ਰਾਜਸਥਾਨ : ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਬੀਜੇਪੀ ਨੇ ਰਾਜਸਥਾਨ ਵਿੱਚ ਵੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਦਿੱਤਾ ਹੈ। ਹੁਣ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਹੋਣਗੇ। ਜੈਪੁਰ ‘ਚ ਵਿਧਾਇਕ ਦਲ ਦੀ ਬੈਠਕ ‘ਚ ਇਸ ਸਬੰਧੀ ਫ਼ੈਸਲਾ ਲਿਆ ਗਿਆ ਹੈ। ਭਜਨ ਲਾਲ ਸ਼ਰਮਾ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਅਬਜ਼ਰਵਰਾਂ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਵਿਧਾਇਕ ਦਲ ਦੇ ਆਗੂ ਦੀ ਚੋਣ ਕੀਤੀ ਗਈ।
ਕੌਣ ਹਨ ਭਜਨ ਲਾਲ ਸ਼ਰਮਾ
ਭਜਨ ਲਾਲ ਸ਼ਰਮਾ ਸੰਗਾਨੇਰ ਤੋਂ ਵਿਧਾਇਕ ਹਨ। ਭਜਨ ਲਾਲ ਸ਼ਰਮਾ ਮੂਲ ਰੂਪ ਵਿੱਚ ਭਰਤਪੁਰ ਦੇ ਰਹਿਣ ਵਾਲੇ ਹਨ ਅਤੇ ਲੰਬੇ ਸਮੇਂ ਤੋਂ ਪਾਰਟੀ ਵਿੱਚ ਕੰਮ ਕਰ ਰਹੇ ਹਨ। ਸ਼ਰਮਾ ਸੂਬਾ ਜਨਰਲ ਸਕੱਤਰ ਵਜੋਂ ਕੰਮ ਕਰ ਰਹੇ ਹਨ। ਭਾਜਪਾ ਨੇ ਉਨ੍ਹਾਂ ਨੂੰ ਪਹਿਲੀ ਵਾਰ ਜੈਪੁਰ ਦੀ ਸੰਗਨੇਰ ਵਰਗੀ ਸੁਰੱਖਿਅਤ ਸੀਟ ਤੋਂ ਚੋਣ ਲੜਵਾਇਆ।
#WATCH | BJP names Bhajanlal Sharma as the new Chief Minister of Rajasthan pic.twitter.com/j3awHnmH7k
— ANI (@ANI) December 12, 2023
ਮੌਜੂਦਾ ਵਿਧਾਇਕ ਅਸ਼ੋਕ ਲਾਹੋਟੀ ਦੀ ਟਿਕਟ ਕੱਟ ਕੇ ਭਜਨ ਲਾਲ ਸ਼ਰਮਾ ਨੂੰ ਉਮੀਦਵਾਰ ਬਣਾਇਆ ਗਿਆ। ਸੰਗਾਨੇਰ ਸੀਟ ਨੂੰ ਭਾਜਪਾ ਦਾ ਗੜ੍ਹ ਕਿਹਾ ਜਾਂਦਾ ਹੈ। ਭਜਨ ਲਾਲ ਸ਼ਰਮਾ ਨੇ ਕਾਂਗਰਸ ਦੇ ਪੁਸ਼ਪੇਂਦਰ ਭਾਰਦਵਾਜ ਨੂੰ 48081 ਵੋਟਾਂ ਨਾਲ ਹਰਾਇਆ ਸੀ। ਭਜਨ ਲਾਲ ਸ਼ਰਮਾ ਨੇ ਸੰਗਾਨੇਰ ਤੋਂ ਚੋਣ ਜਿੱਤੀ ਹੈ। ਉਹ ਪਹਿਲੀ ਵਾਰ ਵਿਧਾਇਕ ਬਣੇ ਹਨ।
ਸ਼ਰਮਾ ਨੂੰ ਭਾਜਪਾ ਦਾ ਅਹਿਮ ਚਿਹਰਾ ਮੰਨਿਆ ਜਾਂਦਾ ਹੈ। ਉਹ ਪਾਰਟੀ ਦੇ ਸੰਗਠਨ ਮੰਤਰੀ ਰਹਿ ਚੁੱਕੇ ਹਨ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਕਰੀਬੀ ਮੰਨੇ ਜਾਂਦੇ ਹਨ। ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ 199 ਵਿੱਚੋਂ 115 ਸੀਟਾਂ ਹਾਸਲ ਕੀਤੀਆਂ ਹਨ।
ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਤੋਂ ਹੀ ਵਸੁੰਧਰਾ ਰਾਜੇ ਸਿੰਧੀਆ ਸਮੇਤ ਕਈ ਲੋਕਾਂ ਦੇ ਨਾਂ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਸਾਹਮਣੇ ਆ ਰਹੇ ਸਨ ਪਰ ਕਈ ਵਿਧਾਇਕਾਂ ਨੇ ਦਾਅਵਾ ਕੀਤਾ ਸੀ ਕਿ ਸੀਐਮ ਵਜੋਂ ਹੈਰਾਨੀਜਨਕ ਨਾਂ ਵੀ ਆ ਸਕਦਾ ਹੈ।