‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਦੇ ਸੰਘਰਸ਼ ਦੇ ਸਾਥ ਵਿੱਚ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਨਵੀਂ ਫਿਲਮ ਦਾ ਬਾਈਕਾਟ ਕਰਨ ਦੀ ਅਪੀਲ 10 ਅਗਸਤ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਅਦਾਕਾਰ ਦੀ ਫਿਲਮ ਦਾ ਨਾਂ ਬੈੱਲਬਾਟਮ ਹੈ, ਜੋ 20 ਅਗਸਤ ਨੂੰ ਰਿਲੀਜ਼ ਹੋਵੇਗੀ। ਅਕਸ਼ੇ ਕੁਮਾਰ ਦੀ ਫ਼ਿਲਮ ਦਾ ਬਾਈਕਾਟ ਕਰਨ ਲਈ ਇੱਕ ਆਡੀਉ ਸੁਨੇਹਾ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪੂਜਾ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਡਿਸਲਾਈਕ ਕਰਨ ਅਤੇ ਕਿਸਾਨਾਂ ਦੇ ਹੱਕ ਵਿੱਚ ਸੁਨੇਹਾ #farmersprotest ਲਿਖਣ ਦੀ ਅਪੀਲ ਕੀਤੀ ਗਈ ਹੈ। ਇਹ ਵੀਡੀਉ ਮੋਰਚੇ ਦੇ ਲੀਡਰਾਂ ਵੱਲੋਂ ਨਹੀਂ ਬਲਕਿ ਸੰਘਰਸ਼ ਦੇ ਹਮਾਇਤੀਆਂ ਵੱਲੋਂ ਜਾਰੀ ਕੀਤੀ ਗਈ ਹੈ, ਜੋ ਸ਼ਾਇਦ ਕਿਸਾਨਾਂ ਦੇ ਹੀ ਪੁੱਤਰ ਹੋਣਗੇ।
ਇਸ ਸੁਨੇਹੇ ਰਾਹੀਂ ਮਕਸਦ ਸਿਰਫ ਇਹੀ ਦੱਸਿਆ ਜਾ ਰਿਹਾ ਹੈ ਕਿ ਅਕਸ਼ੇ ਕੁਮਾਰ ਵਰਗੇ ਅਦਾਕਾਰ ਕਿਸਾਨਾਂ ਦੇ ਹੱਕੀ ਸੰਘਰਸ਼ ਦੀ ਹਮਾਇਤ ਨਾ ਕਰਕੇ ਸਰਕਾਰ ਅਤੇ ਵੱਡੇ ਕਾਰੋਬਾਰੀਆਂ ਦੇ ਪੈਰਾਂ ‘ਚ ਜਾ ਕੇ ਬੈਠੇ ਹਨ ਅਤੇ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਦੇ ਕਿਰਦਾਰ ਯਾਦ ਰੱਖਦੇ ਹੋਏ ਇਸ ਫਿਲਮ ਨੂੰ ਦੇਖਣ ਸਿਨਮਿਆਂ ਵਿੱਚ ਨਾ ਜਾਈਏ। ਜਦੋਂ ਇਨ੍ਹਾਂ ਦੇ ਕਾਰੋਬਾਰ ਨੂੰ ਸੱਟ ਵੱਜੇਗੀ, ਫਿਰ ਹੀ ਅਜਿਹੇ ਲੋਕਾਂ ਨੂੰ ਸੇਕ ਲੱਗੇਗਾ। ਸੋ ਹੁਣ ਲੋਕਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਅਮਲੀ ਤੌਰ ‘ਤੇ ਖੜਦੇ ਹੋਏ ਕਿਸਾਨ ਸੰਘਰਸ਼ ਦੀ ਹਮਾਇਤ ਕਰਨਗੇ ਜਾਂ ਫਿਰ ਆਪਣੇ ਮਨੋਰੰਜਨ ਨੂੰ ਮੁੱਖ ਰੱਖਦੇ ਹੋਏ ਇਸ ਅਪੀਲ ਨੂੰ ਰੱਦ ਕਰ ਦੇਣਗੇ। ਇਸਦਾ ਪਤਾ 20 ਅਗਸਤ ਨੂੰ ਫਿਲਮ ਰਿਲੀਜ਼ ਹੋਣ ਤੋਂ ਬਾਅਦ ਸਿਨਮਾਂ ਘਰਾਂ ਦੇ ਬਾਹਰ ਲੋਕਾਂ ਦੀ ਭੀੜ ਦੇਖਕੇ ਲੱਗ ਜਾਵੇਗਾ।
ਪਰ ਜੇ ਹੁਣੇ ਇਸ ਅਪੀਲ ਦਾ ਅਸਰ ਦੇਖੀਏ ਤਾਂ 13 ਅਗਸਤ ਦੁਪਹਿਰ ਤੱਕ 63 ਹਜ਼ਾਰ ਲੋਕ ਇਸ ਨੂੰ ਡਿਸਲਾਈਕ ਕਰ ਚੁੱਕੇ ਹਨ ਤੇ 82,000 ਕਮੈਂਟਾਂ ਵਿੱਚੋਂ ਤਕਰੀਬਨ 90 ਫੀਸਦੀ ਕਮੈਂਟ ਕਿਸਾਨਾਂ ਦੇ ਹੱਕ ਵਿੱਚ ਲਿਖੇ ਗਏ ਹਨ। ਸਭ ਤੋਂ ਵੱਧ we support farmers protest ਸੁਨੇਹਾ ਲਿਖਿਆ ਦੇਖਿਆ ਜਾ ਸਕਦਾ ਹੈ।
ਦਰਅਸਲ, ਜਦੋਂ ਪ੍ਰਸਿੱਧ ਵਾਤਾਵਰਨ ਕਾਰਕੁੰਨ ਗ੍ਰੇਟਾ ਥਨਬਰਗ ਤੇ ਪੌਪ ਸਿੰਗਰ ਰਿਹਾਨਾ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਸੀ ਤਾਂ ਜ਼ਿਆਦਾਤਰ ਬਾਲੀਵੁੱਡ ਹਸਤੀਆਂ ਤੇ ਕ੍ਰਿਕਟ ਸਿਤਾਰੇ ਸਰਕਾਰ ਦੇ ਹੱਕ ਵਿੱਚ ਭੁਗਤੇ ਸੀ। ਉਦੋਂ ਬੱਬੂ ਮਾਨ, ਰਣਜੀਤ ਬਾਵਾ ਸਮੇਤ ਕਈ ਪੰਜਾਬੀ ਗਾਇਕਾਂ ਨੇ ਬਾਲੀਵੁੱਡ ਦਾ ਬਾਈਕਾਟ ਕਰਨ ਦੇ ਬਿਆਨ ਵੀ ਦਿੱਤੇ ਸੀ।