‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਅਮਰੀਕਾ ਤੋਂ ਖ਼ਾਸ ਕਰਕੇ ਪੰਜਾਬੀਆਂ ਲਈ ਇੱਕ ਚੰਗੀ ਖਬਰ ਆ ਸਕਦੀ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡੇਨ ਦੇ ਪ੍ਰਸਤਾਵਿਤ ਇਮੀਗ੍ਰੇਸ਼ਨ ਬਿੱਲ ਦੇ ਪਾਸ ਹੋ ਕੇ ਕਾਨੂੰਨ ਬਣਨ ਨਾਲ ਹਰ ਸਾਲ ਜਾਰੀ ਹੋਣ ਵਾਲੇ ਨਵੇਂ ਗ੍ਰੀਨ ਕਾਰਡਾਂ ਦੀ ਗਿਣਤੀ ਵੀ ਵਧ ਜਾਵੇਗੀ।
ਅਮਰੀਕਾ ਦੀ ਇਮੀਗ੍ਰੇਸ਼ਨ ਫ਼ਰਮ ‘ਬਾਊਂਡਲੈੱਸ’ ਵੱਲੋਂ ਕੀਤੇ ਗਏ ਵਿਸ਼ਲੇਸ਼ਣ ਮੁਤਾਬਕ ਇਸ ਕਾਨੂੰਨ ਮੁਤਾਬਕ ਹਰ ਸਾਲ ਜਾਰੀ ਕੀਤੇ ਜਾਣ ਵਾਲੇ ਗ੍ਰੀਨ ਕਾਰਡਾਂ ਦੀ ਗਿਣਤੀ ’ਚ 35 ਫੀਸਦੀ ਵਾਧਾ ਹੋਵੇਗਾ। ਇਸ ਨਾਲ ਹਰ ਸਾਲ 3 ਲੱਖ 75 ਹਜ਼ਾਰ ਨਵੇਂ ਗ੍ਰੀਨ ਕਾਰਡ ਜਾਰੀ ਹੋਣਗੇ। ਭਾਰਤੀਆਂ ਸਣੇ ਖ਼ਾਸ ਕਰਕੇ ਪੰਜਾਬੀਆਂ ਲਈ ਇਹ ਵੱਡਾ ਫਾਇਦਾ ਕਰਨ ਵਾਲਾ ਕਾਨੂੰਨ ਹੈ। ਹਰ ਸਾਲ ਵੱਡੀ ਗਿਣਤੀ ’ਚ ਪੰਜਾਬੀਆਂ ਸਮੇਤ ਭਾਰਤੀ ਅਮਰੀਕਾ ਦੀ ਪਰਮਾਨੈਂਟ ਰੈਜ਼ੀਡੈਂਸੀ ਯਾਨੀ ਗ੍ਰੀਨ ਕਾਰਡ ਹਾਸਲ ਕਰਦੇ ਹਨ।
ਜਾਣਕਾਰੀ ਅਨੁਸਾਰ ਰੋਜ਼ਗਾਰ ਆਧਾਰਤ ਵਰਗਾਂ ’ਚ ਗ੍ਰੀਨ ਕਾਰਡ ਹਾਸਲ ਕਰਕੇ ਸਭ ਤੋਂ ਜ਼ਿਆਦਾ ਲਾਹਾ ਲੈਣ ਵਾਲੇ ਭਾਰਤੀ ਹਨ।
ਰੋਜ਼ਾਨਾ ‘ਇਕਨੌਮਿਕ ਟਾਈਮਜ਼’ ਵੱਲੋਂ ਪ੍ਰਕਾਸ਼ਿਤ ਪ੍ਰਿਅੰਕਾ ਸੰਗਾਨੀ ਦੀ ਰਿਪੋਰਟ ਅਨੁਸਾਰ ਪਿਛਲੇ ਸਾਲ 2020 ’ਚ ਰੋਜ਼ਗਾਰ ਦੇ ਆਧਾਰ ਉੱਤੇ ਅਮਰੀਕੀ ਗ੍ਰੀਨ ਕਾਰਡ ਦੀ ਉਡੀਕ ਕਰਨ ਵਾਲਿਆਂ ਦਾ ਬੈਕਲਾਗ 12 ਲੱਖ ਅਰਜ਼ੀਆਂ ਤੋਂ ਵੀ ਜ਼ਿਆਦਾ ਦਾ ਹੋ ਚੁੱਕਾ ਸੀ। ਇਨ੍ਹਾਂ ਵਿੱਚੋਂ ਭਾਰਤੀਆਂ ਦੀ ਗਿਣਤੀ 68% ਹੈ।