕਾਰ ਦੀਆਂ ਗਲਤ ਨੀਤੀਆਂ ਦਾ ਪਰਦਾਫਾਸ਼ ਕਰ ਰਹੇ ਸਨ।