ਚੰਡੀਗੜ : ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨ ਹਰਿਆਣਾ ਦੇ ਨੂਹ ਵਿਚ ਵਾਪਰੀ ਹਿੰਸਾ ਬਾਰੇ ਜੋ ਬਿਆਨ ਦਿੱਤਾ ਸੀ, ਉਸ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪ੍ਰਤੀਕਰਮ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ ਸੁਰੱਖਿਅਤ ਹੈ ਤੇ ਇਸ ਬਾਰੇ ਭਗਵੰਤ ਮਾਨ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਖੱਟਰ ਨੇ ਕਿਹਾ ਕਿ ਜੇਕਰ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਗੱਲ ਹੋਈ ਤਾਂ ਪੰਜਾਬ ਵਿਚ ਹੋਈ ਹੈ ਕਿਉਂਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਹਾਲਾਤ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੁਰੱਖਿਅਤ ਹੈ ਹਰਿਆਣਾ ਦੀ ਚਿੰਤਾ ਨਾ ਕਰੋ।
ਦੱਸ ਦਈਏ ਕਿ ਲੰਘੇ ਕੱਲ੍ਹ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਵਿੱਚ ਹੋਈ ਹਿੰਸਾ ਦਾ ਜ਼ਿਕਰ ਕੀਤਾ ਸੀ। ਮਾਨ ਨੇ ਕਿਹਾ ਸੀ ਕਿ ਗੁਆਂਢੀ ਸੂਬੇ ਹਰਿਆਣਾ ਦੇ ਨੂਹ ਵਿੱਚ ਭੜਕੀ ਅੱਗ ਨਾਲ ਵੱਡੀ ਪੱਧਰ ਉਤੇ ਹੋਏ ਜਾਨੀ ਤੇ ਮਾਲੀ ਨੁਕਸਾਨ ਬਾਰੇ ਹਰਿਆਣਾ ਦੇ ਰਾਜਪਾਲ ਨੇ ਚੁੱਪ ਵੀ ਨਹੀਂ ਤੋੜੀ। ਇੱਥੋਂ ਤੱਕ ਕਿ ਅੱਗ ਦੀ ਭੱਠੀ ਵਿਚ ਝੋਕੇ ਗਏ ਸੂਬੇ ਮਨੀਪੁਰ ਦੇ ਸੰਵੇਦਨਸ਼ੀਲ ਹਾਲਤਾਂ ਬਾਰੇ ਵੀ ਉਥੋਂ ਦੇ ਰਾਜਪਾਲ ਨੇ ਕੋਈ ਖੁਲਾਸਾ ਨਹੀਂ ਕੀਤਾ ਪਰ ਪੰਜਾਬ ਦੇ ਰਾਜਪਾਲ ਸੂਬੇ ਦੇ ਲੋਕਾਂ ਦੇ ਹੱਕ ਵਿਚ ਲਗਾਤਾਰ ਉਪਰਾਲੇ ਕਰ ਰਹੀ ਸਰਕਾਰ ਨੂੰ ਡੇਗਣ ਦੀਆਂ ਧਮਕੀਆਂ ਦੇ ਰਹੇ ਹਨ।