Punjab

ਮਾਨ ਦੇ ਫੈਸਲੇ ਦਾ ਵਿਰੋਧੀਆਂ ਨੇ ਕੀਤਾ ਸਵਾਗਤ, ਪਰ…

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਪੰਜਾਬ ਸਰਕਾਰ ਦੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਨੂੰ ਹਾਲੇ ਬਹੁਤ ਥੋੜਾ ਸਮਾਂ ਹੋਇਆ ਹੈ। ਵੈਦ ਨੇ ਨਾਲ ਹੀ ਕਿਹਾ ਕਿ ਸਵਾਲ ਬਹੁਤ ਵੱਡੇ ਹਨ ਜਿਵੇਂ ਪਿਛਲੇ ਇੱਕ ਮਹੀਨੇ ਵਿੱਚ ਇੰਨੇ ਜ਼ਿਆਦਾ ਕਤਲ ਹੋਏ ਹਨ, ਇਸ ਦੇ ਲਈ ਸਰਕਾਰ ਨੂੰ ਸਮਾਂ ਦੇਣਾ ਚਾਹੀਦਾ ਹੈ। ਪਰ ਜਿਸ ਤਰੀਕੇ ਨਾਲ ਸਰਕਾਰ ਕੋਈ ਐਲਾਨ ਕਰਨ ਤੋਂ ਪਹਿਲਾਂ ਰੌਲਾ ਪਾਉਂਦੀ ਹੈ ਕਿ ਪੰਜਾਬ ਵਾਸੀਆਂ ਲਈ ਵੱਡੀ ਖੁਸ਼ਖਬਰੀ ਹੈ ਪਰ ਐਲ਼ਾਨਾਂ ਵਿੱਚੋਂ ਖੁਸ਼ਖਬਰੀ ਤਾਂ ਕੋਈ ਨਿਕਲਦੀ ਨਹੀਂ। ਵੈਦ ਨੇ ਕਿਹਾ ਕਿ ਅਸੀਂ 300 ਯੂਨਿਟ ਬਿਜਲੀ ਦੇ ਮੁਫ਼ਤ ਤਾਂ ਦੇ ਹੀ ਰਹੇ ਸੀ, ਇਸਨੂੰ ਇਹ ਸਰਕਾਰ ਜਾਰੀ ਰੱਖਦੀ, ਇਸ ਵਿੱਚ ਤਿੰਨ ਮਹੀਨਿਆਂ ਦਾ ਗੈਪ ਕਿਉਂ ਪਾਇਆ। ਇਸ ਐਲਾਨ ਵਿੱਚ ਨਵਾਂ ਕੀ ਹੈ, ਕਿਉਂਕਿ ਇਹ ਮੁੱਦਾ ਇਨ੍ਹਾਂ ਦੇ ਮੈਨੀਫੈਸਟੋ ਵਿੱਚ ਲਿਖਿਆ ਹੀ ਹੋਇਆ ਸੀ।

ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਵੈਦ ਨੂੰ ਜਵਾਬ ਦਿੰਦਿਆਂ ਕਿਹਾ ਕਿ ਮਾਨ ਸਰਕਾਰ ਅਤੇ ਪਿਛਲੀ ਕਾਂਗਰਸ ਸਰਕਾਰ ਦਾ ਬੁਨਿਆਦੀ ਫਰਕ ਇਹ ਹੈ ਕਿ ਚੰਨੀ ਦੇ ਰਿਸ਼ਤੇਦਾਰਾਂ ਦੇ ਘਰਾਂ ਵਿੱਚੋਂ ਕਰੋੜਾਂ ਰੁਪਏ ਫੜੇ ਜਾਂਦੇ ਹਨ ਅਤੇ ਅਸੀਂ ਕਰੋੜਾਂ ਰੁਪਏ ਦੀਆਂ ਪੈਨਸ਼ਨਾਂ ਬੰਦ ਕਰਕੇ ਪੰਜਾਬ ਦੇ ਖ਼ਜ਼ਾਨੇ ਵਿੱਚ ਜਮ੍ਹਾ ਕਰਵਾਇਆ। 200 ਯੂਨਿਟ ਬਿਜਲੀ ਸਿਰਫ਼ ਐੱਸਸੀ, ਬੀਸੀ, ਬੀਪੀਐੱਲ ਪਰਿਵਾਰਾਂ ਨੂੰ ਹੀ ਮੁਫ਼ਤ ਸੀ। ਅਸੀਂ ਮੁਫ਼ਤ ਬਿਜਲੀ ਨੂੰ ਸਿਰਫ਼ ਕਿਸੇ ਵਿਸ਼ੇਸ਼ ਵਰਗ ਤੱਕ ਸੀਮਤ ਨਹੀਂ ਕੀਤਾ ਹੈ ਬਲਕਿ ਸਾਰਿਆਂ ਲਈ ਮੁਫ਼ਤ ਕੀਤੀ ਹੈ। ਕੰਗ ਨੇ ਕਿਹਾ ਕਿ ਜੋ 200 ਯੂਨਿਟ ਮੁਫ਼ਤ ਬਿਜਲੀ ਵਾਲੀ ਸਕੀਮ ਹੈ, ਇਹ ਵੀ ਬੰਦ ਨਹੀਂ ਹੋਵੇਗੀ, ਲਾਗੂ ਰਹੇਗੀ ਅਤੇ ਜੁਲਾਈ ਵਿੱਚ ਇਹ 300 ਯੂਨਿਟ ਤੱਕ ਹੋ ਜਾਵੇਗੀ। ਬਿਜਲੀ ਮਹਿਕਮੇ ਵਿੱਚ ਬਰਡਨ ਬਹੁਤ ਹੈ, ਅਸੀਂ ਬਿਜਲੀ ਦੀ ਚੋਰੀ ਬੰਦ ਕਰਾਂਗੇ ਅਤੇ ਬਿਜਲੀ ਦੀ ਪੈਦਾਵਾਰ ਵਧਾਵਾਂਗੇ।

ਕੰਗ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਟਰਾਂਸਮਿਸ਼ਨ ਦੀ ਰਿਪੇਅਰ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ। ਅਸੀਂ ਸੋਲਰ ਪਾਵਰ ਨੂੰ ਬਹੁਤ ਤਵੱਜੋਂ ਦੇਣੀ ਹੈ। ਕਣਕ ਦੀ ਫਸਲ ਦੀ ਵਾਢੀ ਲਈ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਵਾਢੀ ਤੋਂ ਬਾਅਦ ਬਿਜਲੀ ਨਿਰਵਿਘਨ ਜਾਰੀ ਰਹੇਗੀ। ਹਾਲਾਂਕਿ, ਕੁਲਦੀਪ ਵੈਦ ਨੇ ਕੰਗ ਨੂੰ ਜਵਾਬ ਦਿੰਦਿਆਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਬਿਜਲੀ ਦੀ ਖਪਤ ਘੱਟ ਜਾਂਦੀ ਹੈ ਤਾਂ ਫਿਰ ਕੱਟ ਕਿਉਂ ਲੱਗ ਰਹੇ ਹਨ। ਜੋ ਇਹ ਕਣਕ ਨੂੰ ਅੱਗ ਲੱਗਣ ਦੀ ਗੱਲ ਕਰ ਰਹੇ ਹਨ, ਇਹ ਕੁਦਰਤੀ ਹੈ ਤੇ ਅੱਗ ਪਹਿਲਾਂ ਵੀ ਲੱਗਦੀ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਰਸ਼ਦੀਪ ਕਲੇਰ ਨੇ ਕਿਹਾ ਕਿ ਆਪ ਦੀ ਸਰਕਾਰ ਆਉਣ ਤੋਂ ਬਾਅਦ ਬਿਜਲੀ ਦੇ ਲੰਮੇ ਕੱਟ ਕਿਉਂ ਲੱਗ ਰਹੇ ਹਨ। ਕਲੇਰ ਨੇ ਕਿਹਾ ਕਿ ਅੱਜ ਅਖਬਾਰ ਦੇ ਕਿਸੇ ਵੀ ਪੇਜ ਉੱਤੇ ਤੁਸੀਂ ਵੇਖ ਲਓ, ਮਾਨ ਸਰਕਾਰ ਨੇ ਆਪਣੀਆਂ ਇੱਕ ਮਹੀਨੇ ਦੀਆਂ ਉਪਲੱਬਧੀਆਂ ਗਿਣਾਈਆਂ ਹਨ। ਕਲੇਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਭਗਵੰਤ ਸਿੰਘ ਮਾਨ ਦੀ ਤੁਲਨਾ ਕਰਦਿਆਂ ਕਿਹਾ ਕਿ ਫਰਕ ਸਿਰਫ਼ ਇੰਨਾ ਪਿਆ ਹੈ ਕਿ ਪਹਿਲਾਂ ਪੰਜਾਬ ਨੂੰ ਐਲਾਨਜੀਤ ਸਿੰਘ ਚੰਨੀ ਚਲਾਉਂਦੇ ਸਨ, ਹੁਣ ਐਲਾਨਵੰਤ ਸਿੰਘ ਮਾਨ ਆ ਗਏ ਹਨ। ਕਲੇਰ ਨੇ ਆਪ ਸਰਕਾਰ ਨੂੰ ਇਸ਼ਤਿਹਾਰਬਾਜ਼ੀ ਵਾਲੀ ਰਾਜਨੀਤੀ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ 35000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, 25000 ਨੌਕਰੀਆਂ ਦੇਣ ਦਾ ਮੁੱਦਾ ਵੀ ਚੁੱਕਿਆ।

ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਦੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਇਸਨੂੰ ਮਹਿੰਗਾਈ ਵਿੱਚ ਵਧੀਆ ਕਦਮ ਕਰਾਰ ਦਿੱਤਾ ਹੈ ਪਰ ਨਾਲ ਹੀ ਕਈ ਸਵਾਲ ਕੀਤੇ ਹਨ। ਖਹਿਰਾ ਨੇ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਸਭ ਤੋਂ ਵੱਡੀ ਸ਼ੰਕਾ ਇਹ ਹੈ ਕਿ ਜੇ ਲੋਕਾਂ ਨੂੰ 301 ਯੂਨਿਟ ਦਾ ਬਿੱਲ ਆਵੇਗਾ ਤਾਂ ਕੀ ਉਨ੍ਹਾਂ ਨੂੰ ਸਾਰਾ ਭੁਗਤਾਨ ਕਰਨਾ ਪਵੇਗਾ ਕਿ ਜਾਂ ਫਿਰ ਸਿਰਫ਼ ਇੱਕ ਯੂਨਿਟ ਦੇ ਹਿਸਾਬ ਨਾਲ ਭੁਗਤਾਨ ਕਰਨਾ ਪਵੇਗਾ। ਖਹਿਰਾ ਨੇ ਕਿਹਾ ਕਿ ਜੇ ਸਰਕਾਰ ਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਫੈਸਲਾ ਕਰ ਹੀ ਲਿਆ ਹੈ ਤਾਂ ਇਸਨੂੰ ਤੁਰੰਤ ਲਾਗੂ ਕਰੇ, ਡੀਲੇਅ ਕਿਉਂ ਕਰ ਰਹੇ ਹਨ। ਕੇਜਰੀਵਾਲ ਨੇ ਆਪਣੀਆਂ ਗਾਰੰਟੀਆਂ ਦਾ ਪ੍ਰਬੰਧ ਕਰ ਲੈਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ 20 ਹਜ਼ਾਰ ਕਰੋੜ ਰੁਪਏ ਉਨ੍ਹਾਂ ਨੇ ਮਾਈਨਿੰਗ ਵਿੱਚੋਂ ਕੱਢ ਲੈਣਾ ਹੈ। ਖਹਿਰਾ ਨੇ ਕਿਹਾ ਕਿ ਇਹ ਮਾਈਨਿੰਗ ਵਿੱਚੋਂ 20 ਹਜ਼ਾਰ ਕਰੋੜ ਰੁਪਏ ਕਿਵੇਂ ਕੱਢ ਲੈਣਗੇ। ਉਨ੍ਹਾਂ ਨੇ ਕਿਹਾ ਕਿ ਇਹ ਸਾਢੇ 19 ਹਜ਼ਾਰ ਕਰੋੜ ਰੁਪਏ ਕਿੱਥੋਂ ਲੈ ਕੇ ਆਉਣਗੇ। ਖਹਿਰਾ ਨੇ ਸਿੱਧੂ ਮੂਸੇਵਾਲਾ ਦਾ ਪੱਖ ਲੈਂਦਿਆਂ ਕਿਹਾ ਕਿ ਜੇ ਸਿੱਧੂ ਮੂਸੇਵਾਲਾ ਨੇ ਕੋਈ ਜ਼ਜ਼ਬਾਤੀ ਗੀਤ ਗਾ ਦਿੱਤਾ ਤਾਂ ਉਹਦੇ ਮਗਰ ਸਾਰੇ ਚੜ ਗਏ ਹਨ। ਕੇਜਰੀਵਾਲ ਸਾਡਾ ਹੈਲੀਕਾਪਟਰ ਗੁਜਰਾਤ, ਪੰਜਾਬ ਵਿੱਚ ਕਿਉਂ ਉਡਾ ਰਹੇ ਹਨ। ਖਹਿਰਾ ਨੇ ਮਾਨ ਸਰਕਾਰ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਆਪਣੇ ਫੈਸਲਿਆਂ ਦੀ ਵਾਰ ਵਾਰ ਇਸ਼ਤਿਹਾਰਬਾਜ਼ੀ ਕਰਕੇ ਪੈਸਾ ਖਰਾਬ ਕੀਤਾ ਜਾ ਰਿਹਾ ਹੈ। ਖਹਿਰਾ ਨੇ ਆਪਣੀ ਸਰਕਾਰ ਉੱਤੇ ਵੀ ਵਰ੍ਹਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਵੀ ਆਪਣੇ ਐਲਾਨਾਂ ਦੇ ਇਸ਼ਤਿਹਾਰ ਵਾਰ ਵਾਰ ਦੇ ਕੇ ਗਲਤ ਕੀਤਾ ਅਤੇ ਸਰਕਾਰ ਨੂੰ ਉਸਦਾ ਖਮਿਆਜ਼ਾ ਵੀ ਭੁਗਤਣਾ ਪਿਆ ਹੈ।

ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਵੀ ਪੰਜਾਬ ਸਰਕਾਰ ਨੂੰ ਸਵਾਲ ਕੀਤੇ ਹਨ ਕਿ ਸੀਐੱਮ ਮਾਨ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਦਾ ਵਾਅਦਾ ਪੂਰਾ ਕਰਨ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ ਪਰ ਇਸਦੇ ਲਈ 1 ਜੁਲਾਈ ਤੱਕ ਦਾ ਇੰਤਜ਼ਾਰ ਕਿਉਂ ? ਕੀ ਕੋਈ ਆਰਥਿਕ ਮੁਸ਼ਕਿਲ ਆ ਰਹੀ ਹੈ ? ਇਹ ਵੀ ਸਪੱਸ਼ਟ ਕਰੋ ਕਿ ਜੇਕਰ ਬਿੱਲ 301 ਯੂਨਿਟ ਹੈ ਤਾਂ ਕੀ ਖਪਤਕਾਰਾਂ ਤੋਂ ਪੂਰਾ ਬਿੱਲ ਲਿਆ ਜਾਵੇਗਾ ? ਕੀ ਟਿਊਬਵੈੱਲ ਸਬਸਿਡੀ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ ?

ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਵੀ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਤਕਰੀਬਨ 73.39 ਲੱਖ ਡੋਮੈਸਟਿਕ ਕੁਨੈਕਸ਼ਨ ਹਨ। ਪੰਜਾਬ ਤਕਰੀਬਨ 61 ਲੱਖ ਕੁਨੈਕਸ਼ਨ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦਾ ਬਿਜਲੀ ਦਾ ਬਿੱਲ ਦੋ ਮਹੀਨਿਆਂ ਵਿੱਚ 600 ਤੋਂ ਘੱਟ ਆਉਂਦਾ ਹੈ। ਤਕਰੀਬਨ ਪੰਜਾਬ ਦੀ 80 ਫ਼ੀਸਦੀ ਜਨਤਾ ਦਾ ਡੋਮੈਸਟਿਕ ਬਿਜਲੀ ਬਿੱਲ ਜ਼ੀਰੋ ਹੋਵੇਗਾ।

ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਅਸੀਂ ਇੱਕ ਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਜੁਲਾਈ ਵਿੱਚ ਵੀ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ। ਪਹਿਲੀਆਂ ਸਰਕਾਰਾਂ ਪੰਜ ਸਾਲ ਬੀਤ ਜਾਣ ਤੋਂ ਬਾਅਦ ਜਾਂ ਫਿਰ ਪੌਣੇ ਪੰਜ ਸਾਲ ਬਾਅਦ ਆਪਣੇ ਐਲਾਨਾਂ ਨੂੰ ਲਾਗੂ ਕਰਦੀਆਂ ਸਨ ਪਰ ਅਸੀਂ ਪਹਿਲੇ ਤਿੰਨ ਮਹੀਨੇ ਵਿੱਚ ਲਾਗੂ ਕਰ ਦੇਣਾ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਕਿਹਾ ਕਿ The Proof of pudding is in the eating… ਰਾਜਾ ਵੜਿੰਗ ਨੇ ਲਿਖਿਆ ਕਿ ਤੁਹਾਡੀ 300 ਯੂਨਿਟ ਮੁਫਤ ਬਿਜਲੀ ਦੀ ਸੱਚਾਈ ਇਸ ਨਾਲ ਜੁੜੇ ਵੇਰਵਿਆਂ ਅਤੇ ਸ਼ਰਤਾਂ ਵਿੱਚ ਪਰਖੀ ਜਾਵੇਗੀ। ਵੜਿੰਗ ਨੇ PSPCL ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਹੁਣ PSPCL ਨੂੰ ਕਿਸੇ ਤਰ੍ਹਾਂ Survive ਕਰਨਾ ਪਵੇਗਾ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਸਿੰਘ ਮਾਨ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਫੈਸਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਆਪਣਾ ਪਹਿਲਾ ਵਾਅਦਾ ਪੂਰਾ ਕਰ ਲਿਆ ਹੈ। ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਹਾਂ। ਦੂਜੀਆਂ ਪਾਰਟੀਆਂ ਵਾਂਗ ਝੂਠੇ ਵਾਅਦੇ ਨਹੀਂ ਕਰਦੇ। ਹੁਣ ਸਾਫ਼ ਨੀਅਤ ਵਾਲੀ ਇਮਾਨਦਾਰ, ਦੇਸ਼ਭਗਤ ਸਰਕਾਰ ਆ ਗਈ ਹੈ। ਭ੍ਰਿਸ਼ਟਾਚਾਰ ਖਤਮ ਕਰਕੇ ਪੈਸੇ ਬਚਾਵਾਂਗੇ। ਪੰਜਾਬ ਦੀ ਤਰੱਕੀ ਵਿੱਚ ਪੈਸੇ ਦੀ ਕਮੀ ਨਹੀਂ ਹੋਣ ਦਿਆਂਗੇ।

ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਆਖਿਆ ਹੈ ਕਿ ਆਪ ਸਰਕਾਰ ਨੇ ਜਿਹੜਾ 300 ਯੂਨਿਟ ਮੁਫਤ ਵਾਲਾ ਫੈਸਲਾ ਕੀਤਾ ਹੈ, ਇਹ ਅੱਧ-ਅਧੂਰਾ ਫੈਸਲਾ ਹੈ। ਉਨ੍ਹਾਂ ਆਖਿਆ ਹੈ ਕਿ ਸਰਕਾਰ ਨੇ ਸ਼ਰਤ ਰੱਖੀ ਹੈ ਕਿ ਜੇਕਰ ਜਨਰਲ ਵਰਗ ਵਿਚ 300 ਤੋਂ ਇਕ ਵੀ ਯੂਨਿਟ ਵੱਧ ਹੋ ਗਈ ਤਾਂ ਪੂਰਾ ਬਿੱਲ ਭਰਨਾ ਪਵੇਗਾ। ਵੇਰਕਾ ਨੇ ਆਖਿਆ ਕਿ ਲੋਕਾਂ ਨੂੰ ਮੀਟਰ ਕੋਲ ਬੈਠ ਕੇ ਚੌਂਕੀਦਾਰੀ ਕਰਨੀ ਪਵੇਗੀ ਕਿ ਕਿਤੇ 300 ਤੋਂ ਇਕ ਵੀ ਯੂਨਿਟ ਵੱਧ ਨਾ ਹੋ ਜਾਵੇ। ਜੇਕਰ ਕਾਂਗਰਸ ਨੇ 3 ਰੁਪਏ ਯੂਨਿਟ ਘਟਾਇਆ ਸੀ ਤਾਂ ਸਾਰਿਆਂ ਲਈ ਘਟਾਇਆ ਸੀ। ਇਸ ਲਈ ਜੇਕਰ ਤੁਸੀਂ ਮੁਆਫ ਕਰਨਾ ਹੈ ਤਾਂ ਸਭ ਦਾ ਮੁਆਫ ਕਰ ਦਿਓ। ਇਹ ਸ਼ਰਤਾਂ ਵਾਲਾ ਫੈਸਲਾ ਸਹੀ ਨਹੀਂ ਹੈ। ਇਸ ਲਈ ਭਗਵੰਤ ਮਾਨ ਆਪਣੇ ਫੈਸਲੇ ਉਤੇ ਮੁੜ ਵਿਚਾਰ ਕਰਨ।

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਅਮਨ ਅਰੋੜਾ ਨੇ ਕਿਹਾ ਕਿ ਇਸ ਫੈਸਲੇ ਨਾਲ ਪੰਜਾਬ ਦੇ 80 ਫ਼ੀਸਦੀ ਪਰਿਵਾਰ ਕਵਰ ਹਨ, ਉਨ੍ਹਾਂ ਨੂੰ ਇਸ ਫੈਸਲੇ ਦਾ ਸਿੱਧਾ ਫਾਇਦਾ ਮਿਲਣਾ ਸ਼ੁਰੂ ਹੋ ਜਾਵੇਗਾ। ਅਰੋੜਾ ਨੇ ਦਾਅਵਾ ਕੀਤਾ ਕਿ ਇਸ ਤੋਂ ਵੱਡਾ ਫੈਸਲਾ ਪਹਿਲਾਂ ਨਹੀਂ ਲਿਆ ਗਿਆ। ਅਰੋੜਾ ਨੇ ਜਨਰਲ ਪਰਿਵਾਰਾਂ ਦਾ 600 ਯੂਨਿਟ ਤੋਂ ਉੱਪਰ ਬਿਜਲੀ ਵਰਤਣ ਤੋਂ ਬਾਅਦ ਸਾਰਾ ਬਿੱਲ ਪਾਉਣ ਦਾ ਕਾਰਨ ਦੱਸਦਿਆਂ ਕਿਹਾ ਕਿ 61 ਲੱਖ ਪਰਿਵਾਰ ਵੈਸੇ ਹੀ 600 ਯੂਨਿਟ ਵਿੱਚ ਕਵਰ ਹੋ ਜਾਂਦੇ ਹਨ। ਇਸ ਫੈਸਲੇ ਦਾ ਦੂਜਾ ਕਾਰਨ ਇਹ ਵੀ ਹੈ ਕਿ ਬਿਜਲੀ ਦੀ ਬੱਚਤ ਹੋਵੇ, ਕੋਈ wastage ਨਾ ਹੋਵੇ। ਅਰੋੜਾ ਨੇ ਆਪ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਦਾ ਦਾਅਵਾ ਕੀਤਾ। ਅਰੋੜਾ ਨੇ ਮਾਨ ਵੱਲੋਂ ਬਿਜਲੀ ਨਾਲ ਸਬੰਧਿਤ ਕੀਤੇ ਗਏ ਐਲਾਨਾਂ ਨੂੰ ਮੁੜ ਦੁਹਰਾਇਆ।

ਅਰੋੜਾ ਨੇ ਕਿਹਾ ਕਿ ਪੰਜ ਹਜ਼ਾਰ ਕਰੋੜ ਰੁਪਏ ਦਾ ਐਡੀਸ਼ਨਲ ਬਰਡਨ ਸੂਬਾ ਸਰਕਾਰ ਉੱਤੇ ਆਵੇਗਾ। ਇਸ ਵਿੱਚੋਂ ਇੱਕ ਵੀ ਨਵੇਂ ਪੈਸੇ ਦਾ ਬੋਝ ਪੰਜਾਬ ਦੇ ਲੋਕਾਂ ਉੱਤੇ ਨਹੀਂ ਪੈਣ ਦਿੱਤਾ ਜਾਵੇਗਾ। ਅਸੀਂ ਸਾਰਾ ਪੈਸਾ ਪੰਜਾਬ ਵਿੱਚ ਚੱਲ ਰਹੇ ਨਾਜਾਇਜ਼ ਕੰਮਾਂ ਤੋਂ ਰਿਕਵਰ ਕਰਾਂਗੇ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ “ਐਲਾਨ ਮਾਨ” ਵੱਲੋਂ ਇੱਕ ਜੁਲਾਈ ਤੋਂ 300 ਯੂਨਿਟ ਬਿਜਲੀ ਮੁਫ਼ਤ ਕਰਨ ਦਾ ਐਲ਼ਾਨ ਕੀਤਾ ਗਿਆ ਹੈ, ਜਦਕਿ ਸੱਚਾਈ ਇਹ ਹੈ ਕਿ ਇਸ ‘ਚ ਵੱਖ-ਵੱਖ ਬਿਜਲੀ ਬਿੱਲਾਂ ਲਈ ਨਿਰਧਾਰਤ ਕੀਤੀਆਂ ਸ਼ਰਤਾਂ ਸਮਾਜ ‘ਚ ਵੰਡੀਆਂ ਪਾਉਣ ਵਾਲੀ ਗੱਲ ਕੀਤੀ ਗਈ ਹੈ। ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਜਿਹੜਾ ਵਾਅਦਾ ਉਨ੍ਹਾਂ ਨੇ ਲੋਕਾਂ ਨਾਲ ਕੀਤਾ ਉਹ ਵੰਡੀਆਂ ਪਾਉਣ ਤੋਂ ਬਗ਼ੈਰ ਤੁਰੰਤ ਪੁਗਾਓ ਤੇ ਸਾਰਿਆਂ ਨੂੰ ਇਕਸਾਰ ਜਾਣ ਕੇ ਸਭ ਦੀ ਬਿਜਲੀ ਮੁਆਫ਼ ਕਰੋ।