India Punjab

SGPC ਵਿਰੁੱਧ ਉੱਠੀ ਇੱਕ ਹੋਰ ਬਾਗੀ ਸੁਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਹਿਤ ਕੰਮ ਕਰਨ ਵਾਲੇ ਰਾਗੀ ਸਿੰਘਾਂ ਨੇ ਬਗਾਵਤ ਦਾ ਝੰਡਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਬਦਲੀ ਕਰਨ ਦੇ ਰੋਸ ਵਜੋਂ ਡਿਊਟੀ ਉੱਤੇ ਨਾ ਜਾਣ ਦਾ ਫੈਸਲਾ ਕਰ ਲਿਆ ਹੈ। ਇਸ ਤੋਂ ਪਹਿਲਾਂ ਵੀ ਰਾਗੀ ਸਿੰਘਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਖਿਲਾਫ਼ ਵੀ ਬਗਾਵਤ ਦੀਆਂ ਸੁਰਾਂ ਉੱਠੀਆਂ ਸਨ। ਰਾਗੀ ਸਿੰਘਾਂ ਦੀਆਂ ਕੀਰਤਨ ਦੀਆਂ ਡਿਊਟੀਆਂ ਲਾਉਣ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਇੱਕ ਹੈੱਡ ਗ੍ਰੰਥੀ ਖਿਲਾਫ਼ ਵੀ ਰੋਸ ਪ੍ਰਗਟ ਕੀਤਾ ਗਿਆ ਸੀ। ਪਿਛਲੇ ਦਿਨੀਂ ਤੰਤੀ ਸਾਜ਼ਾਂ ਨੂੰ ਲੈ ਕੇ ਵੀ ਰਾਗੀ ਸਿੰਘਾਂ ਨੇ ਆਪਣਾ ਰੋਸ ਜ਼ਾਹਿਰ ਕੀਤਾ ਸੀ।

ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

ਪਤਾ ਲੱਗਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਦਾ 13 ਜੂਨ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਬਾਦਲਾ ਕਰ ਦਿੱਤਾ ਗਿਆ ਸੀ।

ਭਾਈ ਗੁਰਦੇਵ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ

ਉਨ੍ਹਾਂ ਨੇ ਇਸਨੂੰ ਧੱਕਾ ਦੱਸਦਿਆਂ ਨਵੀਂ ਥਾਂ ਉੱਤੇ ਡਿਊਟੀ ਜੁਆਇਨ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਹਨਾਂ ਦਾ ਤਬਾਦਲਾ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਹੈ। ਉਨ੍ਹਾਂ ਨੇ ਨਾਲ ਹੀ ਕਮੇਟੀ ਅੱਗੇ ਤਬਾਦਲਾ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਕਸੂਰ ਦੱਸਣ ਦਾ ਸਵਾਲ ਖੜਾ ਕਰ ਦਿੱਤਾ ਹੈ।

ਤਖ਼ਤ ਸ੍ਰੀ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ

ਉਨ੍ਹਾਂ ਨੇ ਕਿਹਾ ਕਿ ਉਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੇ ਕੀਰਤਨੀਏ ਹਨ ਅਤੇ ਆਖ਼ਰੀ ਦਮ ਤੱਕ ਇੱਥੇ ਸੇਵਾ ਕਰਦੇ ਰਹਿਣਗੇ। ਭਾਈ ਗੁਰਦੇਵ ਸਿੰਘ ਦਾ ਬਿਆਨ ਆਉਣ ਤੋਂ ਬਾਅਦ ਤਬਾਦਲੇ ਦੇ ਮਾਮਲੇ ਉੱਤੇ ਸਿੱਖ ਹਲਕਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ।