Punjab

ਭਗਵੰਤ ਮਾਨ ਦਾ ਜਾਦੂ ਸ਼ੁਰੂ

ਦ ਖ਼ਲਸ ਬਿਊਰੋ : ਭਗਵੰਤ ਮਾਨ ਨੇ 9501 200 200 ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣਾ ਵਾਅਦਾ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਪਹੁੰਚ ਕੇ ਪੂਰਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦਾਂ ਨੂੰ ਇਸ ਤੋਂ ਵੱਡੀ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ। ਮਾਨ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰਿਸ਼ਵਤ ਦੇਣ ਤੋਂ ਨਾਂਹ ਨਾ ਕਰਨ ਪਰ ਮੌਕੇ ‘ਤੇ ਵੀਡੀਓ ਬਣਾ ਕੇ ਭੇਜਣ। ਇਹ ਵੱਟਸਐਪ ਨੰਬਰ ਭਗਵੰਤ ਮਾਨ ਕੋਲ ਰਿਹਾ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨੰਬਰ ਉੱਤੇ ਸਿਰਫ਼ ਭ੍ਰਿਸ਼ਟਾਤਾਰ ਸਬੰਧਿਤ ਸ਼ਿਕਾਇਤ ਹੀ ਭੇਜੀ ਜਾਵੇ। ਮਾਨ ਨੇ ਪੰਜਾਬ ਨੂੰ ਇੱਕ ਮਹੀਨੇ ਵਿੱਚ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਦਾਅਵਾ ਕੀਤਾ ਹੈ।

ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਆਪਣੇ ਦਫ਼ਤਰ ਵਿੱਚ ਜਾਰੀ ਕੀਤੀ ਪਹਿਲੀ ਵੀਡੀਓ ਵਿੱਚ ਕਿਹਾ ਸੀ ਕਿ ਉਹ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਅੱਜ ਸ਼ਹੀਦੀ ਦਿਵਸ ‘ਤੇ ਇਹ ਨੰਬਰ ਜਾਰੀ ਕਰਨਗੇ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਦਿੱਲੀ ਵਿੱਚ ਰਿਸ਼ਵਤਖੋਰੀ ਨੂੰ ਨੱਥ ਪਾਉਣ ਲਈ ਇਹ ਤਜ਼ਰਬਾ ਸਫ਼ਲ ਹੋਇਆ ਹੈ। ਮੁੱਖ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਰਿਸ਼ਵਤ ਮੰਗਣ ਵਾਲਿਆਂ ਵਿਰੁੱਧ ਮਿਲਣ ਵਾਲੀ ਵੀਡੀਓ ‘ਤੇ ਕਾਰਵਾਈ ਕਰਨ ਤੋਂ ਪਹਿਲਾਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਇਸ ਤੋਂ ਦੋ ਕਦਮ ਅੱਗੇ ਜਾਂਦਿਆਂ ਰਿਸ਼ਵਤਖੋਰਾਂ ਦੀ ਸੂਹ ਦੇਣ ਵਾਲਿਆਂ ਲਈ 25 ਹਜ਼ਾਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ।