India Punjab

ਭਾਖੜਾ ਡੈਮ ਦੇ ਖੋਲ੍ਹੇ ਫਲੱਡ ਗੇਟ, ਗੋਵਿੰਦ ਸਾਗਰ ਝੀਲ ’ਚ ਵਧ ਵਧਿਆ ਪਾਣੀ

ਬਿਊਰੋ ਰਿਪੋਰਟ: ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਮੀਂਹ ਪੈ ਰਿਹਾ ਅਤੇ ਕਈ ਇਲਾਕਿਆਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ ਜਿਸ ਕਰਕੇ ਡੈਮ ਨੱਕੋ-ਨੱਕ ਭਰ ਰਹੇ ਹਨ। ਭਾਖੜਾ ਡੈਮ ਦਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਇਸੇ ਤਹਿਤ BBMB ਵੱਲੋਂ ਭਾਖੜਾ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਫਿਲਹਾਲ ਟੈਸਟਿੰਗ ਲਈ ਸਿਰਫ਼ 1 ਫੁੱਟ ਤੱਕ ਹੀ ਗੇਟ ਖੋਲ੍ਹੇ ਗਏ ਹਨ। ਦੱਸ ਦੇਈਏ ਕਿ ਗੋਵਿੰਦ ਸਾਗਰ ਝੀਲ ਵਿੱਚ ਵੀ ਪਾਣੀ ਲਗਾਤਾਰ ਵਧ ਰਿਹਾ ਹੈ।

ਨਿਰਧਾਰਤ ਸ਼ਡਿਊਲ ਮੁਤਾਬਕ ਪਹਿਲੇ ਪੜਾਅ ਵਿੱਚ ਦੁਪਹਿਰ 3 ਵਜੇ ਇਕ ਫੁੱਟ, ਦੂਜੇ ਪੜਾਅ ’ਚ 4 ਵਜੇ ਦੋ ਫੁੱਟ ਅਤੇ ਤੀਜੇ ਪੜਾਅ ਵਿਚ 5 ਵਜੇ ਤੱਕ ਤਿੰਨ ਫੁੱਟ ਤੱਕ ਰੇਡੀਅਲ ਅਤੇ ਫਲਡ ਕੰਟਰੋਲ ਗੇਟ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਨਾਲ ਸਤਲੁਜ ਨਦੀ ’ਚ ਵਾਧੂ ਪਾਣੀ ਦੇ ਵਹਾਅ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਬੀਬੀਐਮਬੀ ਪ੍ਰਸ਼ਾਸਨ ਅਨੁਸਾਰ, ਪਾਣੀ ਦੇ ਪੱਧਰ ਨੂੰ ਕੰਟਰੋਲ ‘ਚ ਰੱਖਣ ਲਈ ਫਲੱਡ ਕੰਟਰੋਲ ਗੇਟ ਖੋਲ੍ਹੇ ਗਏ ਹਨ। ਮੰਗਲਵਾਰ ਸਵੇਰੇ 6 ਵਜੇ ਭਾਖੜਾ ਡੈਮ ਦਾ ਪੱਧਰ 1665.06 ਫੁੱਟ ਦਰਜ ਕੀਤਾ ਗਿਆ ਸੀ, ਜਦਕਿ ਇਸ ਦੀ ਆਮ ਭੰਡਾਰਨ ਸਮਰੱਥਾ 1680 ਫੁੱਟ ਹੈ।

ਮੰਗਲਵਾਰ ਸਵੇਰੇ ਡੈਮ ਦਾ ਲੈਵਲ 1665.06 ਫੁੱਟ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਇਸੇ ਦਿਨ 1631.06 ਫੁੱਟ ਸੀ। ਇਸ ਵਾਰ ਦਾ ਲੈਵਲ ਔਸਤ ਤੋਂ ਵੱਧ ਹੈ। ਭਾਖੜਾ ਡੈਮ ਦੀ ਲਾਈਵ ਸਟੋਰੇਜ ਸਮਰੱਥਾ ਦਾ 87 ਪ੍ਰਤੀਸ਼ਤ ਹਿੱਸਾ ਭਰਿਆ ਹੋਇਆ ਹੈ ਜਦਕਿ ਪਿਛਲੇ ਸਾਲ ਇਹ ਅੰਕੜਾ ਸਿਰਫ 62 ਪ੍ਰਤੀਸ਼ਤ ਸੀ।

ਇਸ ਸਮੇਂ ਡੈਮ ਵਿੱਚ 4.94 ਬਿਲੀਅਨ ਕਿਊਬਿਕ ਮੀਟਰ (BCM) ਪਾਣੀ ਇਕੱਤਰ ਹੈ, ਜਦਕਿ ਪਿਛਲੇ ਸਾਲ ਇਸੇ ਦਿਨ ਇਹ 3.48 ਬੀਸੀਐਮ ਸੀ। ਭਾਖੜਾ ਡੈਮ ਤੋਂ ਇਸ ਸਮੇਂ 65617 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਦਕਿ ਪਿਛਲੇ ਸਾਲ ਇਸੇ ਦਿਨ ਇਹ 43294 ਕਿਊਸਿਕ ਸੀ।