ਬਿਊਰੋ ਰਿਪੋਰਟ : ਸ਼ੁੱਕਰਵਾਰ ਨੂੰ ਜਦੋਂ ਮਾਨ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕੀਤਾ ਸੀ ਤਾਂ ਬੀਜੇਪੀ ਨੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਅੱਗੇ ਕਰ ਦਿੱਤਾ ਸੀ । ਮਨਪ੍ਰੀਤ ਬਾਦਲ ਨੇ ਮਾਨ ਸਰਕਾਰ ਦੇ ਬਜਟ ‘ਤੇ ਤੰਜ ਕੱਸ ਦੇ ਹੋਏ ਕਿਹਾ ਸੀ ਬਜਟ ਰੰਗੀਨ ਤੇ ਦਿਲਕਸ਼ ਨਹੀਂ ਹੈ,ਬੀਜੇਪੀ ਦਾ ਕੰਮ ਸ਼ੀਸ਼ਾ ਦਿਖਾਉਣਾ ਹੈ,ਉਨ੍ਹਾਂ ਕਿਹਾ ਸੀ ਕਿ ਸਰਕਾਰ ਦੇ ਅਨੁਮਾਨ ਤੋਂ ਖਰਚੇ ਵਧੇ,ਇਹ ਵਾਅਦੇ ਮੁਤਾਬਿਕ ਆਮਦਨ ਨਹੀਂ ਵਧਾ ਸਕੇ,ਬਜਟ ਵਿੱਚ ਗੱਲਾਂ ਜ਼ਿਆਦਾ ਕੰਮ ਘੱਟ ਹਨ। ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ । ਮਨਪ੍ਰੀਤ ਬਾਦਲ ਦੇ ਇਸ ਇੱਕ-ਇੱਕ ਸਵਾਲ ਦਾ ਜਵਾਬ ਉਨ੍ਹਾਂ ਦੇ ਪੁਰਾਣੇ ਸਾਥੀ ਮੁੱਖ ਮੰਤਰੀ ਭਗਵੰਤ ਮਾਨ ਨੇ ਉਸੇ ਅੰਦਾਜ਼ ਵਿੱਚ ਮਨਪ੍ਰੀਤ ਬਾਦਲ ਨੂੰ ਹੁਣ ਦਿੱਤਾ ਹੈ ।
ਸੀਐੱਮ ਮਾਨ ਦਾ ਮਨਪ੍ਰੀਤ ਬਾਦਲ ਨੂੰ ਜਵਾਬ
ਮੁੱਖ ਮੰਤਰੀ ਭਗਵੰਤ ਮਾਨ ਨੇ ਬੀਜੇਪੀ ਦੇ ਆਗੂ ਅਤੇ 9 ਵਾਰ ਪੰਜਾਬ ਦਾ ਬਜਟ ਪੇਸ਼ ਕਰਨ ਦਾ ਦਾਅਵਾ ਕਰਨ ਵਾਲੇ ਮਨਪ੍ਰੀਤ ਬਾਦਲ ਨੂੰ ਉਨ੍ਹਾਂ ਦੇ ਅੰਦਾਜ਼ ਵਿੱਚ ਬਜਟ ‘ਤੇ ਨੁਕਤਾ ਚੀਨੀ ਕਰਨ ‘ਤੇ ਜਵਾਬ ਦਿੱਤਾ। ਸੀਐੱਮ ਮਾਨ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ ‘ਪੰਜਾਬ ਦੇ ਖ਼ਜ਼ਾਨੇ ਨੂੰ ‘ਖਾਲੀ ਪੀਪਾ” ਬਣਾ ਕੇ 9 ਵਾਰ ਬਜਟ ਪੇਸ਼ ਕਰਨ ਵਾਲੇ ..ਜਿੰਨਾ ਦੇ ਰਿਸ਼ਤੇਦਾਰਾਂ ਦੇ ਨਾਮ ਉੱਤੇ “ਟੈਕਸ” ਵਸੂਲਿਆ ਜਾਂਦਾ ਰਿਹਾ ..ਨੀਲੀ ਤੋਂ ਪੀਲ਼ੀ..ਪੀਲ਼ੀ ਤੋਂ ਚਿੱਟੀ ਤੇ ਚਿੱਟੀ ਤੋਂ ਭਗਵੀਂ ਪੱਗ ਰੰਗਣ ਵਾਲੇ ਵੀ ਸਾਡੇ ਲੋਕ ਪੱਖੀ ਬਜਟ ਬਾਰੇ ਨੁਕਤਾਚੀਨੀ ਕਰ ਰਹੇ ਨੇ ! ..ਰੱਬ ਪੰਜਾਬ ਤੇ ਮੇਹਰ ਕਰੇ..।
ਪੰਜਾਬ ਦੇ ਖ਼ਜ਼ਾਨੇ ਨੂੰ ‘ਖਾਲੀ ਪੀਪਾ” ਬਣਾ ਕੇ 9 ਵਾਰ ਬਜਟ ਪੇਸ਼ ਕਰਨ ਵਾਲੇ ..ਜਿੰਨਾ ਦੇ ਰਿਸ਼ਤੇਦਾਰਾਂ ਦੇ ਨਾਮ ਉੱਤੇ “ਟੈਕਸ” ਵਸੂਲਿਆ ਜਾਂਦਾ ਰਿਹਾ ..ਨੀਲੀ ਤੋਂ ਪੀਲ਼ੀ..ਪੀਲ਼ੀ ਤੋਂ ਚਿੱਟੀ ਤੇ ਚਿੱਟੀ ਤੋਂ ਭਗਵੀਂ ਪੱਗ ਰੰਗਣ ਵਾਲੇ ਵੀ ਸਾਡੇ ਲੋਕ ਪੱਖੀ ਬਜਟ ਬਾਰੇ ਨੁਕਤਾਚੀਨੀ ਕਰ ਰਹੇ ਨੇ ! ..ਰੱਬ ਪੰਜਾਬ ਤੇ ਮੇਹਰ ਕਰੇ..
— Bhagwant Mann (@BhagwantMann) March 11, 2023
ਸਾਫ ਹੈ ਮੁੱਖ ਮੰਤਰੀ ਮਾਨ ਨੇ ਮਨਪ੍ਰੀਤ ਬਾਦਲ ਨੂੰ 3 ਲਾਈਨਾਂ ਵਿੱਚ ਉਨ੍ਹਾਂ ਦੇ ਪੂਰੇ ਸਿਆਸੀ ਸਫਰ ਦੀ ਯਾਦ ਦਿਵਾ ਦਿੱਤੀ । ਅਕਾਲੀ ਦਲ ਵਿੱਚ ਰਹਿੰਦੇ ਹੋਏ ਕਿਵੇਂ ਉਨ੍ਹਾਂ ਨੇ ਪਹਿਲਾਂ ਨੀਲੀ ਪੱਗ ਬੰਨੀ ਫਿਰ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਆਪਣੀ ਪਾਰਟੀ ਬਣਾ ਕੇ ਪੀਲੀ ਬੰਨ੍ਹਣੀ ਸ਼ੁਰੂ ਕਰ ਦਿੱਤੀ, ਕਾਂਗਰਸ ਵਿੱਚ ਗਏ ਤਾਂ ਪੱਗ ਦਾ ਰੰਗ ਚਿੱਟਾ ਹੋ ਗਿਆ ਅਤੇ ਹੁਣ ਬੀਜੇਪੀ ਵਿੱਚ ਆਏ ਤਾਂ ਭਗਵੀਂ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ । ਭਗਵੰਤ ਮਾਨ ਨੇ ਮਨਪ੍ਰੀਤ ਬਾਦਲ ਦੇ ਸਾਲੇ ਦਾ ਬਿਨਾਂ ਨਾ ਲਏ ਜੋਜੋ ਟੈਕਸ ਦਾ ਵੀ ਜ਼ਿਕਰ ਦਿੱਤਾ,ਕਿਵੇਂ ਆਮ ਜਨਤਾ ਤੋਂ ਇਸ ਦੀ ਵਸੂਲੀ ਕੀਤੀ ਗਈ । ਕਾਂਗਰਸ ਸਰਕਾਰ ਵੇਲੇ ਇਹ ਕਾਫੀ ਮਸ਼ਹੂਰ ਹੋਇਆ ਸੀ । ਸਿਰਫ਼ ਇੰਨਾਂ ਹੀ ਨਹੀਂ ਭਗਵੰਤ ਮਾਨ ਨੇ ਦੱਸਿਆ ਕਿ ਕਾਂਗਰਸ ਵੇਲੇ ਉਹ ਹਮੇਸ਼ਾ ਖਾਲੀ ਖਜ਼ਾਨੇ ਦਾ ਹਵਾਲਾ ਦਿੰਦੇ ਸਨ ਅਤੇ੍ 9 ਸਾਲ ਵਿੱਚ ਉਨ੍ਹਾਂ ਨੇ ਇਸ ਨੂੰ ਖਾਲੀ ਪੀਪਾ ਬਣਾ ਕੇ ਰੱਖ ਦਿੱਤਾ ।