‘ਦ ਖ਼ਾਲਸ ਬਿਊਰੋ:- ਭਾਈ ਲਾਲੋ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸੇਵਕ ਸਨ। ਜਿਨ੍ਹਾਂ ਦਾ ਜਨਮ ਸੈਦਪੁਰ ਹੁਣ ਏਮਨਾਬਾਦ,ਪਾਕਿਸਤਾਨ ਵਿੱਚ ਹੋਇਆ। ਭਾਈ ਲਾਲੋ ਜੀ ਦਾ ਸਿੱਖ ਧਰਮ ਵਿੱਚ ਬਹੁਤ ਉੱਚਾ ਅਸਥਾਨ ਹੈ। ਭਾਈ ਲਾਲੋ ਜੀ ਧਰਮ ਦੀ ਕਿਰਤ ਕਰਦੇ ਸਨ ਅਤੇ ਰੁਖੀ-ਸੁਕੀ ਵਿੱਚ ਹੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਸਨ। ਭਾਈ ਲਾਲੋ ਜੀ ਸੱਚੀ ਮਿਹਨਤ ਕਰਨ ਵਾਲੇ ਤਰਖਾਨ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਭਾਈ ਲਾਲੋ ਜੀ ਦੇ ਘਰ ਬਹੁਤ ਚਿਰ ਰੁਕੇ ਸਨ।
ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਦੌਰਾਨ ਜਦੋਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਲੋਕਾਈ ਨੂੰ ਸੋਧਣ ਲਈ ਨਿਕਲੇ ਤਾਂ ਪਿੰਡ ਸੈਦਪੁਰ ਵਿਖੇ ਸੰਗਤਾਂ ਨੂੰ ਉਪਦੇਸ਼ ਦੇਣ ਲਈ ਕੁੱਝ ਦਿਨ ਠਹਿਰੇ। ਰਾਤ ਸਮੇਂ ਗੁਰੂ ਜੀ ਨੇ ਭਾਈ ਲਾਲੋ ਜੀ ਦੇ ਘਰ ਪ੍ਰਸ਼ਾਦਾ ਛਕਿਆ ਅਤੇ ਆਰਾਮ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖੀ ਨੂੰ ਬਖ਼ਸ਼ਿਸ਼ ਤਿੰਨ ਮੂਲ ਸਿਧਾਂਤਾਂ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਵਿੱਚੋਂ ਧਰਮੀ, ਮਿਹਨਤੀ ਤੇ ਇਮਾਨਦਾਰੀ ਦੀ ਕਿਰਤ ਦਾ ਮੁਜੱਸਮਾ ਭਾਈ ਲਾਲੋ ਜੀ ਹੀ ਨਜ਼ਰ ਆਉਂਦੇ ਹਨ।
ਸੈਦਪੁਰ ਦਾ ਇੱਕ ਅਮੀਰ ਖੱਤਰੀ ਮਲਿਕ ਭਾਗੋ, ਜੋ ਏਮਨਾਬਾਦ ਦੇ ਹਾਕਮ ਦਾ ਅਹਿਲਕਾਰ ਸੀ, ਬ੍ਰਹਮ ਭੋਜ ਕਰ ਰਿਹਾ ਸੀ। ਉਸਨੇ ਗੁਰੂ ਸਾਹਿਬ ਜੀ ਨੂੰ ਵੀ ਇਸ ਭੋਜ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ। ਗੁਰੂ ਜੀ ਨੇ ਬ੍ਰਹਮ ਭੋਜ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ।
ਗੁਰੂ ਜੀ ਵੱਲੋਂ ਕੀਤੀ ਗਈ ਨਾਂਹ ਨੂੰ ਮਲਕ ਭਾਗੋ ਨੇ ਆਪਣਾ ਅਪਮਾਨ ਸਮਝ ਕੇ ਗੁਰੂ ਜੀ ਨੂੰ ਆਪਣੇ ਅੱਗੇ ਤਲਬ ਕੀਤਾ। ਗੁਰੂ ਜੀ ਨੇ ਭਰੀ ਸਭਾ ਵਿੱਚ ਮਲਕ ਭਾਗੋ ਦਾ ਅੰਨ ‘ਲਹੂ’ ਅਤੇ ਭਾਈ ਲਾਲੋ ਜੀ ਦਾ ਅੰਨ ‘ਦੁੱਧ’ ਸਿੱਧ ਕਰਕੇ ਸ਼ੁਭ ਸਿੱਖਿਆ ਦਿੱਤੀ।
ਜਦੋਂ ਬਾਬਰ ਨੇ ਏਮਨਾਬਾਦ ਦੇ ਹੱਲੇ ਮਗਰੋਂ ਉੱਥੋਂ ਦੇ ਸਾਰੇ ਵਸਨੀਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤਾਂ ਗੁਰੂ ਜੀ, ਭਾਈ ਮਰਦਾਨਾ ਜੀ ਤੇ ਭਾਈ ਲਾਲੋ ਜੀ ਬੰਦੀਖਾਨੇ ਵਿੱਚ ਵੀ ਵਾਹਿਗੁਰੂ ਦੀ ਉਸਤਤ ਗਾਇਨ ਕਰ ਰਹੇ ਸਨ ਅਤੇ ਜਨਤਾ ਦੇ ਜ਼ਖ਼ਮਾਂ ਉੱਤੇ ਨਾਮ ਬਾਣੀ ਨਾਲ ਮਲ੍ਹਮ ਪੱਟੀ ਕਰ ਰਹੇ ਸਨ।
ਭਾਈ ਲਾਲੋ ਜੀ ਗੁਰੂ ਜੀ ਦੀ ਮਿਹਰ ਸਦਕਾ ਉੱਚੇ ਜੀਵਨ ਵਾਲੇ ਸਿੱਖ ਸਨ। ਉਹ ਸਿੱਖੀ ਪ੍ਰਚਾਰ ਵਿੱਚ ਜੁਟ ਗਏ। ਭਾਈ ਲਾਲੋ ਜੀ ਅੰਦਰੋਂ-ਬਾਹਰੋਂ ਪੂਰੀ ਤਰ੍ਹਾਂ ਰੱਬ ਦੇ ਪਿਆਰ ਵਿੱਚ ਭਿੱਜੀ ਹੋਈ ਰੂਹ ਸੀ। ਇਸ ਕਰਕੇ ਗੁਰੂ ਜੀ ਨੇ ਉਨ੍ਹਾਂ ਨੂੰ ਸੈਦਪੁਰ ਦੀ ਸੰਗਤ ਦਾ ਮੁਖੀ ਨਿਯਤ ਕਰ ਦਿੱਤਾ। ਇਸ ਸਿਦਕੀ ਸਿੱਖ ਨੇ ਨਾਮ ਜਪ ਕੇ, ਸਾਧ ਸੰਗਤ ਦੀ ਰੱਜ ਕੇ ਸੇਵਾ ਕੀਤੀ। ਸਾਰਾ ਸਿੱਖ ਸੰਸਾਰ, ਖਾਸ ਕਰਕੇ ਕਿਰਤੀ ਕਿਸਾਨ ਭਾਈ ਲਾਲੋ ਜੀ ਪ੍ਰਤੀ ਬੜੀ ਸ਼ਰਧਾ ਰੱਖਦੇ ਹਨ।