ਮੰਗਲਵਾਰ ਨੂੰ ਹੀ ਭਗਵੰਤ ਮਾਨ ਨੇ ਆਪਣੀ ਪਹਿਲੀ ਪਤਨੀ ਦੀ ਕੀਤੀ ਸੀ ਤਾਰੀਫ਼
‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਕ ਵਾਰ ਮੁੜ ਤੋਂ ਵਿਆਹ ਕਰਵਾਉਣ ਜਾ ਰਹੇ ਹਨ। ਵੀਰਵਾਰ 7 ਜੁਲਾਈ ਨੂੰ ਸੀਐੱਮ ਮਾਨ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਆਪਣੇ ਮੁੱਖ ਮੰਤਰੀ ਨਿਵਾਸ ‘ਤੇ ਵਿਆਹ ਦੀ ਰਸਮ ਨਿਭਾਉਣਗੇ। ਮਾਨ ਦਾ ਕਹਿਣਾ ਹੈ ਕਿ ਮਾਂ ਅਤੇ ਭੈਣ ਉਨ੍ਹਾਂ ਦਾ ਘਰ ਮੁੜ ਤੋਂ ਵਸਾਉਣਾ ਚਾਉਂਦੇ ਸਨ ਅਤੇ ਉਨ੍ਹਾਂ ਨੇ ਡਾਕਟਰ ਗੁਰਪ੍ਰੀਤ ਕੌਰ ਨੂੰ ਆਪ ਚੁਣਿਆ ਹੈ । ਇਸ ਵਿਆਹ ਵਿੱਚ ਸਿਰਫ਼ ਕੁਝ ਨਜ਼ਦੀਕੀ ਰਿਸ਼ਤੇਦਾਰ ਹੀ ਸ਼ਾਮਲ ਹੋਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਭਗਵੰਤ ਮਾਨ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ।
ਪਹਿਲੀ ਪਤਨੀ ਦੀ ਕੀਤੀ ਸੀ ਤਾਰੀਫ਼
ਮੰਗਲਵਾਲ ਨੂੰ ਇਕ ਪ੍ਰੋਗਰਾਮ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਨੀ ਨਾਲ ਹੋਏ ਤਲਾਕ ਅਤੇ ਪਰਿਵਾਰ ਦੇ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਇਸ ‘ਤੇ ਖੁੱਲ ਕੇ ਆਪਣੀ ਗੱਲ ਰੱਖੀ ਸੀ, ਮਾਨ ਨੇ ਕਿਹਾ ਸੀ ਕਿ ਜ਼ਿੰਦਗੀ ਦੇ ਇੱਕ ਮੋੜ ‘ਤੇ ਭਾਵੇਂ ਉਨ੍ਹਾਂ ਨੇ ਪਤਨੀ, ਬੱਚਿਆਂ ਅਤੇ ਪੰਜਾਬ ਵਿੱਚੋਂ ਸੂਬੇ ਨੂੰ ਚੁਣਿਆ ਪਰ ਉਨ੍ਹਾਂ ਦੀ ਪਤਨੀ ਨੇ ਜਿਸ ਤਰ੍ਹਾਂ ਉਨ੍ਹਾਂ ਦੀ ਧੀ ਅਤੇ ਪੁੱਤਰ ਦੀ ਪਰਵਰਿਸ਼ ਕੀਤੀ, ਉਸ ‘ਤੇ ਉਨ੍ਹਾਂ ਨੂੰ ਮਾਣ ਹੈ। ਸਿਰਫ਼ ਇੰਨਾ ਹੀ ਨਹੀਂ ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਤਲਾਕ ਤੋਂ ਬਾਅਦ ਆਪਣੀ ਸਾਰੀ ਜਾਇਦਾਦ ਬੱਚਿਆਂ ਅਤੇ ਪਤਨੀ ਦੇ ਨਾਂ ‘ਤੇ ਕਰ ਦਿੱਤੀ ਕਿਉਂਕਿ ਉਨ੍ਹਾਂ ਨੂੰ ਪੰਜਾਬ ਨਾਲ ਪਿਆਰ ਸੀ।
2015 ਵਿੱਚ ਹੋਇਆ ਸੀ ਤਲਾਕ
16 ਮਾਰਚ ਨੂੰ ਜਦੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਦੋਵੇਂ ਬੱਚੇ ਅਮਰੀਕਾ ਤੋਂ ਆਏ ਸਨ। ਮਾਨ ਦੀ ਧੀ ਸੀਰਤ ਅਤੇ ਪੁੱਤ ਦਿਲਸ਼ਾਨ ਆਪਣੀ ਮਾਂ ਇੰਦਰਪ੍ਰੀਤ ਨਾਲ ਅਮਰੀਕਾ ਰਹਿੰਦੇ ਨੇ। ਸਾਲ 2014 ਵਿੱਚ ਪਤਨੀ ਇੰਦਰਪ੍ਰੀਤ ਕੌਰ ਨੇ ਭਗਵੰਤ ਮਾਨ ਦੇ ਹੱਕ ਵਿੱਚ ਬਹੁਤ ਪ੍ਰਚਾਰ ਕੀਤਾ ਸੀ ਪਰ 2015 ਵਿੱਚ ਦੋਵੇਂ ਅਲੱਗ ਹੋ ਗਏ ਸਨ। ਇੰਦਰਪ੍ਰੀਤ ਬੱਚਿਆਂ ਦੇ ਨਾਲ ਅਮਰੀਕਾ ਚਲੀ ਗਈ। ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ‘ਤੇ ਇੰਦਰਪ੍ਰੀਤ ਵੀ ਕਾਫੀ ਖੁਸ਼ ਸੀ ਪਰ ਉਹ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਈ। ਕਿਹਾ ਜਾਂਦਾ ਹੈ ਕਿ ਇੰਦਰਪ੍ਰੀਤ ਮਾਨ ਦੇ ਸਿਆਸਤ ਵਿੱਚ ਆਉਣ ਤੋਂ ਖੁਸ਼ ਨਹੀਂ ਸੀ, ਇਸੇ ਲਈ ਦੋਵਾਂ ਨੇ ਤਲਾਕ ਲੈ ਲਿਆ ਸੀ।