‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਿੰਨੀਆਂ ਵੱਡੀਆਂ ਉਮੀਦਾਂ ਲੋਕਾਂ ਵਿੱਚ ਜਗਾਈਆਂ ਗਈਆਂ ਸਨ, ਪੰਜਾਬ ਦੇ ਲੋਕ ਉਸ ਤੋਂ ਵੱਧ ਤੇਜ਼ੀ ਨਾਲ ਨਤੀਜਿਆਂ ਦੀ ਆਸ ਰੱਖਣ ਲੱਗੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸੇ ਕਰਕੇ ਚਾਰੇ ਪਾਸਿਆਂ ਤੋਂ ਘੇਰਿਆ ਜਾਣ ਲੱਗਾ ਹੈ। ਹਾਲਾਂਕਿ, ਪੰਜਾਬੀਆਂ ਦਾ ਇੱਕ ਵੱਡਾ ਵਰਗ ਉਨ੍ਹਾਂ ਨੂੰ ਪਰਫਾਰਮੈਂਸ ਦਿਖਾਉਣ ਲਈ ਸਮਾਂ ਦੇਣ ਦੀ ਵਕਾਲਤ ਵੀ ਕਰ ਰਿਹਾ ਹੈ। ਪੰਜਾਬ ਵਾਸੀਆਂ ਵੱਲੋਂ ਨਸ਼ਿਆਂ ਅਤੇ ਪੁਲਿਸ ਸਮੇਤ ਹੋਰ ਕਈ ਮੁੱਦਿਆਂ ਨੂੰ ਲੈ ਕੇ ਜਨਤਕ ਕੀਤੀਆਂ ਜਾ ਰਹੀਆਂ ਵੀਡੀਓਜ਼ ਨਾਲ ਇੱਕ ਤਰ੍ਹਾਂ ਘੁਸਰ ਮੁਸਰ ਹੋਰ ਸਪੀਡ ਫੜਨ ਲੱਗੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾਂ ਨੇ ਐਤਵਾਰ ਨੂੰ ਹਲਕਾ ਧੂਰੀ ਦੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਅਤੇ ਪ੍ਰਚੀਨ ਸ਼ਿਵ ਮੰਦਿਰ ਰਾਣੀਕੇ ਵਿਖੇ ਨਤਮਸਤਕ ਹੋਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਰਾਹੀਂ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਭੁੱਲੇ ਨਹੀਂ ਹਨ ਸਗੋਂ ਉਨ੍ਹਾਂ ਨੂੰ ਮਸਲਿਆਂ ਦਾ ਹੱਲ ਕਰਨ ਲਈ ਕੁੱਝ ਸਮਾਂ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਇਸੇ ਥਾਂ ਉੱਤੇ ਹਰੇਕ ਹਲਕੇ ਵਿੱਚ ਮੁੱਖ ਮੰਤਰੀ ਦਫ਼ਤਰ ਖੋਲਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਪਹਿਲੀ ਵਾਰ ਹੀ ਆਪਣੇ ਦਿਲ ਦੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਰਦਾਸ ਕੀਤੀ ਹੈ ਕਿ ਮੁੱਖ ਮੰਤਰੀ ਦਾ ਹਰਾ ਪੈੱਨ ਲੋਕਾਂ ਦੇ ਭਲੇ ਲਈ ਚੱਲੇ। ਉਨ੍ਹਾਂ ਨੇ ਨਾਲ ਹੀ ਲੋਕਾਂ ਨੂੰ ਸਬਰ ਰੱਖਣ ਦੀ ਅਪੀਲ ਵੀ ਕੀਤੀ।
ਮੁੱਖ ਮੰਤਰੀ ਨੇ ਅੱਜ ਇੱਕ ਪੋਸਟਰ ਜਾਰੀ ਕਰਕੇ ਆਪਣੇ ਦਿਲ ਦੀ ਗੱਲ ਮੁੜ ਦੁਹਰਾਉਂਦਿਆਂ ਪੰਜਾਬੀਆਂ ਨੂੰ ਦਿਲ ਦੀ ਗੱਲ ਕਰਦਿਆਂ ਥੋੜਾ ਸਬਰ ਰੱਖਣ ਅਤੇ ਸਮਾਂ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੋਈ ਵੀ ਵਾਅਦਾ ਅਜਿਹਾ ਨਹੀਂ ਜਿਹੜਾ ਉਨ੍ਹਾਂ ਨੂੰ ਜ਼ੁਬਾਨੀ ਯਾਦ ਨਾ ਹੋਵੇ। ਪੰਜਾਬ ਨੂੰ ਰੰਗਲਾ ਬਣਾਉਣ ਵਿੱਚ ਜਲਦਬਾਜੀ ਨਾ ਕਰੀਏ। ਥੋੜਾ ਸਮਾਂ ਤਾਂ ਲੱਗੇਗਾ। ਸਭ ਮਸਲੇ ਹੱਲ ਹੋਣਗੇ, ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਵੇਗਾ ਜਿਸਦੀ ਸੁਣੀ ਨਹੀਂ ਜਾਵੇਗੀ। ਉਂਝ, ਇੱਥੇ ਦੱਸਣਾ ਵੀ ਦਿਲਚਸਪ ਹੋਵੇਗਾ ਕਿ ਭਗਵੰਤ ਮਾਨ ਅਤੇ ਉਹਨਾਂ ਦੇ ਮੰਤਰੀ ਸਾਥੀ ਐਕਸ਼ਨ ਮੋਡ ਵਿੱਚ ਹਨ ਪਰ ਸਰਕਾਰ ਨੂੰ ਘੇਰਨ ਵਾਲੇ ਵੀ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ।