‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ ‘ਤੇ ਨਿਸ਼ਾਨੇ ਕੱਸੇ ਹਨ। ਭਗਵੰਤ ਮਾਨ ਨੇ ਕੈਪਟਨ ਨੂੰ ਸਿੱਧੇ ਹੱਥੀਂ ਲੈਂਦਿਆਂ ਕਿਹਾ ਕਿ ਕੈਪਟਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਿੱਧੂ ਨੂੰ ਕੈਬਨਿਟ ਵਿੱਚ ਰੱਖਣ ਲਈ ਪਾਕਿਸਤਾਨ ਤੋਂ ਫੋਨ ਆਉਂਦੇ ਸਨ। ਮਾਨ ਨੇ ਕੈਪਟਨ ਨੂੰ ਸਵਾਲ ਕਰਦਿਆਂ ਕਿਹਾ ਕਿ ਕੈਪਟਨ ਖੁਦ ਹਰ ਵਾਰ ਇਹ ਗੱਲ ਕਹਿੰਦੇ ਰਹਿੰਦੇ ਹਨ ਕਿ ਪੰਜਾਬ ਸਰਹੱਦੀ ਸੂਬਾ ਹੈ, ਇੱਥੇ ਡਰੋਨ ਆਉਂਦੇ ਰਹਿੰਦੇ ਹਨ, ਇੱਥੇ ਮਜ਼ਬੂਤ ਸਰਕਾਰ ਆਉਣੀ ਚਾਹੀਦੀ ਹੈ ਤਾਂ ਫਿਰ ਕੈਪਟਨ ਨੇ ਇਹ ਗੱਲ ਇੰਨਾ ਚਿਰ ਲੁਕੋ ਕੇ ਕਿਉਂ ਰੱਖੀ। ਕੈਪਟਨ ਨੇ ਤਕਰੀਬਨ ਉਨ੍ਹਾਂ ਦੀ ਗੱਲ ਮੰਨ ਵੀ ਲਈ ਸੀ ਕਿਉਂਕਿ ਕੈਪਟਨ ਨੇ ਸਿੱਧੂ ਨੂੰ ਬਿਜਲੀ ਮੰਤਰਾਲਾ ਆਫਰ ਕਰ ਦਿੱਤਾ ਸੀ। ਇਸਦਾ ਮਤਲਬ ਕਿ ਕੈਪਟਨ ਪਾਕਿਸਤਾਨ ਦੇ ਕਹਿਣ ‘ਤੇ ਪੰਜਾਬ ਕੈਬਨਿਟ ਵਿੱਚ ਮੰਤਰੀ ਲਾਉਂਦੇ ਸਨ। ਕੰਧ ਦੇ ਪਰਲੇ ਪਾਸੇ ਤਾਂ ਇਨ੍ਹਾਂ ਲਈ ਪਾਕਿਸਤਾਨ ਸੀ। ਇਹ ਨਫ਼ਰਤ ਦੀ ਰਾਜਨੀਤੀ ਕਰ ਰਹੇ ਹਨ। ਕੈਪਟਨ ਦੱਸਣ ਚੀਕੂ ਤੇ ਸੀਤਾਫਲ ਕਿਸਦੇ ਕਹਿਣ ‘ਤੇ ਲੱਗੇ ਸਨ।
ਭਗਵੰਤ ਮਾਨ ਨੇ ਕਿਹਾ ਕਿ ਮੇਰੇ ਬਾਰੇ ਕੈਪਟਨ ਕਹਿ ਰਹੇ ਹਨ ਕਿ ਪੰਜਾਬ ਨੂੰ ਕਮੇਡੀਅਨ ਦੀ ਲੋੜ ਨਹੀਂ ਹੈ, ਤਕੜਾ ਸੀਐੱਮ ਚਾਹੀਦਾ ਹੈ। ਕੈਪਟਨ ਨੇ ਸੰਗਰੂਰ ਵਿੱਚ ਭਾਸ਼ਣ ਦਿੰਦਿਆਂ ਕਿਹਾ ਸੀ ਕਿ ਭਗਵੰਤ ਮਾਨ ਬਹੁਤ ਤਕੜਾ ਉਮੀਦਵਾਰ ਹੈ, ਵਾਰ-ਵਾਰ ਆਉਣਾ ਪਊ, ਉਦੋਂ ਮੈਂ ਤਕੜਾ ਸੀ। ਸੰਵਿਧਾਨਕ ਸੰਸਥਾ ਵਿੱਚ ਕੈਪਟਨ ਦੀ ਛੇ ਫ਼ੀਸਦ ਹਾਜ਼ਰੀ ਸੀ, ਪੂਰੇ ਦੇਸ਼ ਵਿੱਚ ਸਭ ਤੋਂ ਘੱਟ। ਮਾਨ ਨੇ ਤੰਜ ਕੱਸਦਿਆਂ ਕਿਹਾ ਕਿ ਤੁਸੀਂ ਜਿਸਨੂੰ ਕਮੇਡੀਅਨ ਕਹਿੰਦੇ ਹੋ, ਇਹ ਪੰਜਾਬ ਵਿੱਚ ਉਦੋਂ ਕੈਂਸਰ ਦੇ ਮੁੱਦੇ ਉਠਾ ਰਿਹਾ ਸੀ, ਪੰਜਾਬ ਦੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮੁੱਦੇ ਉਠਾ ਰਿਹਾ ਸੀ, ਪੰਜਾਬ ਦੇ ਧਰਨਿਆਂ, ਲਾਠੀਚਾਰਜਾਂ ਦੀ ਗੱਲ ਕਰ ਰਿਹਾ ਸੀ। ਮਾਨ ਨੇ ਕਿਹਾ ਕਿ ਇਨ੍ਹਾਂ ਤੋਂ ਆਮ ਘਰਾਂ ਦਾ ਮੁੰਡਾ ਜਰਿਆ ਹੀ ਨਹੀਂ ਜਾਂਦਾ। ਤੁਸੀਂ ਲੋਕਾਂ ਨਾਲ ਜੋ ਧੋਖਾ ਕੀਤਾ ਹੈ, ਉਸਦਾ ਤੁਹਾਨੂੰ ਫਲ ਮਿਲ ਰਿਹਾ ਹੈ। ਕੈਪਟਨ ਦਾ ਅਸਲੀ ਚਿਹਰਾ ਬਾਹਰ ਆਇਆ ਹੈ।
