Punjab

ਭਗਵੰਤ ਮਾਨ ਨੇ ਮੁਫ਼ਤ ਬਿਜਲੀ ਦਾ ਪਲੇਠਾ ਵਾਅਦਾ ਪੁਗਾਇਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਕਿਹਾ ਹੈ ਕਿ ਆਪ ਦੀ ਸਰਕਾਰ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫ਼ਤ ਦੇਵੇਗੀ ਅਤੇ ਖੇਤੀ ਖੇਤਰ ਦੀ ਸਬਸਿਡੀ ਅਤੇ ਸਨਅਤਕਾਰਾਂ ਨੂੰ ਦਿੱਤੀ ਰਿਆਇਤ ਵੀ ਖ਼ਤਮ ਨਹੀਂ ਕੀਤੀ ਜਾਵੇਗੀ। ਆਪ ਸਰਕਾਰ ਦਾ ਨਵਾਂ ਐਲਾਨ ਪਹਿਲੀ ਜੁਲਾਈ ਤੋਂ ਲਾਗੂ ਹੋਵੇਗਾ। ਮਾਨ ਨੇ ਕਿਹਾ ਕਿ ਐੱਸਸੀ, ਬੀਸੀ, ਬੀਪੀਐੱਲ ਜਾਂ ਫਰੀਡਮ ਫਾਈਟਰ ਦੇ ਪਰਿਵਾਰਾਂ ਨੂੰ ਪਹਿਲਾਂ 200 ਯੂਨਿਟ ਮੁਫ਼ਤ ਬਿਜਲੀ ਮਿਲਦੀ ਸੀ, ਹੁਣ ਉਨ੍ਹਾਂ ਨੂੰ ਵੀ 300 ਯੂਨਿਟ ਬਿਜਲੀ ਮੁਫ਼ਤ ਮਿਲੇਗੀ। ਜੇ ਉਹ ਦੋ ਮਹੀਨਿਆਂ ਵਿੱਚ 600 ਯੂਨਿਟ ਤੋਂ ਉੱਪਰ ਬਿਜਲੀ ਇਸਤੇਮਾਲ ਕਰਦੇ ਹਨ, ਜਿਵੇਂ ਦੋ ਮਹੀਨਿਆਂ ਵਿੱਚ 640 ਜਾਂ 639 ਯੂਨਿਟ ਵਰਤਦੇ ਹਨ ਤਾਂ ਉਨ੍ਹਾਂ ਨੂੰ ਸਿਰਫ਼ 600 ਤੋਂ ਉੱਪਰ ਜਿੰਨੇ ਯੂਨਿਟ ਵਰਤੇ ਹਨ, ਓਨਾ ਹੀ ਭੁਗਤਾਨ ਕਰਨਾ ਪਵੇਗਾ, ਜਿਵੇਂ ਜੇ 600 ਤੋਂ ਉੱਪਰ 40 ਯੂਨਿਟ ਵੱਧ ਵਰਤੇ ਗਏ ਹਨ ਤਾਂ ਸਿਰਫ਼ 40 ਯੂਨਿਟ ਦੇ ਹਿਸਾਬ ਨਾਲ ਹੀ ਭੁਗਤਾਨ ਕਰਨਾ ਪਵੇਗਾ।

ਮਾਨ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਕੋਲ ਬਿਜਲੀ ਦਾ ਦੋ ਕਿਲੋਵਾਟ ਤੱਕ ਦਾ ਲੋਡ ਹੈ, ਉਨ੍ਹਾਂ ਸਾਰੇ ਪਰਿਵਾਰਾਂ ਦਾ 31 ਦਸੰਬਰ 2021 ਤੱਕ ਦਾ ਪੁਰਾਣਾ ਸਾਰਾ ਬਕਾਇਆ ਬਿੱਲ ਪੰਜਾਬ ਸਰਕਾਰ ਮੁਆਫ਼ ਕਰੇਗੀ। ਮਾਨ ਨੇ ਕਿਹਾ ਕਿ ਜੋ ਸਰਦੇ ਪੁੱਜਦੇ ਪਰਿਵਾਰ ਹਨ, ਮੇਰੀ ਉਨ੍ਹਾਂ ਨੂੰ ਅਪੀਲ ਹੈ ਕਿ ਉਹ ਹੋ ਸਕੇ ਤਾਂ ਬਿਜਲੀ ਬਚਾ ਲੈਣ। ਉਨ੍ਹਾਂ ਨੂੰ ਵੀ ਜੇ 600 ਯੂਨਿਟ ਤੋਂ ਉੱਪਰ ਬਿਜਲੀ ਨਹੀਂ ਵਰਤਦੇ ਤਾਂ ਕੋਈ ਬਿੱਲ ਨਹੀਂ ਆਵੇਗਾ ਪਰ ਜੇ ਉਹ 600 ਯੂਨਿਟ ਤੋਂ ਉੱਪਰ ਬਿਜਲੀ ਵਰਤਦੇ ਹਨ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਆਵੇਗਾ। ਮਾਨ ਨੇ ਕਿਹਾ ਕਿਸਾਨਾਂ ਨੂੰ ਸਬਸਿਡੀ ਵਾਸਤੇ ਜੋ ਬਿਜਲੀ ਮਿਲਦੀ ਹੈ, ਉਹ ਉਸੇ ਤਰ੍ਹਾਂ ਜਾਰੀ ਰਹੇਗੀ। ਕਮਰਸ਼ੀਅਲ ਅਤੇ ਉਦਯੋਗਿਕ ਖੇਤਰਾਂ ਵਿੱਚ ਜੋ ਬਿਜਲੀ ਵਰਤੀ ਜਾਂਦੀ ਹੈ, ਉਸਦੇ ਰੇਟਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਮਾਨ ਨੇ ਅਗਲੇ ਦੋ ਤਿੰਨ ਸਾਲਾਂ ਵਿੱਚ ਪੰਜਾਬ ਦੇ ਹਰ ਪਿੰਡ, ਕਸਬੇ ਨੂੰ 24 ਘੰਟੇ ਅਤੇ ਮੁਫ਼ਤ ਬਿਜਲੀ ਦੇਣ ਦਾ ਦਾਅਵਾ ਕੀਤਾ ਹੈ। ਆਉਣ ਵਾਲੇ ਪੰਜ ਸਾਲਾਂ ਵਿੱਚ ਇੱਕ ਇੱਕ ਵਾਅਦਾ ਪੂਰਾ ਕਰਾਂਗੇ, ਅਸੀਂ ਬਾਕੀਆਂ ਵਾਂਗ ਆਪਣੇ ਘਰ ਨਹੀਂ ਭਰਾਂਗੇ। ਮਾਨ ਨੇ ਕਿਹਾ ਕਿ ਸਾਨੂੰ ਜਿੱਥੋਂ ਵੀ ਚੰਗੀ ਚੀਜ਼ ਸਿੱਖਣ ਨੂੰ ਮਿਲੇਗੀ, ਉੱਥੇ ਅਸੀਂ ਆਪਣੇ ਅਫ਼ਸਰ ਵੀ ਭੇਜਾਂਗੇ, ਆਪ ਵੀ ਜਾਵਾਂਗੇ।