‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ ਮੌਕੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਿਗਰੀ ਲੈਣ ਤੋਂ ਅਗਲੇ ਦਿਨ ਵਿਦਿਆਰਥੀ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਨੌਜਵਾਨਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਕਰਕੇ ਕਈ ਮਾਪੇ ਆਪਣੇ ਬੱਚਿਆਂ ਨੂੰ ਰੁਜ਼ਗਾਰ ਦੇ ਲਈ ਵਿਦੇਸ਼ ਭੇਜਦੇ ਹਨ। ਇਸ ਵਾਰ ਵੀ ਪੌਣੇ ਤਿੰਨ ਲੱਖ ਬੱਚਿਆਂ ਦੇ ਬਾਹਰ ਜਾਣ ਦੇ ਚਾਂਸ ਹਨ। ਇਕੱਲਾ ਬੱਚਾ ਬਾਹਰ ਨਹੀਂ ਜਾਂਦਾ, ਉਸਦੇ ਨਾਲ 15 ਲੱਖ ਰੁਪਏ ਵੀ ਜਾਂਦੇ ਹਨ। ਦੋ ਸਾਲਾਂ ਤੋਂ ਬਾਅਦ ਉਨ੍ਹਾਂ ਦੇ ਮਾਪੇ ਵੀ ਬਾਹਰ ਚਲੇ ਜਾਂਦੇ ਹਨ। ਸਾਨੂੰ ਯਕੀਨ ਦਿਵਾਉਣਾ ਪਵੇਗਾ ਕਿ ਅਸੀਂ ਇਸ ਧਰਤੀ ਨੂੰ ਠੀਕ ਕਰ ਸਕਦੇ ਹਾਂ, ਇਸੇ ਧਰਤੀ ਉੱਤੇ ਡਿਗਰੀ ਮੁਤਾਬਕ ਨੌਕਰੀ ਮਿਲੇਗੀ। ਮਾਨ ਨੇ ਪੰਜਾਬੀਆਂ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ਤੁਸੀਂ ਸਾਰਿਆਂ ਨੇ ਇੱਥੇ ਹੀ ਰਹਿਣਾ ਹੈ, ਅਸੀਂ ਇਸ ਤਰ੍ਹਾਂ ਦੀਆਂ ਪਲੈਨਿੰਗਾਂ ਕਰ ਰਹੇ ਹਾਂ ਕਿ ਇੱਥੇ ਅੰਗਰੇਜ਼ ਨੌਕਰੀਆਂ ਮੰਗਣ ਦੇ ਲਈ ਆਇਆ ਕਰਨਗੇ। ਸੂਬਾ ਸਰਕਾਰ ਅਜਿਹਾ ਢਾਂਚਾ ਵਿਕਸਤ ਕਰ ਰਹੀ ਹੈ ਕਿ ਜਿਸ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਡਿਗਰੀਆਂ ਮੁਤਾਬਕ ਨੌਕਰੀਆਂ ਮਿਲਣਗੀਆਂ ਅਤੇ ਸਰਕਾਰ ਨੌਜਵਾਨਾਂ ਤੇ ਮੁਟਿਆਰਾਂ ਦੀ ‘ਹਿਜਤ’ ਨੂੰ ਰੋਕੇਗੀ।
ਮਾਨ ਨੇ ਕਿਹਾ ਕਿ ਪੰਜਾਬੀਆਂ ਵਿੱਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ, ਬਸ ਇਨ੍ਹਾਂ ਨੂੰ ਮਾਹੌਲ ਮਿਲਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਵਿੱਦਿਆ ਕਰਜ਼ੇ ਥੱਲੇ ਨਹੀਂ ਰਹਿਣੀ ਚਾਹੀਦੀ। ਬਠਿੰਡਾ ਦੇ ਐੱਮਆਰਐੱਸਪੀਟੀਯੂ ਕੈਂਪਸ ਵਿੱਚ ਕਾਨਵੋਕੇਸ਼ਨ ਵਿੱਚ ਕਿਹਾ ਹਾਲ ਹੀ ਵਿੱਚ ਐੱਮਆਰਐੱਸਪੀਟੀਯੂ ਨੂੰ 5 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵਿੱਤੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਸਿੱਖਿਆ ਦੇ ਮੰਦਰਾਂ ਨੂੰ ਪੈਸੇ ਦੀ ਕਮੀ ਨਹੀਂ ਹੋਣੀ ਚਾਹੀ ਦੀ ਤੇ ਨਾ ਹੀ ਇਨ੍ਹਾਂ ’ਤੇ ਕਰਜ਼ ਹੋਣਾ ਚਾਹੀਦਾ ਹੈ। ਇਸ ਮੌਕੇ ‘ਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਭਾਰਤ ਵਿੱਚ ਭੁੱਖਮਰੀ ਨੂੰ ਰੋਕਣ ਵਿੱਚ ਮਦਦ ਕਰੇਗੀ ਅਤੇ ਵੱਡੇ ਖੇਤਰਾਂ ਵਿੱਚ ਤਬਦੀਲੀ ਲਿਆਉਣ ਵਿੱਚ ਮਦਦ ਕਰੇਗੀ।