Punjab

ਵੋਟਾਂ ਦੇ ਨੇੜੇ ਪੁੱਠੀ ਪੈ ਗਈ ਬਾਜ਼ੀ, ਬਹਿਬਲ ਗੋਲੀ ਕਾਂਡ ਦੇ ਪੀੜਤਾਂ ਨੇ ਹਾਈਕੋਰਟ ਮੂਹਰੇ ਕੈਪਟਨ ਨੂੰ ਦਿੱਤੀ ਤਿੱਖੀ ਚੇਤਾਵਨੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਹਿਬਲ ਕਲਾਂ ਕਾਂਡ ਮਾਮਲੇ ਵਿੱਚ ਹਾਈਕੋਰਟ ਨੇ SIT ਦੀ ਰਿਪੋਰਟ ਨੂੰ ਇਹ ਟਿੱਪਣੀ ਕਰਦਿਆਂ ਖਾਰਜ ਕੀਤਾ ਹੈ ਕਿ ਇਸ ਰਿਪੋਰਟ ਵਿੱਚ ਬਹੁਤ ਕਮੀਆਂ ਹਨ। ਗੋਲੀਕਾਂਡ ਦੇ ਸ਼ਿਕਾਰ ਹੋਏ ਬਹਿਬਲ ਕਲਾਂ ਦੇ ਕਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਨੇ ਅੱਜ ਚੰਡੀਗੜ੍ਹ ਹਾਈਕੋਰਟ ਦੇ ਮੂਹਰੇ ਖੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਕੈਪਟਨ ਸਰਕਾਰ ਨੂੰ ਸਪਸ਼ਟ ਚੇਤਾਵਨੀ ਦਿੱਤੀ ਹੈ। ਇਸ ਮੌਕੇ ਖਾਲਸ ਟੀਵੀ ਨਾਲ ਖਾਸ ਤੌਰ ‘ਤੇ ਗੱਲ ਕਰਦਿਆਂ ਸ਼ਹੀਦ ਦੇ ਬੇਟੇ ਸੁਖਰਾਜ ਨੇ ਕਿਹਾ ਕਿ ਇਹ ਫੈਸਲਾ ਨਹੀਂ, ਸਮਝੌਤਾ ਹੈ। ਇਸ ਫੈਸਲੇ ਦੇ 10 ਦਿਨ ਬਾਅਦ ਵੀ ਜਜਮੈਂਟ ਦੀ ਕਾਪੀ ਨਹੀਂ ਮਿਲਣੀ, ਹੈਰਾਨ ਕਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਿਆਂਪ੍ਰਣਾਲੀ ਤੋਂ ਕਿਸੇ ਵੀ ਤਰ੍ਹਾਂ ਦੀ ਆਸ ਦੀ ਉਮੀਦ ਨਹੀਂ ਰਹੀ ਹੈ। ਨਿਆਂ ਪ੍ਰਣਾਲੀ ਸਿਰਫ ਜੁਬਾਨੀ ਕਲਾਮੀ ਫੈਸਲੇ ਕਰ ਰਹੀ ਹੈ।


ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਿਆਸੀ ਪਾਰਟੀਆਂ ਬੇਅਦਬੀਆਂ ਦੇ ਮਾਮਲੇ ‘ਤੇ ਸਿਰਫ ਸਿਆਸੀ ਰੋਟੀਆਂ ਸੇਕ ਰਹੀਆਂ ਹਨ ਤੇ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਹਮਾਇਤ ਕਰਨ ਦੇ ਬਿਆਨ ਜਾਰੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਈ.ਜੀ ਕੁੰਵਰ ਵਿਜੇ ਪ੍ਰਤਾਪ ਨੇ ਬਹੁਤ ਹੀ ਇਮਾਨਦਾਰੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਸੀ, ਰਿਪੋਰਟ ਖਾਰਜ ਹੋਣ ਨਾਲ ਉਨ੍ਹਾਂ ਦੇ ਦਿਲ ਨੂੰ ਵੀ ਧੱਕਾ ਲੱਗਾ ਹੈ ਤੇ ਸੂਬਾ ਸਰਕਾਰ ਨੂੰ ਦਿੱਤਾ ਇਹ ਅਸਤੀਫਾ ਸਰਕਾਰ ਦੇ ਮੂੰਹ ‘ਤੇ ਚਪੇੜ ਹੈ।


ਉਨ੍ਹਾਂ ਦੋਸ਼ ਲਾਇਆ ਕਿ ਹਾਈਕੋਰਟ ਨੇ ਇਹ ਫੈਸਲਾ ਸਮਝੌਤੇ ਤਹਿਤ ਦੋਸ਼ੀਆਂ ਨਾਲ ਰਲ ਮਿਲ ਕੇ ਦਿਤਾ ਗਿਆ ਹੈ। ਸੁਖਰਾਜ ਨੇ ਕਿਹਾ ਕਿ ਅਸੀਂ ਅੱਗੇ ਕੋਈ ਕੇਸ ਲੜਨ ਦੀ ਇੱਛਾ ਨਹੀਂ ਰੱਖ ਰਹੇ ਹਾਂ, ਸਾਡਾ ਇਸ ਫੈਸਲੇ ਨੇ ਜੁਡੀਸ਼ਰੀ ਤੋਂ ਭਰੋਸਾ ਚੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਹੁੰਦੀਆਂ ਇਨ੍ਹਾਂ ਬੇਅਦਬੀਆਂ ਖਿਲਾਫ ਆਵਾਜ ਚੁੱਕਾਂਗੇ ਤੇ ਲੋਕਾਂ ਨੂੰ ਇਨ੍ਹਾਂ ਦੇ ਖਿਲਾਫ ਜਾਗਰੂਕ ਕਰਾਂਗੇ।

Comments are closed.