ਮਾਨ ਨੇ ਪੰਜਾਬ ਵਿੱਚ ਵਾਪਰ ਰਹੀਆਂ ਬੇ ਅਦਬੀ ਦੀਆਂ ਘਟ ਨਾਵਾਂ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਬੇ ਅਦਬੀ ਦੀਆਂ ਘਟ ਨਾਵਾਂ ਹੋ ਰਹੀਆਂ ਹਨ। ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਹੁਣ ਪਟਿਆਲਾ ਵਿੱਚ ਕਾਲੀ ਮਾਤਾ ਦੇ ਮੰਦਿਰ ਵਿੱਚ ਬੇ ਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਦੇ ਮਾਸਟਰ ਮਾਈਂਡ ਕੋਈ ਹੋਰ ਬੰਦੇ ਹਨ। ਜੇ 2015 ਵਿੱਚ ਬਰਗਾੜੀ ਵਾਲੀ ਬੇ ਅਦਬੀ ਦੀ ਘਟ ਨਾ ਉੱਤੇ ਸਖ਼ਤ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਮਾਸਟਰ ਮਾਈਂਡ ਜੇਲ੍ਹ ਦੇ ਅੰਦਰ ਹੁੰਦੇ, ਉਨ੍ਹਾਂ ਨੂੰ ਮਿਸਾਲੀ ਸਜ਼ਾ ਦਿੰਦੇ ਤਾਂ ਫਿਰ ਬਾਅਦ ਵਿੱਚ ਕਿਸੇ ਦੀ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਹੁੰਦੀ।
ਨਵਜੋਤ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਸਿੱਧੂ ਕਹਿ ਰਹੇ ਹਨ ਕਿ ਆਪ ਨੂੰ ਫੋਨ ਘੱਟ ਆਏ ਸਨ, ਪਰ ਇਨ੍ਹਾਂ ਨੇ ਦੱਸੇ ਵੱਧ ਹਨ। ਮਾਨ ਨੇ ਸਿੱਧੂ ਨੂੰ ਸਲਾਹ ਦਿੰਦਿਆਂ ਕਿਹਾ ਕਿ ਤੁਸੀਂ ਆਪਣਾ ਸਰਵੇ ਕਰਵਾ ਲਉ। ਕੱਲ੍ਹ ਨਵਜੋਤ ਸਿੱਧੂ ਕੋਲ ਕੋਈ ਹੋਰ ਵਿਸ਼ਾ ਨਹੀਂ ਸੀ, ਇਸ ਲ਼ਈ ਉਨ੍ਹਾਂ ਨੇ ਮੇਰੇ ‘ਤੇ ਬੋਲਣ ਬਾਰੇ ਸੋਚਿਆ। ਜਿਵੇਂ ਦੀ ਭਾਸ਼ਾ ਵਰਤੀ ਜਾ ਰਹੀ ਹੈ, ਗਲਤ ਹੈ, ਕਿਉਂਕਿ ਸਾਰੇ ਸਤਿਕਾਰ ਭਾਲਦੇ ਹਨ, ਇਸ ਲਈ ਤੂੰ-ਤਰਾਰ ਵਾਲੀ ਸ਼ਬਦਾਵਲੀ ਗਲਤ ਹੈ। ਸਿੱਧੂ ਸੋਨੀਆ ਗਾਂਧੀ ਨੂੰ ਕਹਿ ਕੇ ਆਪਣੀ ਪਾਰਟੀ ਦਾ ਸਰਵੇ ਆਪ ਕਰਵਾਉਣ, ਸਾਡੀ ਪਾਰਟੀ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ।
ਭਗਵੰਤ ਮਾਨ ਨੇ ਮਜੀਠੀਆ ਦੀ ਜ਼ਮਾਨਤ ਰੱਦ ਹੋਣ ‘ਤੇ ਬੋਲਦਿਆਂ ਕਿਹਾ ਕਿ ਕਾਨੂੰਨੀ ਤੌਰ ‘ਤੇ ਮਜੀਠੀਆ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਕਾਂਗਰਸ ਪਾਰਟੀ ਨੂੰ ਮਜੀਠੀਆ ਦੇ ਗ੍ਰਿਫਤਾਰ ਹੋਣ ਨਾਲ ਕੀ ਫਾਇਦਾ ਹੋਣਾ, ਕਿਉਂਕਿ ਉਹ ਤਾਂ ਆਪ ਇਸ ਮਾਮਲੇ ਵਿੱਚ ਸ਼ਾਮਿਲ ਹਨ।