ਪੰਜਾਬ ਦੇ ਬਟਾਲਾ ਵਿੱਚ ਇੱਕ ਵਿਅਕਤੀ ਨੇ ਆਪਣੀ ਧੀ ਅਤੇ ਜਵਾਈ ਦਾ ਕਤਲ ਕਰਨ ਦੀ ਸੁਪਾਰੀ ਦੇ ਦਿੱਤੀ ਪਰ ਹੋਇਆ ਕੁਝ ਅਜਿਹਾ ਕਿ ਬਦਮਾਸ਼ਾਂ ਨੇ ਸੁਪਾਰੀ ਦੇਣ ਵਾਲੇ ਪਿਤਾ ਅਤੇ ਮਾਂ ਦਾ ਕਤਲ ਕਰ ਦਿੱਤਾ। ਘਰ ‘ਚੋਂ ਲਾਸ਼ ਮਿਲਣ ਤੋਂ ਬਾਅਦ ਹੜਕੰਪ ਮੱਚ ਗਿਆ। ਘਟਨਾ ਪਿੰਡ ਮੀਕੇ ਦੀ ਹੈ। 10 ਅਗਸਤ ਨੂੰ ਕਮਰੇ ‘ਚੋਂ ਪਤੀ-ਪਤਨੀ ਦੀਆਂ ਲਾਸ਼ਾਂ ਮਿਲੀਆਂ ਸਨ। ਹੁਣ ਪੁਲਿਸ ਨੇ ਦੋ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫ਼ਿਲਹਾਲ ਇੱਕ ਦੀ ਭਾਲ ਕੀਤੀ ਜਾ ਰਹੀ ਹੈ। ਪਰ ਇੱਕ ਵਾਰ ਫਿਰ ਇਹ ਖ਼ਬਰ ਉਸ ਦੇ ਖ਼ੁਲਾਸੇ ਕਰਕੇ ਸੁਰਖ਼ੀਆਂ ਵਿੱਚ ਆ ਗਈ ਹੈ।
ਬੁੱਧਵਾਰ ਨੂੰ ਐੱਸ ਐੱਸ ਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਪਿੰਡ ਮੀਕੇ ਵਿੱਚ ਹੋਏ ਜੋੜੇ ਦੇ ਕਤਲ ਕੇਸ ਵਿੱਚ ਨਾਮਜ਼ਦ ਤਿੰਨ ਮੁਲਜ਼ਮਾਂ ਦੀ ਪਛਾਣ ਸਰਵਣ ਸਿੰਘ ਵਾਸੀ ਪਿੰਡ ਮੰਡ, ਬਲਰਾਜ ਸਿੰਘ ਵਾਸੀ ਪਿੰਡ ਦਕੋਹਾ ਅਤੇ ਗੁਰਵਿੰਦਰ ਸਿੰਘ ਉਰਫ਼ ਗਿੰਦਾ ਵਾਸੀ ਮਡਿਆਲਾ ਸਬ ਥਾਣਾ ਘੁਮਾਣ ਵਜੋਂ ਹੋਈ ਹੈ। ਉਪਰੋਕਤ ਤਿੰਨਾਂ ਵਿੱਚੋਂ ਸਰਵਣ ਸਿੰਘ ਅਤੇ ਬਲਰਾਜ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਗੁਰਵਿੰਦਰ ਸਿੰਘ ਉਰਫ਼ ਗਿੰਦਾ ਫ਼ਰਾਰ ਹੈ। ਮੁਲਜ਼ਮਾਂ ਕੋਲੋਂ ਲਸ਼ਕਰ ਸਿੰਘ ਵੱਲੋਂ ਚੋਰੀ ਕੀਤਾ ਗਿਆ ਇੱਕ ਰਿਵਾਲਵਰ, 30 ਕਾਰਤੂਸ ਅਤੇ ਇੱਕ ਲੋਹੇ ਦੀ ਪਲੇਟ ਵੀ ਬਰਾਮਦ ਕੀਤੀ ਗਈ ਹੈ।
ਐਸਐਸਪੀ ਬਟਾਲਾ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਸ਼ਕਰ ਸਿੰਘ ਦਾ ਇੱਕ ਲੜਕਾ ਹੈ ਜੋ ਦੁਬਈ ਵਿੱਚ ਰਹਿੰਦਾ ਹੈ। ਇਸ ਤੋਂ ਇਲਾਵਾ ਲਸ਼ਕਰ ਸਿੰਘ ਦੀ ਇੱਕ ਲੜਕੀ ਵੀ ਹੈ ਜਿਸ ਦਾ ਇੱਕ ਨੌਜਵਾਨ ਨਾਲ ਪ੍ਰੇਮ ਵਿਆਹ ਹੋਇਆ ਸੀ। ਲਸ਼ਕਰ ਸਿੰਘ ਨੂੰ ਆਪਣੀ ਧੀ ਦਾ ਪ੍ਰੇਮ ਵਿਆਹ ਮਨਜ਼ੂਰ ਨਹੀਂ ਸੀ। ਇਸ ਲਈ ਲਸ਼ਕਰ ਸਿੰਘ ਨੇ ਆਪਣੀ ਧੀ ਅਤੇ ਜਵਾਈ ਨੂੰ ਮਾਰਨ ਲਈ ਤਿੰਨ ਨਾਮਜ਼ਦ ਮੁਲਜ਼ਮਾਂ ਨੂੰ 2 ਲੱਖ 70 ਹਜ਼ਾਰ ਰੁਪਏ ਦੀ ਸੁਪਾਰੀ ਦਿੱਤੀ ਸੀ। ਉਕਤ ਮੁਲਜ਼ਮਾਂ ਨੇ ਲਸ਼ਕਰ ਤੋਂ ਸੁਪਾਰੀ ਲੈ ਕੇ ਵੀ ਜਵਾਈ ਅਤੇ ਧੀ ਦਾ ਕਤਲ ਨਹੀਂ ਕੀਤਾ। ਇਸ ਤੋਂ ਬਾਅਦ ਲਸ਼ਕਰ ਸਿੰਘ ਨੇ ਮੁਲਜ਼ਮ ਨੂੰ ਉਸ ਦੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਲਸ਼ਕਰ ਸਿੰਘ ਦਾ ਉਕਤ ਮੁਲਜ਼ਮਾਂ ਨਾਲ ਝਗੜਾ ਹੋ ਗਿਆ। ਇਸ ਕਾਰਨ ਉਕਤ ਮੁਲਜ਼ਮਾਂ ਨੇ ਲਸ਼ਕਰ ਸਿੰਘ ਅਤੇ ਉਸ ਦੀ ਪਤਨੀ ਅਮਰੀਕ ਕੌਰ ਦਾ ਕਤਲ ਕਰ ਦਿੱਤਾ।
ਦੱਸ ਦੇਈਏ ਕਿ ਬੀਤੀ 10 ਅਗਸਤ ਨੂੰ ਪਿੰਡ ਮੀਕੇ ਦੇ ਰਹਿਣ ਵਾਲੇ ਇੱਕ ਜੋੜੇ ਬੀਐਸਐਫ ਦੇ ਸਾਬਕਾ ਜਵਾਨ ਲਸ਼ਕਰ ਸਿੰਘ ਅਤੇ ਉਸ ਦੀ ਪਤਨੀ ਅਮਰੀਕ ਕੌਰ ਦੀਆਂ ਲਾਸ਼ਾਂ ਘਰੋਂ ਮਿਲੀਆਂ ਸਨ। ਘੁਮਾਣ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਸੀ।