Punjab

ਮਾਨ ਭ੍ਰਿਸ਼ਟਾਚਾਰੀਆਂ ਦੀਆਂ ਜੇਬਾਂ ‘ਚੋਂ ਕੱਢਣਗੇ ਕਾਲਾ ਧਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭ੍ਰਿਸ਼ਟਾਚਾਰ ਰਾਹੀਂ ਕਮਾਇਆ ਪੈਸਾ ਜੇਬਾਂ ਵਿੱਚੋਂ ਕੱਢਣ ਦਾ ਐਲਾਨ ਕੀਤਾ ਹੈ। ਉਹ ਮਿਊਂਸਪਲ ਭਵਨ, ਚੰਡੀਗੜ੍ਹ ਵਿੱਚ ਬਿਜਲੀ ਵਿਭਾਗ ਦੇ ਨਵ ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਸੰਬੋਧਨ ਕਰ ਰਹੇ ਸਨ। ਮਾਨ ਨੇ ਕਿਹਾ ਕਿ ਇੰਡਸਟਰੀਅਲ ਦੀਆਂ ਬਿਜਲੀ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਹੋਵੇਗਾ, ਖੇਤੀਬਾੜੀ ਵਾਸਤੇ ਜੋ ਸਬਸਿਡੀ ਜਾਂਦੀ ਹੈ, ਉਹ ਵੀ ਜਾਰੀ ਰਹੇਗੀ। ਅਸੀਂ ਖ਼ਜ਼ਾਨਾ ਵੀ ਭਰਾਂਗੇ ਅਤੇ ਉਸ ਖ਼ਜ਼ਾਨੇ ਵਿੱਚੋਂ ਲੋਕਾਂ ਦਾ ਹਿੱਸਾ ਲੋਕਾਂ ਨੂੰ ਵਾਪਸਿ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਪਰ ਉਹ ਕਰਜ਼ਾ ਵਰਤਿਆ ਕਿੱਥੇ ਗਿਆ ਹੈ, ਹਾਲੇ ਤੱਕ ਇੱਕ ਭੇਦ ਹੈ ਕਿਉਂਕਿ ਨਾ ਤਾਂ ਕੋਈ ਹਸਪਤਾਲ, ਸਕੂਲ, ਕਾਲਜ, ਯੂਨੀਵਰਸਿਟੀ ਬਣੀ ਹੈ। ਸੜਕਾਂ, ਹਾਈਵੇਅ ਤਾਂ ਪ੍ਰਾਈਵੇਟ ਕੰਪਨੀਆਂ ਨੇ ਬਣਾਈਆਂ ਹਨ। ਇਹ ਕਰਜ਼ਾ ਕੁੱਝ ਤਾਂ ਪਹਾੜੀਆਂ ਦੀਆਂ ਜੜਾਂ ਵਿੱਚ ਪਿਆ ਹੈ, ਮੈਨੂੰ ਪਤਾ ਹੈ ਕਿੱਥੇ-ਕਿੱਥੇ ਪਿਆ ਹੈ, ਅਸੀਂ ਉਹ ਵੀ ਰਿਕਵਰੀ ਕਰਨੀ ਹੈ।

ਮਾਨ ਨੇ ਸਾਰੇ ਲੋਕਾਂ ਨੂੰ ਕਿਹਾ ਕਿ ਭਵਿੱਖ ਵਿੱਚ ਤੁਹਾਡਾ ਨਾਂ ਵੀ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਜਦੋਂ ਪੰਜਾਬ ਦਾ ਪੁਨਰ ਨਿਰਮਾਣ ਹੋ ਰਿਹਾ ਸੀ, ਉਸ ਵਿੱਚ ਤੁਸੀਂ ਬਹੁਤ ਵੱਡਾ ਯੋਗਦਾਨ ਪਾਇਆ ਸੀ। ਮੇਰੇ ਕਾਰਜਕਾਲ ਦੇ ਪਹਿਲੇ ਮਹੀਨੇ ਵਿੱਚ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ, ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ, ਵਿਧਾਇਕਾਂ ਦੀ ਪੈਨਸ਼ਨ, ਸਿਕਿਓਰਿਟੀ ਘਟਾਉਣ, ਆਰਡੀਐੱਫ ਦੇ ਪੈਸੇ ਸਬੰਧੀ ਕਈ ਫੈਸਲੇ ਲਏ ਗਏ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਨੌਕਰੀ ਦੀਆਂ ਭਰਤੀਆਂ ਨਿਕਲਣਗੀਆਂ।

ਮਾਨ ਨੇ ਸਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਇੱਥੋਂ ਭੱਜੀਏ ਨਾ। ਹਰ ਦੂਜੀ-ਤੀਜੀ ਮੰਜ਼ਿਲ ਉੱਤੇ ਲਿਖਿਆ ਹੈ ਆਈਲੈੱਟਸ, ਅਸਟ੍ਰੇਲੀਆ ਜਾਣ ਲਈ ਮਿਲੋ, ਆਦਿ। ਇਹ ਕੋਈ ਨਹੀਂ ਕਹਿੰਦਾ ਕਿ ਪੰਜਾਬ ਵਿੱਚ ਰਹਿਣ ਲਈ ਮਿਲੋ ਪਰ ਇਹ ਆਪਾਂ ਕਹਾਂਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਚਮਕਾਉਣ ਵਿੱਚ ਤੁਸੀਂ ਸਭ ਤੋਂ ਵੱਧ ਯੋਗਦਾਨ ਪਾਉਗੇ। ਉਨ੍ਹਾਂ ਤੋਂ ਬਾਅਦ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਬਿਜਲੀ ਵਿਭਾਗ ਦੇ ਚੇਅਰਮੈਨ ਵੇਣੂ ਪ੍ਰਸਾਦਿ ਨੇ ਵੀ ਸੰਬੋਧਨ ਕੀਤਾ।