India Punjab

ਮਾਨ ਨੇ ਮੰਡੀ ਝੋਨਾ ਲੈ ਕੇ ਜਾਣ ਵਾਲੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਅੱਜ ਧੂਰੀ ‘ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਮਾਨ ਨੇ ਐਲਾਨ ਕੀਤਾ ਕਿ ਅਸੀਂ ਮੰਡੀ ਦੀ ਐਂਟਰੀ ‘ਤੇ ਇੱਕ ਗੇਟ ਬਣਾਵਾਂਗੇ, ਜਦੋਂ ਟਰੈਕਟਰ ਝੋਨੇ ਦੀ ਟਰਾਲੀ ਲੈ ਕੇ ਮੰਡੀ ਵਿੱਚ ਵੜ ਗਿਆ, ਤਾਂ ਫਿਰ ਉਸ ਤੋਂ ਬਾਅਦ ਉਹ ਫਸਲ ਸਰਕਾਰ ਦੀ ਹੋ ਜਾਵੇਗੀ, ਉਸ ਤੋਂ ਬਾਅਦ ਭਾਵੇਂ ਫਸਲ ਦਾ ਮੰਡੀ ਵਿੱਚ ਕੋਈ ਵੀ ਨੁਕਸਾਨ ਹੋਵੇ, ਉਹ ਸਰਕਾਰ ਦਾ ਨੁਕਸਾਨ ਸਮਝਿਆ ਜਾਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈਣ ‘ਤੇ ਕਿਸਾਨਾਂ ਤੋਂ ਬਦਲਾ ਲੈਣ ਲਈ ਖਾਦਾਂ ‘ਤੇ ਸਬਸਿਡੀ ਘਟਾ ਦਿੱਤੀ ਹੈ। ਮੋਦੀ ਬਦਲਾਖੋਰੀ ‘ਤੇ ਉੱਤਰ ਆਏ ਹਨ।

ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਖੂਬ ਨਿਸ਼ਾਨੇ ਕੱਸੇ। ਭਗਵੰਤ ਮਾਨ ਨੇ ਕਿਹਾ ਕਿ ਮੈਂ ਬਾਦਲਾਂ ਦੇ ਹੈਲੀਕਾਪਟਰ ਧਰਤੀ ‘ਤੇ ਲਾਹ ਦੇਣੇ ਹਨ। ਮਾਨ ਨੇ ਹਰਸਿਮਰਤ ਕੌਰ ਬਾਦਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਨੰਨ੍ਹੀ ਛਾਂ ਨਰਮਾ ਚੁਗਦੀ ਫਿਰਦੀ ਸੀ ਅਤੇ ਸੁਖਬੀਰ ਬਾਦਲ ਕਿਸੇ ਦੇ ਖੇਤਾਂ ਵਿੱਚ ਮੋਟਰ ‘ਤੇ ਬੈਠ ਕੇ ਚਾਹ ਪੀਂਦਾ ਸੀ। ਪ੍ਰਕਾਸ਼ ਸਿੰਘ ਬਾਦਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਾਨੂੰ 37 ਸਾਲਾਂ ਦੇ ਨੂੰ ਓਵਰਏਜ ਦੱਸਦੇ ਹਨ ਤੇ ਆਪ 94 ਸਾਲ ਦੇ ਹੋ ਕੇ ਕਹਿੰਦੇ ਹਨ ਕਿ ਸਾਨੂੰ ਇੱਕ ਹੋਰ ਮੌਕਾ ਦਿਉ। ਪ੍ਰਕਾਸ਼ ਸਿੰਘ ਬਾਦਲ ਤੀਜੀ ਵਾਰ ਇਹ ਕਹਿ ਕੇ ਚੋਣ ਲੜ ਰਿਹਾ ਹੈ ਕਿ ਇਹ ਮੇਰੀ ਆਖ਼ਰੀ ਚੋਣ ਹੈ। ਮੈਂ ਤਾਂ ਕਹਿੰਦਾ ਹਾਂ ਕਿ ਪਰਮਾਤਮਾ ਉਨ੍ਹਾਂ ਦੀ ਉਮਰ ਹੋਰ ਲੰਬੀ ਕਰਨ ਤਾਂ ਜੋ ਉਹ ਆਪਣੇ ਅਕਾਲੀ ਦਲ ਦਾ ਹਾਲ ਵੇਖ ਕੇ ਜਾਣ। ਪ੍ਰਕਾਸ਼ ਸਿੰਘ ਬਾਦਲ ਨੂੰ ਚਾਰ ਜਣੇ ਉੱਧਰੋਂ ਫੜਦੇ ਹਨ ਅਤੇ ਚਾਰ ਜਣੇ ਇੱਧਰੋਂ ਫੜਦੇ ਹਨ ਤੇ ਸਟੇਜ ‘ਤੇ ਜਾ ਕੇ ਧਰ ਦਿੰਦੇ ਹਨ। ਸਟੇਜ ‘ਤੇ ਜਾ ਕੇ ਪ੍ਰਕਾਸ਼ ਬਾਦਲ ਇੱਕ ਮੌਕਾ ਹੋਰ ਮੰਗਦੇ ਹਨ, ਸੇਵਾ ਕਰਾਂਗੇ। ਹੁਣ ਤਾਂ ਉਨ੍ਹਾਂ ਦਾ ਸੇਵਾ ਕਰਾਉਣ ਦਾ ਟਾਈਮ ਹੈ, ਕਰਨ ਦਾ ਨਹੀਂ। ਪਿੰਡ ਜਾ ਕੇ ਬਜ਼ੁਰਗਾਂ ਨਾਲ ਬੈਠ ਕੇ ਤਾਸ਼ ਖੇਡ, ਪੁਰਾਣੀਆਂ ਗੱਲਾਂ ਕਰਨ, ਮੁੰਡਿਆਂ ਨੂੰ ਕਰ ਲੈਣ ਦੇ ਕੁੱਝ ਨਵਾਂ। ਪ੍ਰਕਾਸ਼ ਬਾਦਲ ਦੇ ਹਾਣ ਦੇ ਤਾਂ ਪੰਜਾਬ ਵਿੱਚ ਦਰੱਖਤ ਵੀ ਸੁੱਕ ਗਏ ਹਨ।

ਮਾਨ ਨੇ ਕਿਹਾ ਕਿ ਇਹ ਤਾਂ ਹਾਲੇ ਤਾਂ ਟ੍ਰੇਲਰ ਹੈ। ਇਨ੍ਹਾਂ ਕੋਲ ਕੁੱਝ ਨਹੀਂ ਹੈ, ਇਹ 70 ਸਾਲਾਂ ਤੋਂ ਲੁੱਟੀ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਕਤ ਬਹੁਤ ਵੱਡੀ ਚੀਜ਼ ਹੈ। ਵਕਤ ਰਾਜਿਆਂ ਤੋਂ ਭੀਖ ਅਤੇ ਭਿਖਾਰੀਆਂ ਦੇ ਸਿਰ ਤਾਜ ਪਹਿਨਾ ਦਿੰਦਾ ਹੈ। ਭਗਵੰਤ ਮਾਨ ਨੇ ਲੋਕਾਂ ਨੂੰ ਆਪ ਨੂੰ ਵੋਟ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 20 ਫਰਵਰੀ ਤੱਕ ਤੁਹਾਡੀ ਜ਼ਿੰਮੇਵਾਰੀ ਹੈ, ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਹੈ।