Punjab

ਭਾਈ ਗਜਿੰਦਰ ਸਿੰਘ ਭਾਈ ਨੇ ਸੰਘਰਸ਼ ਵਿਚ ਪੈਰ ਰੱਖਿਆ ਸੀ ਉਸ ਉੱਤੇ ਉਹ ਆਖਰੀ ਸਾਹਾਂ ਤੱਕ ਨਿਭੇ : ਦਲਜੀਤ ਸਿੰਘ

ਅੰਮ੍ਰਿਤਸਰ : ਦਲ ਖਾਲਸਾ ਜਥੇਬੰਦੀ ਦੇ ਬਾਨੀ ਮੁਖੀ ਭਾਈ ਗਜਿੰਦਰ ਸਿੰਘ ਦੇ ਪਾਕਿਸਤਾਨ ਵਿਚ ਅਕਾਲ ਚਲਾਣਾ ਕਰ ਜਾਣ ਉੱਤੇ ਅੱਜ ਸਨੇਹਾ ਜਾਰੀ ਕਰਦਿਆਂ ਪੰਥ ਸੇਵਕ ਸਖਸ਼ੀਅਤ ਭਾਈ ਦਲਜੀਤ ਸਿੰਘ ਨੇ ਕਿਹਾ ਹੈ ਕਿ ਖਾਲਸਾ ਪੰਥ ਲਈ ਇਹ ਗੱਲ ਤਸੱਲੀ ਦਾ ਸਬੱਬ ਹੈ ਕਿ ਖਾਲਿਸਤਾਨ ਦੀ ਅਜ਼ਾਦੀ ਦੇ ਜਿਸ ਅਕੀਦੇ ਲਈ ਭਾਈ ਗਜਿੰਦਰ ਸਿੰਘ ਨੇ ਸੰਘਰਸ਼ ਵਿਚ ਪੈਰ ਰੱਖਿਆ ਸੀ ਉਸ ਉੱਤੇ ਉਹ ਆਖਰੀ ਸਾਹਾਂ ਤੱਕ ਨਿਭੇ।

ਦਲਜੀਤ ਸਿੰਘ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਦੀ ਸਿੰਘਣੀ ਗੁਰਪੁਰਵਾਸੀ ਬੀਬੀ ਮਨਜੀਤ ਕੌਰ ਸਮੇਤ ਸਮੁੱਚਾ ਪਰਿਵਾਰ ਸੰਘਰਸ਼ ਨੂੰ ਸਮਰਪਿਤ ਰਿਹਾ ਅਤੇ ਉਹਨਾ ਹਰ ਕਸ਼ਟ ਦਾ ਖਿੜੇ ਮੱਥੇ ਸਾਹਮਣਾ ਕੀਤਾ ਅਤੇ ਇੰਨੇ ਲੰਮੇ ਅਰਸੇ ਦੌਰਾਨ ਗੁਰੂ ਖਾਲਸਾ ਪੰਥ ਦੀ ਸੇਵਾ ਤੇ ਸੰਘਰਸ਼ ਦੇ ਆਸ਼ੇ ਉੱਤੇ ਅਡੋਲ ਰਹਿੰਦਿਆਂ ਪਹਿਰਾ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਆਪਣੇ ਬੰਦੀ ਤੇ ਜਲਾਵਤਨੀ ਦੇ ਜੀਵਨ ਦੌਰਾਨ ਕਲਮ ਰਾਹੀਂ ਸੰਘਰਸ਼ ਵਿਚ ਯੋਗਦਾਨ ਪਾਉਂਦੇ ਰਹੇ ਤੇ ਉਹਨਾ ਦਾ ਇਹ ਉੱਦਮ ਆਖਰੀ ਸਮੇਂ ਤੱਕ ਵੀ ਜਾਰੀ ਰਿਹਾ। ਭਾਈ ਗਜਿੰਦਰ ਸਿੰਘ ਦਾ ਜੀਵਨ ਸੰਘਰਸ਼ ਦਾ ਰਾਹ ਅਖਤਿਆਰ ਕਰਨ ਵਾਲੇ ਨੌਜਵਾਨਾਂ ਅਤੇ ਅਗਲੀਆਂ ਪੀੜ੍ਹੀਆ ਲਈ ਪ੍ਰੇਰਣਾ ਦਾ ਸਰੋਤ ਰਹੇਗਾ।

ਦੱਸ ਦਈਏ ਕਿ ਲੰਘੇ ਕੱਲ ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਵੀਰਵਾਰ ਲਾਹੌਰ ਦੇ ਹਸਪਤਾਲ ‘ਚ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਇਲਾਜ ਲਈ ਭਰਤੀ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਦਿਲ ਦਾ ਦੌਰਾ ਪੈਣ ਤੋਂ ਬਾਅਦ ਭਾਈ ਗਜਿੰਦਰ ਸਿੰਘ ਨੂੰ ਲਾਹੌਰ ਦੇ ਹਸਪਤਾਲ ਵਿੱਚ ਦਾਖਲ ਕੀਤਾ ਸੀ। ਭਾਈ ਗਜਿੰਦਰ ਸਿੰਘ ਤੰਦਰੁਸਤ ਹੋ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋਣ ਬਾਅਦ ਹਸਪਤਾਲ ਵਿੱਚ ਉਨ੍ਹਾਂ ਨੂੰ ਵੈਨਟੀਲੇਟਰ ਤੇ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਜ਼ਿਕਰਯੋਗ ਹੈ ਕਿ ਭਾਈ ਗਜਿੰਦਰ ਸਿੰਘ 29 ਸਤੰਬਰ 1981 ਵਿੱਚ ਦਲ ਖ਼ਾਲਸਾ ਦੇ ਮੈਂਬਰਾਂ ਨਾਲ ਗਿਅਨੀ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਗ੍ਰਿਫ਼ਤਾਰੀ ਦੇ ਰੋਸ ਵਿੱਚ ਏਅਰ ਇੰਡੀਆ ਦਾ ਜਹਾਜ਼ ਅਗਵਾ ਕਰ ਕੇ ਲਾਹੌਰ ਲੈ ਗਏ ਸਨ, ਜਿੱਥੇ ਉਨ੍ਹਾਂ ਅਤੇ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

13 ਸਾਲ 4 ਮਹੀਨੇ ਦੀ ਕੈਦ ਤੋਂ ਬਾਅਦ, ਭਾਈ ਗਜਿੰਦਰ ਸਿੰਘ ਨੇ ਪਾਕਿਸਤਾਨ ਵਿੱਚ ਹੀ ਰਹਿਣ ਦਾ ਮਨ ਬਣਾ ਲਿਆ ਹੈ ਸੀ। ਭਾਈ ਗਜਿੰਦਰ ਸਿੰਘ ਨੇ 1970 ‘ਚ ਡੇਰਾ ਬੱਸੀ ਵਿੱਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਲਸੇ ਦੌਰਾਨ ਪਰਚੇ ਸੁੱਟੇ ਸਨ ਜਿਸ ਕਾਰਨ ਚਰਚਾ ਵਿੱਚ ਰਹੇ। 2018 ਵਿੱਚ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਦੀ ਇਲਾਜ ਅਧੀਨ ਜਰਮਨ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